ਇਲਾਹੀ ਪ੍ਰੇਮ ਦਾ ਸਿਖ਼ਰ
“Unending torrential tears of Love of my beloved son (Dipty) do not let them dry up”.
ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪੱਕੇ ਸੇਵਕ ਸਨ । ਉਨ੍ਹਾਂ ਦੇ ਅਥਰੂ ਬਾਬਾ ਜੀ ਲਈ ਪ੍ਰੇਮ ਅਤੇ ਸ਼ਰਧਾ ਭਾਵਨਾ ਨੂੰ ਪ੍ਰਸਤੁਤ ਕਰਦੇ ਸਨ । ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਅਥਰੂਆਂ ਦੀ ਇਕ ਨਦੀ ਵਹਿੰਦੀ ਸੀ । ਉਹ ਇਨ੍ਹਾਂ ਹੰਝੂਆਂ ਨਾਲ ਬਾਬਾ ਜੀ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਵਾਉਂਦੇ ਸਨ । ਉਹ ਰੂਹਾਨੀ ਆਨੰਦ ਵਿੱਚ ਬੱਚਿਆਂ ਵਾਂਗ ਵਿਰਲਾਪ ਕਰਦੇ ਰਹਿੰਦੇ ਸਨ ।
ਇਸ ਨਾਲ ਉਨ੍ਹਾਂ ਦਾ ਆਪਣਾ ਦਿਲ ਹੀ ਨਹੀਂ, ਸਗੋਂ ਵੈਰਾਗ ਨਾਲ ਹੋਰ ਸਤਿਸੰਗੀਆਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗਣ ਲੱਗ ਪੈਂਦੇ ਸਨ । ਇਹ ਵੈਰਾਗ ਦੀ ਅਵਸਥਾ ਤੇ ਇਲਾਹੀ ਪ੍ਰੇਮ ਦਾ ਸਿਖਰ ਸੀ । ਉਨ੍ਹਾਂ ਦਾ ਪ੍ਰੇਮ ਅਤੇ ਸ਼ਰਧਾ ਭਾਵਨਾ ਵੇਖ ਕੇ ਮਾਲਕ ਦਾ ਦਿਲ ਇੰਨਾ ਕੋਮਲ ਹੋ ਜਾਂਦਾ ਸੀ ਕਿ ਉਹ ਆਪ ਵੀ ਆਪਣੇ ਪਿਆਰੇ ਪੁੱਤਰ ਦਾ ਹੰਝੂਆਂ ਨਾਲ ਇਸ਼ਨਾਨ ਕਰਾ ਦਿੰਦੇ ਸਨ । ਪ੍ਰੇਮੀ ਜਨ ਅਤੇ ਪ੍ਰਭੂ-ਪ੍ਰੀਤਮ ਦੇ ਇਸ ਆਪਸੀ ਪ੍ਰੇਮ ਵਿੱਚ ਹਾਜ਼ਰ ਸਤਿਸੰਗੀਆਂ ਨੂੰ ਬਾਬਾ ਜੀ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਸੀ । ਸਾਡੇ ਵਰਗੇ ਕਈ ਭਾਗਾਂ ਵਾਲੇ ਇਸ ਇਲਾਹੀ ਖੇਡ ਦੇ ਪ੍ਰਤੱਖ ਦਰਸ਼ਨ ਵੀ ਕਰ ਲੈਂਦੇ ਸਨ।
4 ਮਾਰਚ 1980 ਦਾ ਦਿਨ ਸੀ, ਨਾਸ਼ਤੇ ਦਾ ਵਕਤ ਸੀ, ਪਿਤਾ ਜੀ ਸਾਡੇ ਮਕਾਨ (ਨੰ: 203 ਸੈਕਟਰ 33 ਏ ਚੰਡੀਗੜ੍ਹ) ਦੇ ਬਾਹਰ ਗੈਰਾਜ ਦੇ ਸਾਹਮਣੇ ਖੁਲ੍ਹੀ ਥਾਂ ਬੈਠੇ ਹੋਏ ਸਨ । ਸਰਦਾਰ ਭਗਵੰਤ ਸਿੰਘ ਜੀ ਏਅਰ ਫੋਰਸ ਵਾਲਿਆਂ ਦਾ ਪੁਤਰ ਕਮਲਜੀਤ ਸਿੰਘ, ਜੋ ਉਸ ਵੇਲੇ ਪਿਤਾ ਜੀ ਦਾ ਨਿੱਜੀ ਸੇਵਾਦਾਰ ਸੀ, ਪਿਤਾ ਜੀ ਨੂੰ ਨਾਸ਼ਤਾ ਕਰਾਉਂਦਾ ਹੁੰਦਾ ਸੀ । ਪਿਤਾ ਜੀ 5-6 ਘੰਟੇ ਭਜਨ-ਸਿਮਰਨ ਕਰਨ ਬਾਅਦ ਕਮਰੇ ਵਿੱਚੋਂ ਨਿਕਲੇ ਸਨ । ਅਚਾਨਕ ਉਨ੍ਹਾਂ ਦੀ ਸੁਰਤ ਫਿਰ ਜੁੜ ਗਈ । ਨਦੀ ਵਾਂਗ ਵਗਦੇ ਪਵਿੱਤਰ ਅਥਰੂਆਂ ਨਾਲ ਉਨ੍ਹਾਂ ਨੇ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਦਾ ਇਸ਼ਨਾਨ ਕਰਵਾਉਂਣਾ ਸ਼ੁਰੂ ਕਰ ਦਿੱਤਾ, ਇਹ ਉਨ੍ਹਾਂ ਦਾ ਨਿਤਨੇਮ ਸੀ ।
ਪ੍ਰੇਮ ਦੀ ਇਹ ਵਿਚਿਤ੍ਰ ਨਦੀ ਉਨ੍ਹਾਂ ਦੀ ਸ਼ਾਂਤ ਆਤਮਾ ਦੀਆਂ ਡੁੰਘਿਆਈਆਂ ਵਿੱਚੋਂ ਪਰਮ ਆਤਮਾ ਵੱਲ ਵਹਿੰਦੀ ਸੀ। ਇਹ ਪ੍ਰਕ੍ਰਿਆ ਨਿਰਤੰਰ ਸੀ ਅਤੇ ਇਹ ਨਦੀ ਕਦੇ ਸੁੱਕੀ ਨਹੀਂ ਸੀ। ਬਾਬਾ ਜੀ ਨੇ ਉਨ੍ਹਾਂ ਨੂੰ ਪ੍ਰਬਲ ਪ੍ਰੇਮ ਦਾ ਅਮੁੱਕ ਖਜ਼ਾਨਾ ਬਖਸ਼ਿਆ ਹੋਇਆ ਸੀ । ਪਰਮ ਆਨੰਦ ਦੀ ਅਵਸਥਾ ਸਮੇਂ ਇਸ ਕੀਮਤੀ ਖਜ਼ਾਨੇ ਵਿੱਚੋਂ ਉਨ੍ਹਾਂ ਦੇ ਪਵਿੱਤਰ ਹੰਝੂਆਂ ਦੇ ਕੀਮਤੀ ਮੋਤੀ ਵਗਦੇ ਸਨ । ਵਿਛੋੜੇ ਦਾ ਦਰਦ ਸਹਾਰਿਆ ਨਹੀਂ ਜਾ ਸਕਦਾ ਸੀ । ਇਸੇ ਤਰਸਯੋਗ ਪ੍ਰੇਮ ਅਵਸਥਾ ਵਿੱਚ ਉਹ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਦੀਵਾਨੇ ਹੋ ਜਾਂਦੇ ਸਨ । ਉਨ੍ਹਾਂ ਦੀ ਸਮੁੱਚੀ-ਉਮੰਗ, ਸਿਮਰਨ ਅਤੇ ਬੰਦਗੀ ਸਭ ਕੁਝ ਬਾਬਾ ਜੀ ਦੇ ਚਰਨ ਕਮਲ ਹੀ ਸਨ । ਬਾਬਾ ਜੀ ਕੋਈ ਆਮ ਹਸਤੀ ਨਹੀ ਸੀ । ਆਪ ਸਰਬਵਿਆਪਕ ਸਤਿ ਸਰੂਪ, ਸਚਾਈ ਅਤੇ ਰੂਹਾਨੀ ਸ਼ਕਤੀ ਸਨ। ਅੱਖੀਆਂ ਵਿੱਚੋਂ ਹੰਝੂਆਂ ਦੇ ਵਹਿਣ ਨਾਲ ਉਨ੍ਹਾਂ ਦੇ ਕੱਪੜੇ ਭਿੱਜ ਜਾਂਦੇ ਸਨ ਪਰ ਇਸ ਦਿਨ ਅਸੀਂ ਕੁੱਝ ਵੱਖਰਾ ਹੀ ਕੌਤਕ ਵੇਖਿਆ। ਹੰਝੂਆਂ ਦੇ ਵਗਣ ਨਾਲ ਨਾ ਕੇਵਲ ਉਨ੍ਹਾਂ ਦੇ ਕੱਪੜੇ ਹੀ ਭਿੱਜ ਗਏ ਸਨ, ਸਗੋਂ ਇਸ ਵਾਰ ਉਨ੍ਹਾਂ ਦੀ ਦਸਤਾਰ (ਪਗੜੀ) ਵੀ ਪੂਰੀ ਤਰ੍ਹਾਂ ਭਿੱਜ ਗਈ ਸੀ।
