ਸੁਰਨਰ, ਮੁਨਜਨ ਦੇਵਤੇ ਤੇਰਾ ਚਰਨ ਅੰਮ੍ਰਿਤ ਮੰਗ ਰਹੇ ਨੇ

Humbly request you to share with all you know on the planet!

ਉਸ 'ਜਨ' ਦੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਭੇਜਦੇ ਹਨ ਉਸਦੀ ਸਿਫ਼ਤ ਸਲਾਹ ਹੋ ਰਹੀ ਹੈ। ਉਹ ਜਨ ਜਿਸ ਨੂੰ ਇਸ ਕਲਿਜੁਗ ਦੇ ਵਿੱਚ ਇਸ ਤਰ੍ਹਾਂ ਦਾ ਰੰਗ ਲਗਿਆ ਹੋਵੇ ਉਹਦੇ ਚਰਨਾਂ ਦੀ ਧੂੜ ਦੀ ਮਹਾਨਤਾ ਕੀ ਹੈ ? ਜਿਸ ਤਰ੍ਹਾਂ ਪਿਤਾ ਜੀ ਨਾਲ ਉਹ ਚੀਜ਼ ਵਰਤੀ ਹੈ ਆਪ ਦੇ ਨਾਲ ਸਾਂਝੀ ਕਰਦਾ ਹਾਂ।
ਇਕ ਦਫ਼ਾ ਪਿਤਾ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਦਰਸ਼ਨ ਕਰਨ ਗਏ। ਪਿਤਾ ਜੀ ਜਿਸ ਵਕਤ ਵੀ ਖ਼ਬਰ ਭੇਜਦੇ ਸੀ ਬਾਬਾ ਜੀ ਉਸੇ ਵੇਲੇ ਅੰਦਰ ਬੁਲਾ ਲੈਂਦੇ ਸੀ। ਬਾਬਾ ਨੰਦ ਸਿੰਘ ਸਾਹਿਬ ਨੇ ਅੰਦਰ ਬੁਲਵਾ ਲਿਆ। ਜਾ ਕੇ ਕੀ ਦੇਖਿਆ ਕਿ ਉੱਥੇ ਹਜ਼ੂਰੀਆ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਦਾ ਇਸ਼ਨਾਨ ਕਰਾTੁਂਣ ਲਗਾ ਹੈ। ਇਕ ਤਿਰਮਚੀ ਕੋਲ ਪਈ ਸੀ ਤੇ ਮੋਢੇ ਤੇ ਤੌਲੀਆ ਸੀ। ਜਦੋਂ ਹੀ ਪਿਤਾ ਜੀ ਨੇ ਦੇਖਿਆ ਉਦੋਂ ਹੀ ਗਿੜਗਿੜਾ ਕੇ ਇਕ ਬੇਨਤੀ ਕੀਤੀ, ਇਕ ਅਰਜੋਈ ਕੀਤੀ ਕਿ ਹੇ ਗਰੀਬ ਨਿਵਾਜ ! ਇਹ ਸੇਵਾ ਆਪਣੇ ਇਸ ਕੁੱਤੇ ਨੂੰ ਬਖਸ਼ ਦਿਓ। ਬਾਬਾ ਜੀ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ ਅਤੇ ਫਿਰ ਉਹ ਆਗਿਆ ਦਿੱਤੀ। ਪਿਤਾ ਜੀ ਨੇ ਆਪਣੇ ਕੰਬਦੇ ਹੱਥਾਂ ਨਾਲ ਉਹ ਤਿਰਮਚੀ ਚੁੱਕ ਕੇ ਅਗੇ ਕਰਕੇ, ਉਨ੍ਹਾਂ ਦਾ ਇਕ ਚਰਨ ਪਹਿਲੋਂ ਚੁੱਕ ਕੇ ਤਿਰਮਚੀ ਵਿੱਚ ਰੱਖਿਆ ਫਿਰ ਦੂਜਾ ਚਰਨ ਰੱਖਿਆ  ਅਤੇ ਫਿਰ ਕੰਬਦੇ ਹੱਥਾਂ ਨਾਲ ਬਾਬਾ ਜੀ ਦੇ ਚਰਨ ਚੰਗੀ ਤਰ੍ਹਾਂ ਮਲ-ਮਲ ਕੇ       ਧੋਤੇ।
ਜਦੋਂ ਇਸ਼ਨਾਨ ਕਰਵਾ ਲਿਆ ਤੇ ਹਜੂਰੀਏ ਨੇ ਉਹ ਤੋਲੀਆ ਅੱਗੇ ਕਰ ਦਿੱਤਾ। ਪਿਤਾ ਜੀ ਨੇ ਫਿਰ ਚਰਨ ਵਿੱਚੋਂ ਕੱਢ ਕੇ ਤੋਲੀਏ ਨਾਲ ਪੂੰਝੇ ਤੇ ਉਹ ਤੋਲੀਆ ਹਜ਼ੂਰੀਏ ਨੇ ਵਾਪਿਸ ਲੈ ਲਿਆ। ਉਹਦੇ ਬਾਅਦ ਹਜ਼ੂਰੀਏ ਨੇ ਕਿਹਾ ਕਿ ਤੁਸੀਂ ਇਹ ਜਿਹੜਾ ਜਲ ਹੈ ਚੁਕ ਕੇ ਬਾਹਰ ਘਾਹ ਦੇ ਉੱਤੇ ਪਾ ਦਿਓ।
ਪਿਤਾ ਜੀ ਨੇ ਉਹ ਤਿਰਮਚੀ ਚੁੱਕੀ ਹੈ ਅਤੇ ਬਾਹਰ ਲੈ ਗਏ, ਘਾਹ ਦੇ ਕੋਲ ਖੜ੍ਹੇ ਹਨ, ਤਿਰਮਚੀ ਹੱਥ ਵਿੱਚ ਹੈ ਹੁਣ ਜਿਸ ਤਰ੍ਹਾਂ ਜਨਮਾਂ-ਜਨਮਾਂ ਦੀ ਪਿਆਸ ਲੱਗੀ ਹੁੰਦੀ ਹੈ, ਇੱਕੋ ਤਾਂ ਪਿਆਸ ਲੱਗੀ ਹੋਈ ਸੀ ਉਸ ਵੇਲੇ ਉਹ ਚਰਨਾਂਮ੍ਰਿਤ ਸਾਹਮਣੇ ਸੀ। ਪਿਤਾ ਜੀ ਨੇ ਰੱਜ ਕੇ ਉਹ ਚਰਨਾਂਮ੍ਰਿਤ ਪੀਤਾ। ਤਿਰਮਚੀ ਆਪਣੇ ਸੀਨੇ ਨਾਲ ਲਾ ਕੇ ਉਹਦੇ ਵਿੱਚੋਂ ਬੁੱਕਾਂ ਭਰ-ਭਰ ਕੇ ਸੀਸ ਤੇ ਪਾਇਆ, ਦਾੜ੍ਹੇ ਤੇ ਪਾਇਆ, ਮੁੱਖ ਤੇ ਪਾਇਆ, ਫਿਰ ਵੀ ਉਹ ਤਿਰਮਚੀ ਵਡੀ ਸੀ ਉਹਦੇ ਵਿੱਚ ਕਾਫ਼ੀ ਜਲ ਬੱਚ ਗਿਆ।
