ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ

Humbly request you to share with all you know on the planet!

ਗੁਰੂ ਨਾਨਕ ਪਾਤਸ਼ਾਹ ਇਕ ਲੰਬੀ ਉਦਾਸੀ ਤੋਂ ਬਾਅਦ ਪਰਤੇ । ਬਾਬਾ ਸ੍ਰੀ ਚੰਦ ਜੀ ਮਹਾਰਾਜ ਆਪਣੇ ਨਿਰੰਕਾਰ ਪਿਤਾ ਦੇ ਚਰਨਾਂ ਵਿੱਚ ਇਕ ਨਿਮਰਤਾ ਸਾਹਿਤ ਭੇਂਟ ਰੱਖਦੇ ਹਨ, ਅਰਪਨ ਕਰਦੇ ਹਨ । ਇਕ ਆਰਤਾ ਸਾਹਿਬ ਨੇ ਆਪ ਲਿਖਿਆ, ਆਪਣੇ ਨਿਰੰਕਾਰ ਪਿਤਾ ਦੇ ਚਰਨਾਂ ਵਿੱਚ ਰੱਖਿਆ । ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਆਪ ਫਿਰ ਸੁਣਾਂਦੇ ਹਨ । ਆਰਤਾ ਪੜ੍ਹ ਕੇ ਸੁਣਾਇਆ ਗੁਰੂ ਨਾਨਕ ਪਾਤਸ਼ਾਹ ਬਹੁਤ ਪ੍ਰਸੰਨ ਹੋਏ । ਨਿਰੰਕਾਰ ਪਿਤਾ ਆਪਣੇ ਸਪੁੱਤਰ ਨੂੰ ਬਹੁਤ ਪਿਆਰ ਬਖਸ਼ਦੇ ਹਨ ਅਤੇ ਬੜੇ ਵਰ ਦਿੱਤੇ ।

ਸਾਧ ਸੰਗਤ ਜੀ ਉਹ ਆਰਤਾ ਕੀ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਉਸਤੱਤ ਦੇ ਵਿੱਚ ਬਾਬਾ ਸ੍ਰੀ ਚੰਦ ਸਾਹਿਬ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰਿਆ ਅਤੇ ਫਿਰ ਨਿਰੰਕਾਰ ਪਿਤਾ ਨੂੰ ਪ੍ਰਸੰਨ ਕੀਤਾ । ਗੁਰੂ ਨਾਨਕ ਸਾਹਿਬ ਨੇ ਫਿਰ ਕਮਾਲ ਦੇ ਵਰ ਬਖਸ਼ੇ । ਸਾਧ ਸੰਗਤ ਜੀ ਪਹਿਲੋਂ ਤਾਂ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਉਨ੍ਹਾਂ ਦੇ ਚਰਨ-ਕਮਲਾਂ ਵਿੱਚ ਬੈਠ ਕੇ ਇਕਾਗਰਚਿੱਤ ਹੋ ਕੇ ਉਹ ਆਰਤੇ ਵਿੱਚ ਸ਼ਾਮਿਲ ਹੋਈਏ ।

ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨਸ਼ਾਹ ਕਾ ॥

ਚਾਰ ਕੁੰਟ ਜਾਕੀ ਧਰਮਸਾਲਾ॥
ਸੰਗਤ ਗਾਵੈ ਸ਼ਬਦ ਰਸਾਲਾ॥
ਕੋਟ ਦੇਵੀ ਜਾਕੀ ਜੋਤ ਜਗਾਵੈ ॥
ਕੋਟ ਤੇਤੀਸ ਜਾਕੀ ਉਸਤਤਿ ਗਾਵੈ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥

ਛਿਨਵੇ ਕ੍ਰੋੜਿ ਜਾਕੇ ਚਰਨ ਪਖਾਰੈ॥
ਚੰਦਿ ਸੂਰਜ ਜਾਕੀ ਜੋਤਿ ਉਜਾਲੇ॥
ਭਾਰਿ ਅਠਾਰਹਿ ਜਾਕੀ ਪੁਹੁਪ ਕੀ ਮਾਲਾ॥
ਪਰਮ ਜੋਤਿ ਸਤਿਗੁਰ ਦੀਨ ਦਯਾਲਾ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਪਵਨ ਰਇ ਜਾਕਉ ਚਵਰ ਝੁਲਾਵੈ॥
ਰਿਖਿ ਮੁਨੀ ਜਾਕਉ ਧਿਆਨ ਲਗਾਵੈ॥
ਪੰਜ ਪ੍ਰਵਾਨ ਹੈ ਸਤਿਗੁਰੁ ਪੂਰਾ ॥
ਬਾਜੇ ਸ਼ਬਦ ਅਨਾਹਦ ਤੂਰਾ ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥

ਘੰਟਾ ਬਾਜੇ ਧੁੰਨ ਓਅੰਕਾਰਾ ॥
ਅਧਰ ਅਖੰਡ ਜਾਕੋ ਝਿਲਮਿਲ ਕਾਰਾ ॥
ਸਤਿਨਾਮ ਹੈ ਸੋਹੰਸਾਰਾ ॥
ਨਾਨਕ ਨਾਮੁ ਸੰਤਨ ਆਧਾਰਾ ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥
ਸ੍ਰੀ ਚੰਦ ਬਖਾਨੈ ਸਤਿਗੁਰੂ ਨਾਨਕ ਪੂਤਾ ॥
ਅਗਮ ਅਗਾਧ ਅਡੋਲ ਅਵਧੂਤਾ ॥
ਜੋ ਜਨ ਨਾਨਕ ਸ਼ਾਹ ਕਾ ਆਰਤਾ ਗਾਵੈ॥
ਬਸੈ ਬੈਕੁੰਠ ਪਰਮ ਗਤ ਪਾਵੈ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨ ਸ਼ਾਹ ਕਾ ॥

ਸਰਨ ਪਰੇ ਕੀ ਰਾਖ ਦਿਆਲਾ ॥
ਨਾਨਕ ਤੁਮਰੇ ਬਾਲ ਗੁਪਾਲਾ ॥
ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ ॥
ਹਰਿ ਹਰਿ ਦੀਨ ਦੁਨੀਆਂ ਕੇ ਸ਼ਹਿਨਸ਼ਾਹ ਕਾ ॥

ਨਿਰੰਕਾਰ ਪਿਤਾ ਨੇ ਬਾਬਾ ਸ੍ਰੀ ਚੰਦ ਮਹਾਰਾਜ ਦਾ ਆਰਤਾ ਸੁਣਿਆ। ਬਹੁਤ ਪ੍ਰਸੰਨ ਹੋਏ, ਬਹੁਤ ਪਿਆਰ ਬਖਸ਼ਿਆ। ਆਪਣੇ ਸਾਹਿਬਜ਼ਾਦੇ ਨਾਲ ਬਹੁਤ ਪਿਆਰ ਕੀਤਾ, ਬੜੇ ਵਰ ਦਿੱਤੇ । ਸਾਧ ਸੰਗਤ ਜੀ ਐਸਾ ਲਾਸਾਨੀ ਆਰਤਾ ਜਿਸ ਦੀ ਕੋਈ ਹੋਰ ਮਿਸਾਲ ਨਹੀਂ।

ਬਾਬਾ ਸ੍ਰੀ ਚੰਦ ਜੀ ਮਹਾਰਾਜ ਇਸ ਆਰਤੇ ਦੇ ਵਿੱਚ ਕਈ ਚੀਜਾਂ ਪੜ੍ਹਦੇ ਹਨ । ਉਨ੍ਹਾਂ ਦੇ ਸਿਦਕ ਦਾ, ਉਨ੍ਹਾਂ ਦੀ ਸ਼ਰਧਾ ਦਾ, ਉਹ ਅੰਮ੍ਰਿਤ ਇਸ ਆਰਤੇ ਦੇ ਵਿੱਚ ਵਗ ਰਿਹਾ ਹੈ । ਬਾਬਾ ਸ੍ਰੀ ਚੰਦ ਜੀ ਇਸ ਆਰਤੇ ਦੇ ਵਿੱਚ ਇਹ ਸਪੱਸ਼ਟ ਕਰ ਰਹੇ ਹਨ ਕਿ ਉਨ੍ਹਾਂ ਦੇ ਗੁਰੂ ਨਾਨਕ ਪਿਤਾ ਹੀ ਨਿਰੰਕਾਰ ਹਨ, ਉਹੀ ਪਰਮਜੋਤ ਹਨ, ਉਨ੍ਹਾਂ ਦੇ ਸਤਿਗੁਰੂ ਹਨ ।