ਇਸ ਦਿਨ ਬਾਬਾ ਨੰਦ ਸਿੰਘ ਜੀ ਮਹਾਰਾਜ ਇਲਾਹੀ ਪ੍ਰੇਮ ਦੇ ਹੜ੍ਹ ਨੂੰ ਆਪਣੇ ਅੰਦਰ ਜਰ ਨਾ ਸਕੇ, ਉਨ੍ਹਾਂ ਨੇ ਆਪਣੇ ਪਿਆਰੇ ਸੇਵਕ ਦੀ ਦਸਤਾਰ ਦਾ ਹੀ ਨਹੀਂ ਬਲਕਿ ਉਸ ਦੇ ਸਾਰੇ ਜਿਸਮ ਦਾ ਆਪਣੇ ਪਵਿੱਤਰ ਹੰਝੂਆਂ ਨਾਲ ਇਸ਼ਨਾਨ ਕਰਾ ਦਿੱਤਾ । ਭਾਵੇਂ ਬਾਬਾ ਨੰਦ ਸਿੰਘ ਸਾਹਿਬ 1943 ਵਿੱਚ ਸਰੀਰਕ ਤੌਰ ਤੇ ਅਲੋਪ ਹੋ ਗਏ ਸਨ ਪਰ ਇਹ ਉਨ੍ਹਾਂ ਦੀ ਸਰਵਵਿਆਪਕ ਹੋਂਦ ਦਾ ਠੋਸ ਤੇ ਚਟਾਨ ਵਰਗਾ ਪੱਕਾ ਸਬੂਤ ਹੈ । ਬਾਬਾ ਜੀ ਆਪਣੇ ਸ਼ਰਧਾਲੂਆਂ ਦਾ ਕਰਜ਼ਾ ਬਹੁਤ ਨਿਰਾਲੇ ਚੋਜਾਂ ਰਾਹੀਂ ਲਾਹੁੰਦੇ ਹਨ । ਮੇਰੇ ਬਾਬਾ ਜੀ ਦੇ ਚੋਜ ਨਿਆਰੇ ਹਨ ।
ਭਾਈ ਮਤੀ ਦਾਸ ਜੀ ਦੀ ਤੀਬਰ ਇੱਛਾ ਆਪਣੇ ਆਖ਼ਰੀ ਸੁਆਸਾਂ ਤੱਕ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਰਹਿਣ ਦੀ ਸੀ । ਮੇਰੇ ਸਤਿਕਾਰਯੋਗ ਪਿਤਾ ਜੀ ਦੀ ਰੂਹਾਨੀ ਇੱਛਾ ਆਪਣੀ ਜ਼ਿੰਦਗੀ ਦੇ ਆਖ਼ਰੀ ਪੱਲ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਪਿਆਰੇ ਪ੍ਰੀਤਮ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਨੂਰਾਨੀ ਦਰਸ਼ਨ ਕਰਦੇ ਰਹਿਣ ਦੀ ਸੀ ।
ਪਿਤਾ ਜੀ ਦੇ ਅੰਦਰੋਂ ਭਗਤੀ ਭਾਵਨਾਵਾਂ, ਤਰੰਗਾਂ ਅਤੇ ਝਰਨਾਟਾਂ ਹੰਝੂਆਂ ਦੀ ਨਦੀ ਬਣਕੇ ਬਾਹਰ ਆਉਂਦੀਆਂ ਸਨ ਅਤੇ ਉਹ ਰੋਜ਼ਾਨਾ ਨੇਮ ਨਾਲ ਪਿਆਰੇ ਬਾਬਾ ਜੀ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਵਾਉਂਦੇ ਸਨ, ਇਹ ਕਿੰਨਾ ਨਿਰਾਲਾ ਨਿਤਨੇਮ ਸੀ । ਉਨ੍ਹਾਂ ਨੇ ਆਪਣੇ ਆਖ਼ਰੀ ਦਿਨ ਤੱਕ ਇਸ ਨਿਤਨੇਮ ਨੂੰ ਪੂਰੀ ਤਰ੍ਹਾਂ ਨਿਭਾਇਆ । ਜਦੋਂ ਪਿਤਾ ਜੀ ਆਪਣੇ ਹੰਝੂਆਂ ਨਾਲ ਬਾਬਾ ਜੀ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਵਾਉਂਦੇ ਸੀ ਤਾਂ ਬਾਬਾ ਜੀ ਵੀ ਆਪਣੇ ਪਿਆਰੇ ਸੇਵਕ ਦਾ (ਪਿਆਰ ਭਰੇ ਸਮੁੰਦਰ ਵਿੱਚੋਂ) ਆਪਣੇ ਹੰਝੂਆਂ ਨਾਲ ਇਸ਼ਨਾਨ ਕਰਾ ਦਿੰਦੇ ।