ਹੁਣ ਪਿਤਾ ਜੀ ਉਸ ਜਲ ਨੂੰ ਘਾਹ ਦੇ ਉੱਤੇ ਪਾਉਣ ਲੱਗੇ। ਪਿਤਾ ਜੀ ਨੇ ਉਹ ਤਿਰਮਚੀ ਘਾਹ ਦੇ ਉੱਤੇ ਉਲਟਾ ਦਿੱਤੀ ਤਾਂ ਦੇਖਿਆ ਕਿ ਜਲ ਗਿਰਿਆ ਹੀ ਕੋਈ ਨਹੀਂ, ਜਲ ਕਾਫ਼ੀ ਸੀ ਪਰ ਘਾਹ ਦੇ ਉੱਤੇ ਗਿਰਿਆ ਕੋਈ ਨਹੀਂ। ਪਿਤਾ ਜੀ ਬੜ੍ਹੇ ਹੈਰਾਨ ਅਤੇ ਇੰਨੀ ਦੇਰ ਨੂੰ ਇਕ ਦ੍ਰਿਸ਼ਟਾਂਤ ਦੇਖਦੇ ਹਨ ਅਤੇ ਉੱਥੇ ਉਹ ਦ੍ਰਿਸ਼ਟਾਂਤ ਖੁੱਲੀਆਂ ਅੱਖਾਂ ਵਿੱਚ ਦੇਖ ਰਹੇ ਹਨ। ਕਹਿੰਦੇ ਦੇਖਿਆ ਕੀ ਕਿ ਜਲ ਗਿਆ ਕਿੱਥੇ ? ਉਸ      ਵੇਲੇ ਫਿਰ ਅਨਗਿਣਤ ਦਰਗਾਹੀ ਹਸਤੀਆਂ ਦੇ ਦਰਸ਼ਨ ਹੋਏ। ਬੇਸ਼ੁਮਾਰ, ਅਨਗਿਣਤ ਹਸਤੀਆਂ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਉਹ ਪਿਆਸ ਦੇਖੀ, ਉਹ ਤਰਸ ਰਹੇ ਸੀ ਉਸ ਚਰਨਾਂਮ੍ਰਿਤ ਦੀ, ਉਸ ਆਬੇਹਯਾਤ ਦੀ ਇਕ-ਇਕ ਬੂੰਦ ਵਾਸਤੇ।
ਪਿਤਾ ਜੀ ਨੇ ਦੇਖਿਆ ਕਿ ਜਨਮਾਂ-ਜਨਮਾਂ ਦੀ, ਜੁਗਾਂ-ਜੁਗਾਂ ਦੀ ਇਨ੍ਹਾਂ ਰਿਸ਼ੀਆਂ ਤੇ ਤੱਪਸਵੀਆਂ ਨੂੰੰ ਪਿਆਸ ਕਿਸ ਚੀਜ਼ ਦੀ ਹੈ? ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂਮ੍ਰਿਤ ਦੀ, ਉਸ ਦਾ ਇਕ ਵੀ ਕਤਰਾ ਥੱਲੇ ਨਹੀਂ ਗਿਰਨ ਦਿੱਤਾ। ਇਉਂ ਲੱਗੇ ਕਿ ਇਹ ਤਾਂ ਇਸ ਸ੍ਰਿਸ਼ਟੀ ਦੇ ਰਿਸ਼ੀ ਤੱਪਸਵੀ ਨਹੀਂ ਹਨ, ਇਹ ਤਾਂ ਜੁਗਾਂ-ਜੁਗਾਂ ਦੇ ਹਨ। ਪਿਤਾ ਜੀ ਕਹਿਣ ਲੱਗੇ ਜਦੋਂ ਮੈਂ ਉਨ੍ਹਾਂ ਦੀ ਬਹੁਤਾਤ ਦੇਖੀ ਕਿ ਕਿੰਨੇ ਜਨੇਂ? ਕਹਿਣ ਲੱਗੇ, ਮੈੰਨੂੰ ਇਹ ਖ਼ਿਆਲ ਹੈ ਕਿ ਉਹ ਇੱਕਲੇ ਇਕ ਖੰਡ-ਬ੍ਰਹਿਮੰਡ ਦੇ ਨਹੀਂ ਸੀ, ਉਹ ਤਾਂ ਪਤਾ ਨਹੀਂ ਕਿੰਨੇ ਖੰਡਾਂ-ਬ੍ਰਹਿਮੰਡਾਂ ਦੇ ਰਿਸ਼ੀ ਉੱਥੇ ਮੌਜੂਦ ਸਨ। ਕਹਿੰਦੇ, ਉਸ ਵੇਲੇ ਇਕ ਚੀਜ਼ ਅਨੁਭਵ ਹੋਈ ਕਿ,
