ਸਤਿਗੁਰੂ ਆਪਣੇ ਪਿਆਰੇ ਨੂੰ ਕਿਉਂ ਰੁਵਾਂਦਾ ਹੈ, ਕਿਉਂ ਤੜਪਾਂਦਾ ਹੈ?
ਅੱਜ ਬਾਬਾ ਨੰਦ ਸਿੰਘ ਸਾਹਿਬ ਦਾ ਦਿਨ ਮਨਾ ਰਹੇ ਹਾਂ| ਜਿਨ੍ਹਾਂ ਨੇ ਸਾਰੀ ਉਮਰ ਉਸ ਰੋਣ ਦੇ ਵਿੱਚ ਗੁਜ਼ਾਰੀ ਹੈ| ਜਿਸ ਕਰਕੇ ਅੱਜ ਅਸੀਂ ਬੈਠੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ| ਇਹ ਰੋਣਾ ਯਾਦ ਕਿਉਂ ਆਉਂਦਾ ਹੈ?
ਅਸੀਂ ਪਿਤਾ ਜੀ ਦੇ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਅਸਥਾਨ ਤੇ ਸਲਾਨਾ ਸਮਾਗਮ ਤੇ ਜਾਣਾ| ਜਿਸ ਵਕਤ ਸਲਾਮੀ ਦੇਂਦੇ ਸਨ, ਆਪਣੇ ਮਾਲਕ ਨੂੰ ਸੱਦ ਮਾਰਦੇ ਸਨ, ਫਿਰ ਪਿਤਾ ਜੀ ਸ਼ੁਰੂ ਹੀ ਇਸ ਤਰ੍ਹਾਂ ਕਰਦੇ ਸਨ-
ਤੇਰੇ ਦਰ ਦਾ ਕੁੱਤਾ,
ਆਪਣੇ ਦੋਵੇਂ ਹੱਥ ਸੰਗਤ ਵੱਲ ਕਰਕੇ ਕਹਿਣਾ ਕਿ-
ਤੇਰੇ ਕੁੱਤਿਆਂ ਦਾ ਕੁੱਤਾ,
ਤੇਰੇ ਕਾਲੂ ਕੁੱਤੇ ਦਾ ਵੀ ਕੁੱਤਾ,
ਸੱਚੇ ਪਾਤਸ਼ਾਹ! ਗਰੀਬ ਨਿਵਾਜ਼! ਇਹ ਜੀਅ ਨਹੀਂ ਸਕਦਾ,
ਇਸ ਕਰਕੇ ਆਪਣੇ ਮਾਲਕ ਕੋਲੋਂ ਆਪਣੇ ਮਾਲਕ ਨੂੰ ਹੀ ਮੰਗਦਾ ਹੈ|
ਉਹ ਭੁੱਬਾਂ ਕਿਉਂ ਯਾਦ ਆਉਂਦੀਆਂ ਹਨ? ਜਦੋਂ ਪਿਤਾ ਜੀ ਬਾਬਾ ਨੰਦ ਸਿੰਘ ਸਾਹਿਬ ਨਾਲ ਗੱਲ ਕਰਦੇ ਹੋਏ ਰੋਂਦੇ ਸਨ|
ਕਹਿਣਾ-
ਇਹ ਨਹੀਂ ਜੀਅ ਸਕਦਾ ਆਪਣੇ ਮਾਲਕ ਬਗੈਰ, ਆਪਣੇ ਮਾਲਕ ਨੂੰ ਹੀ ਮੰਗਦਾ ਹੈ|
ਇਹ ਕੁੱਤਾ ਆਪਣੇ ਮਾਲਕ ਨੂੰ, ਬਾਬਾ ਨੰਦ ਸਿੰਘ ਸਾਹਿਬ ਕੋਲੋਂ ਬਾਬਾ ਨੰਦ ਸਿੰਘ ਸਾਹਿਬ ਨੂੰ ਹੀ ਮੰਗਦਾ ਹੈ|
ਜਿਸ ਵਕਤ ਵੈਰਾਗ ਵਿੱਚ ਪਿਤਾ ਜੀ ਨੇ ਇਹ ਕਹਿਣਾ ਤਾਂ ਸੰਗਤ ਦੀਆਂ ਭੁੱਬਾਂ ਨਿਕਲ ਜਾਣੀਆਂ| ਫਿਰ ਉਸੇ ਤਰ੍ਹਾਂ ਹੀ ਜਦੋਂ ਬਾਬਾ ਨੰਦ ਸਿੰਘ ਸਾਹਿਬ ਵਿਛੋੜਾ ਦੇ ਗਏ ਹਨ ਪਿੰਡਾਂ ਦੇ ਪਿੰਡ ਆ ਕੇ ਭੁੱਬਾਂ ਮਾਰਕੇ ਰੋ ਰਹੇ ਸਨ| ਇਹ ਉਹੀ ਬਾਬਾ ਨੰਦ ਸਿੰਘ ਸਾਹਿਬ ਹਨ ਜਿਨ੍ਹਾਂ ਨੇ ਗੁਰੂ ਨਾਨਕ ਨਿਰੰਕਾਰ ਨੂੰ ਪ੍ਰਗਟ ਕਰਕੇ ਪ੍ਰਤੱਖ ਸਾਹਮਣੇ ਬਿਠਾ ਲਿਆ| ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਰੰਕਾਰ ਦੀ ਜਾਗਦੀ ਜੋਤ ਨੂੰ ਪ੍ਰਗਟ ਕੀਤਾ ਹੈ| ਪ੍ਰਤੱਖ ਕੋਲ ਬਿਠਾ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ| ਉਸ ਤੜਪ ਵਿੱਚ ਜਿਹੜਾ ਜੀਵਨ ਕੱਟਿਆ ਹੈ ਉਹ ਕਮਾਲ ਹੈ| ਚਾਰੇ ਜੁਗਾਂ ਵਿੱਚ ਕੋਈ ਇਕ ਮਿਸਾਲ ਨਹੀਂ ਜਿੱਥੇ ਨਿਰੰਕਾਰ ਨੂੰ ਪ੍ਰਤੱਖ ਬਿਠਾ ਲਿਆ ਹੋਵੇ ਅਤੇ ਬਿਠਾ ਕੇ ਪ੍ਰਤੱਖ ਸੇਵਾ ਕੀਤੀ ਹੋਵੇ| ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਗਦੀ-ਜੋਤ ਜਗਾ ਦਿੱਤੀ ਹੋਵੇ ਅਤੇ ਫਿਰ ਜਗਦੀ ਰੱਖੀ ਹੋਵੇ|