ਸਾਧ ਸੰਗਤ ਜੀ ਐਸੇ ਨਿਰੰਕਾਰ ਪਿਤਾ ਦਾ ਆਰਤਾ, ਉਸ ਕਾਦਰ ਸਰੂਪ, ਨਿਰੰਕਾਰ ਸਰੂਪ ਪਿਤਾ ਦਾ ਆਰਤਾ ਇਹ ਸਾਰੀ ਕੁਦਰਤ ਕਰ ਰਹੀ ਹੈ, ਇਹ ਸਾਰਾ ਬ੍ਰਹਮੰਡ ਕਰ ਰਿਹਾ ਹੈ । ਸੂਰਜ ਅਤੇ ਚੰਦ ਉਸ ਆਰਤੇ ਦੇ ਵਿੱਚ ਜੋਤਾਂ ਦਾ ਕੰਮ ਕਰ ਰਹੇ ਹਨ । ਪਵਨ ਰਾਇ ਨਿਰੰਕਾਰ ਨੂੰ ਚੌਰ ਕਰ ਰਹੇ ਹਨ । ਤੇਤੀਸ ਕਰੋੜ ਦੇਵਤੇ ਉਨ੍ਹਾਂ ਦੀ ਉਸਤੱਤ ਕਰ ਰਹੇ ਹਨ, ਇਹ ਸਾਰਾ ਬ੍ਰਹਮੰਡ ਹੀ ਕਰ ਰਿਹਾ ਹੈ। ਜਿੰਨੇ ਰਿਖੀ ਮੁਨੀ ਹਨ ਸਭ ਉਸੇ ਨਿਰੰਕਾਰ ਪਿਤਾ ਦਾ ਹੀ ਧਿਆਨ ਲਾਈ ਬੈਠੇ ਹਨ । ਬਾਬਾ ਸ੍ਰੀ ਚੰਦ ਸਾਹਿਬ ਉਸ ਆਰਤੇ ਦੇ ਵਿੱਚ ਸਭ ਸਪੱਸ਼ਟ ਕਰ ਦੇਂਦੇ ਹਨ ।

ਗੁਰੂ ਨਾਨਕ ਪਾਤਸ਼ਾਹ ਦੇ ਇਸ ਨੂਰ ਅਤੇ ਪ੍ਰਕਾਸ਼ ਨੇ (ਜਿੱਥੇ ਵੀ ਗਏ ਹਨ) ਗੁਰੂ ਨਾਨਕ ਪਾਤਸ਼ਾਹ ਦਾ ਨੂਰ ਅਤੇ ਪ੍ਰਕਾਸ਼ ਕੋਨੇ-ਕੋਨੇ ਵਿੱਚ ਫੈਲਾ ਦਿੱਤਾ । ਉਸ ਪ੍ਰਕਾਸ਼ ਦੀ ਜਿਹੜੀ ਠੰਡਕ ਸੀ ਜਿੱਥੇ ਤਸ਼ਰੀਫ ਲੈ ਗਏ ਹਨ, ਉੱਥੇ ਹੀ ਕਮਾਲ ਕਰ ਦਿੱਤੀ । ਉਨ੍ਹਾਂ ਦਾ ਨਾਮ ਸਾਰੀ ਦੁਨੀਆਂ ਵਿੱਚ ਫੈਲਾਇਆ । ਉਸ ਪ੍ਰਕਾਸ਼ ਨੂੰ ਫੈਲਾਇਆ, ਜਿੱਥੇ ਵੀ, ਜਿਨ੍ਹਾਂ ਨਾਲ ਵੀ ਗੱਲ ਬਾਤ ਹੋਈ ਉਹ ਧੰਨ ਧੰਨ ਗੁਰੂ ਨਾਨਕ ਕਹਿ ਬੈਠੇ । ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਜੋ ਸਤਿਕਾਰ ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਚਸ਼ਮੇਨੂਰ ਦਾ ਕੀਤਾ ਹੈ, ਇਸ ਨੂਰ ਅਤੇ ਪ੍ਰਕਾਸ਼ ਦਾ ਕੀਤਾ ਹੈ ਉਹ ਵਾਹ-ਵਾਹ ਉਹ ਧੰਨ ਹੈ ।
ਤੈਨੂੰ ਖਬਰ ਹੈ ਪੱਤੇ ਪੱਤੇ ਦੀ
ਤੇਰੇ ਹੁਕਮ 'ਚ ਗੁਲਸ਼ਨ ਸਾਰਾ ਏ ।
ਤੇਰਾ ਇਕ ਇਕ ਬੋਲ ਬਾਬਾ ਸ੍ਰੀ ਚੰਦ ਜੀ
ਅੰਮ੍ਰਿਤ ਦੀ ਮਿਠੜੀ ਧਾਰਾ ਏ।
ਬਾਬਾ ਜੀ ਪੂਜ ਸ੍ਰੀ ਚੰਦ ਗੁਰੂ ਨਾਨਕ ਕੋਲੋ ਵੱਖ ਨਹੀ।
ਗੁਰੂ ਨਾਨਕ ਉਨ੍ਹਾਂ ਤੋ ਵੱਖ ਨਹੀ
ਸਾਡੀ ਵੇਖਣ ਵਾਲੀ ਅੱਖ ਨਹੀ ।
ਇਹ ਰਮਜ਼ਾ ਡਾਡੀਆਂ ਗੁਝੀਆਂ ਨੇ,
ਕੁਝ ਸਮਝ ਲੈ ਕੁਝ ਜਾਣ ਲੈ ।
ਗੁਰੂ ਨਾਨਕ ਦਾਤਾ ਬਖਸ਼ ਲੈ ।
ਬਾਬਾ ਨਾਨਕ ਬਖਸ਼ ਲੈ ।
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