ਜਿਸ ਤਰ੍ਹਾਂ ਇਕ ਬਬੀਹਾ (ਚਾਤ੍ਰਿਕ) ਸਵਾਂਤੀ ਬੂੰਦ ਵਾਸਤੇ ਤਰਸਦਾ ਹੈ ਅਤੇ ਇਸ ਧਰਤੀ ਤੇ ਤਰਸ ਰਿਹਾ ਹੈ ਜਿਸ ਧਰਤੀ ਤੇ ਬੇਇੰਤਹਾ ਚਸ਼ਮੇ ਹਨ, ਦਰਿਆਂ ਹਨ, ਨਦੀਆਂ ਹਨ, ਤੀਰਥ ਹਨ। ਪਰ ਉਸ ਨੂੰ ਇਕ ਬੂੰਦ ਤੀਰਥ ਦੀ ਨਹੀਂ ਚਾਹੀਦੀ, ਇਕ ਬੂੰਦ ਉਸਨੂੰ ਕਿਸੇ ਨਦੀ, ਕਿਸੇ ਚਸ਼ਮੇ ਦੀ ਨਹੀਂ ਚਾਹੀਦੀ। ਉਹ ਸਿਰਫ਼ ਪਿਆਸਾ ਹੈ ਉਸ ਬੂੰਦ ਦਾ ਜਿਸ ਨੂੰ ਸਵਾਂਤੀ ਬੂੰਦ ਕਹਿੰਦੇ ਹਨ। ਉਹ ਤਰਸ ਰਹੇ ਸੀ ਸਾਰੇ, ਕਿਹੜੀ ਬੂੰਦ          ਵਾਸਤੇ, ਕਿਸ ਆਬੇਹਯਾਤ ਦੇ ਕਤਰੇ ਵਾਸਤੇ? ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂਮ੍ਰਿਤ ਵਾਸਤੇ। ਪਿਤਾ ਜੀ ਉਸ  ਵੇਲੇ ਸਭ ਕੁਝ ਦੇਖ ਕੇ ਦਿਲ ਵਿੱਚ ਬੜਾ ਰੋਏ। ਜਿਸ ਤਰ੍ਹਾਂ ਉਹ ਚਰਨਾਂਮ੍ਰਿਤ ਪੀਤਾ ਸੀ, ਕਹਿਣ ਲੱਗੇ ਉਸ ਵੇਲੇ ਉਹ ਚਰਨਾਂਮ੍ਰਿਤ ਅੰਦਰ ਕੀ ਗਿਆ ਹੈ, ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲ ਹੀ ਮੇਰੇ ਮਨ ਅਤੇ ਹਿਰਦੇ ਵਿੱਚ ਜਾ ਕੇ ਸਮਾ ਗਏ ਹਨ, ਉੱਥੇ ਹੀ ਉਹ ਚਰਨਾਂਮ੍ਰਿਤ ਟਿੱਕ ਗਿਆ ਹੈ। ਇਕ ਚੀਜ਼ ਤਾਂ ਉਸ ਵੇਲੇ ਇਉਂ ਮਹਿਸੂਸ ਹੋਈ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਵੇਲੇ ਉਹ ਜਿਹੜੀ ਕਿਰਪਾ ਕੀਤੀ ਹੈ, ਉਹ ਇਕੱਲੇ ਮਨ ਅਤੇ ਹਿਰਦੇ ਵਿੱਚ ਹੀ ਨਹੀਂ ਬਲਕਿ ਅੰਤਰਆਤਮੇ ਵਿੱਚ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲ ਜਾ ਕੇ ਸਮਾ ਗਏ ਹਨ।