ਮੇਰੀ ਛੋਟੀ ਭੈਣ, ਬੀਬੀ ਭੋਲਾਂ ਰਾਣੀ, ਮੇਰੀ ਸਭ ਤੋਂ ਵੱਡੀ ਭੈਣ ਬੀਬੀ ਅਜੀਤ ਕੌਰ ਅਤੇ ਕਮਲਜੀਤ ਸਿੰਘ ਨੇ ਸਾਡੇ ਸਤਿਕਾਰਯੋਗ ਪਿਤਾ ਜੀ ਦੀ ਉਹ ਪਵਿੱਤਰ ਦਸਤਾਰ ਬਹੁਤ ਸੰਭਾਲ ਕੇ ਰੱਖੀ ਹੋਈ ਹੈ ਜਿਹੜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਹੰਝੂਆਂ ਨਾਲ ਭਿੱਜ ਗਈ ਸੀ ।
ਇਸ ਨਿਰਾਲੇ ਪ੍ਰੇਮ ਦਾ ਸਿਖਰ ਵੀ ਆਤਮਕ ਹਿਲੋਰਾ ਦੇਣ ਵਾਲਾ ਸੀ । ਪੂਜਯ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਲੇ ਅਤੇ ਉਨ੍ਹਾਂ ਦੀ ਮਿਹਰ-ਦ੍ਰਿਸ਼ਟੀ ਅਤੇ ਹਜ਼ੂਰੀ ਦਾ ਆਨੰਦ ਮਾਨਣ ਵਾਲੇ ਦੱਸਦੇ ਹਨ ਕਿ ਬਾਬਾ ਜੀ ਦੇ ਪਵਿੱਤਰ ਚਰਨ ਕਮਲ ਅਤੇ ਜੁਰਾਬਾਂ ਸਦਾ ਭਿੱਜੀਆਂ ਹੀ ਰਹਿੰਦੀਆਂ ਸਨ। ਇਕ ਵਾਰ ਉਨ੍ਹਾਂ ਨੂੰ ਬਹੁਤ ਨਿਮਰਤਾ ਨਾਲ ਪੁੱਛਿਆ ਸੀ ਤਾਂ ਬਾਬਾ ਜੀ ਨੇ ਬੜੇ ਭਾਵੁਕ ਹੋ ਕੇ ਕਿਹਾ ਸੀ, ਮੇਰੇ ਪਿਆਰੇ ਪੁੱਤਰ (ਡਿਪਟੀ) ਦੇ ਪ੍ਰੇਮ ਦੇ ਹੰਝੂਆਂ ਦੀ ਨਿਰੰਤਰ ਛਹਿਬਰ ਇਨ੍ਹਾਂ ਨੂੰ ਸੁੱਕਣ ਹੀ ਨਹੀਂ ਦਿੰਦੀ ।”
ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਸ੍ਰੀ ਗੁਰੂ ਨਾਨਕ ਸਾਹਿਬ ਅਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਪਿਛਲੇ ਡੂੰਘੇ ਤੇ ਪੱਕੇ ਜੁਗਾਂ ਜੁਗਾਂ ਦੇ ਸੰਬੰਧ ਪ੍ਰਕਾਸ਼ਤ ਹੋਣ ਤੋਂ ਬਾਦ ਇਹ ਪ੍ਰੇਮ ਦਾ ਅਨੋਖਾ ਖੇਡ ਕਈ ਵਾਰ ਉਨ੍ਹਾਂ ਸੰਬੰਧੀ ਵੀ ਵਾਪਰਿਆ ਦੇਖਿਆ ।
ਪੂਜਯ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਫੁਰਮਾਇਆ ਸੀ ਕਿ ਪੁੱਤਰ ਤੇਰੇ ਇਹ ਹੰਝੂ ਬਹਿਸ਼ਤਾਂ ਦੇ ਕੀਮਤੀ ਹੀਰੇ-ਜਵਾਹਰਾਤ ਮੋਤੀ ਹਨ । ਸਾਰੇ ਸੰਸਾਰ ਦੇ ਪਾਪ ਤੇਰੇ ਦੋ ਹੰਝੂਆਂ ਨਾਲ ਧੋਤੇ ਜਾ ਸਕਦੇ ਹਨ । ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਨ੍ਹਾਂ ਨੇ ਅਥਰੂਆਂ ਦੇ ਇਸ ਕੀਮਤੀ ਹਥਿਆਰ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਜਿੱਤ ਲਿਆ ਸੀ ।