ਸਾਧ ਸੰਗਤ ਜੀ, ਜੋ ਪਿਤਾ ਜੀ ਦੀ ਉਸ ਵੇਲੇ ਹਾਲਤ ਸੀ, ਜੋ ਉਨ੍ਹਾਂ ਨੇ ਬਾਅਦ ਵਿੱਚ ਪਸ਼ਚਾਤਾਪ ਕੀਤਾ ਹੈ ਕਿ ਬਾਬਾ ਨੰਦ ਸਿੰਘ ਸਾਹਿਬ ਦੇ ਇਸ ਕੁੱਤੇ ਨੇ ਤੌਲੀਆ ਲੈ ਕੇ ਚਰਨ ਸਾਫ਼ ਕੀਤੇ ਹਨ। ਫਿਰ  ਜਿਹੜੀ ਉਹ ਪ੍ਰੇਮ ਦੀ ਅੰਮ੍ਰਿਤ ਧਾਰਾ ਸੀ, ਹੰਝੂਆਂ ਦੀ ਅੰਮ੍ਰਿਤ ਧਾਰਾ ਵਿੱਚ ਵਹਿੰਦੀ ਸੀ। ਫਿਰ ਪਿਤਾ ਜੀ ਸਾਰੀ ਉਮਰ, ਆਖਰੀ ਦਿਨ ਤਕ ਆਪਣੀ ਉਸ ਅੰਮ੍ਰਿਤ ਧਾਰਾ ਨਾਲ, ਪ੍ਰੇਮ ਅੰਮ੍ਰਿਤ ਧਾਰਾ ਨਾਲ ਰੋਜ਼ ਹੀ ਚਰਨ ਧੋ ਕੇ ਫਿਰ ਇਕ ਪਾਲਤੂ ਕੁੱਤੇ ਦੀ ਤਰ੍ਹਾਂ ਉਹ ਚਰਨ ਕਮਲਾਂ ਨੂੰ ਆਪਣੀ ਜੀਭ ਨਾਲ ਚੱਟ ਕੇ ਸਾਫ਼ ਕਰਦੇ ਰਹੇ। ਕੀ ਮਜਾਲ ਹੈ ਕਦੇ ਤੌਲੀਏ ਦਾ ਸੋਚਿਆ ਵੀ ਹੋਵੇ। ਬਾਬਾ ਨੰਦ ਸਿੰਘ ਸਾਹਿਬ ਦੇ ਚਰਨ  ਕਮਲਾਂ ਦਾ ਜੋ ਪਿਤਾ ਜੀ ਨਾਲ ਵਾਪਰਿਆ ਹੈ, ਜੋ ਰੋਜ਼ ਉਨ੍ਹਾਂ ਨਾਲ ਖੇਡ ਹੋਏ ਹਨ। ਸਾਧ ਸੰਗਤ ਜੀ ਉਹ ਵੀ ਆਪ ਨਾਲ ਸਾਂਝੇ ਕਰਾਂਗਾ।
ਤਪੀ ਤਪੀਸਰ ਆਪਣਾ ਆਪਾ,
ਤੇਰੇ ਰੰਗ ਵਿੱਚ ਰੰਗ ਰਹੇ ਨੇ।
ਕਈ ਫਰਿਸ਼ਤੇ ਤੇਰੇ ਦਰ ਤੋਂ,
ਜੂਠੇ ਟੁਕੜੇ ਮੰਗ ਰਹੇ ਨੇ।
ਸੁਰਨਰ ਮੁਨਜਨ ਦੇਵਤੇ ਤੇਰਾ,
ਚਰਨਾਂਮ੍ਰਿਤ ਮੰਗ ਰਹੇ ਨੇ।

ਵਾਹ ਵਾਹ ਬਾਬਾ ਨੰਦ ਸਿੰਘ ਜੀ,
ਤੇਰਾ ਆਉਣਾ ਨਿਆਰਾ।  
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ,
ਆਪਣਾ ਜੀਵਨ ਸਾਰਾ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ, ਦੇਵਤੇ ਗਾਉਂਦੇ,
ਗਾਉਂਦੀ ਕੁਲ ਖ਼ੁਦਾਈ।