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਮਹਾਂ ਪਰਲੈ ਤੋਂ ਬਾਅਦ ਇਹ 144ਵਾਂ ਜੁਗ ਚਲ ਰਿਹਾ ਹੈ, ਇਹ ਚਾਰ ਜੁਗਾਂ ਦਾ 36ਵਾਂ ਚੱਕਰ ਹੈ| ਇਹ ਕਲਿਜੁਗ ਜਿਹੜਾ ਹੈ ਇਹ 36ਵਾਂ ਚੱਕਰ ਹੈ| 144 ਜੁਗਾਂ ਵਿੱਚ ਬਾਬਾ ਨੰਦ ਸਿੰਘ ਸਾਹਿਬ ਵਰਗੀ ਇਕ ਵੀ ਮਿਸਾਲ ਨਹੀਂ ਜਿਸਨੇ ਨਿਰੰਕਾਰ ਨੂੰ ਪ੍ਰਤੱਖ ਕਰਕੇ ਬਿਠਾਇਆ ਹੋਵੇ| ਜੇ ਅੱਜ ਵੀ ਬਾਬਾ ਨੰਦ ਸਿੰਘ ਸਾਹਿਬ ਦਾ ਇਹ ਦਿਨ ਰੋ ਕੇ ਨਾ ਮਨਾਇਆ ਤਾਂ ਮੇਰੇ ਵਰਗੇ ਦੀ ਇਸ ਦੁਨੀਆਂ ਵਿੱਚ ਤਾਂ ਕੋਈ ਥਾਂ ਨਹੀਂ ਹੈ|
ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕੀ ਫੁਰਮਾ ਰਹੇ ਹਨ-
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ||
ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਪਿਆਰ ਵਿੱਚ ਇੰਨਾ ਰੋਏ ਅਤੇ ਤੜਪੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਨੂੰ ਦਸ ਦਿੱਤਾ ਕਿ ਸਾਨੂੰ ਰੋਣਾ ਅਤੇ ਤੜਪਣਾ ਹੀ ਸਭ ਤੋਂ ਜ਼ਿਆਦਾ ਚੰਗਾ ਲਗਦਾ ਹੈ| ਫਿਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਜਿਨ੍ਹਾਂ ਦੀ ਇੰਨੀ ਅਧੇੜ ਉਮਰ ਹੈ ਉਨ੍ਹਾਂ ਨੂੰ ਕਿਉਂ ਇੰਨਾ ਤੜਪਾਇਆ? ਕਿਸ ਪਿਆਰ ਦੇ ਵਿੱਚ ਜਿਹੜਾ ਸਤਿਕਾਰ ਉਹ ਲਈ ਬੈਠੇ ਹਨ ਕਿ ਇਸ਼ਨਾਨ ਦਾ ਜਲ ਲੈਣ ਵਾਸਤੇ ਪੁੱਠੇ ਪੈਰੀਂ ਜਾ ਰਹੇ ਹਨ| ਸਾਹਿਬ ਕਿਸ ਅਧੇੜ ਉਮਰ ਵਿੱਚ ਇਸ਼ਨਾਨ ਦਾ ਜਲ ਲੈਣ ਵਾਸਤੇ ਪੁੱਠੇ ਪੈਰੀਂ ਜਾ ਰਹੇ ਹਨ!
ਇਹ ਸੋਚਣ ਵਾਲੀ ਗੱਲ ਹੈ ਕਿ ਉਹ ਤੜਪਾਉਂਦਾ ਕਿਉਂ ਹੈ?
ਬਾਰਾਂ ਸਾਲ ਤੜਪਾਉਂਣਾ ਕੋਈ ਛੋਟੀ ਗੱਲ ਨਹੀਂ ਹੈ| ਬਾਰਾਂ ਸਾਲ ਦੀ ਸੇਵਾ ਬਾਅਦ ਜਦੋਂ ਉਸ ਵੇਲੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਇਸ਼ਨਾਨ ਦਾ ਜਲ ਲੈਕੇ ਆਏ ਹਨ ਤਾਂ ਅੱਗੋਂ ਗੁਰੂ ਅੰਗਦ ਸਾਹਿਬ ਪੁੱਛ ਰਹੇ ਹਨ ਕਿ ਪੁਰਖਾ ਜੀ ਅੱਜ ਦੇਰ ਕਰ ਦਿੱਤੀ ਹੈ| (ਕਿਉਂਕਿ ਜੁਲਾਹੇ ਦੀ ਖੱਡੀ ਵਿੱਚ ਡਿਗਣ ਕਾਰਨ ਲੇਟ ਹੋ ਗਏ ਸੀ) ਸੱਚੇ ਪਾਤਸ਼ਾਹ ਰੋ ਕੇ ਕਹਿ ਰਹੇ ਹਨ ਕਿ ਗਰੀਬ ਨਿਵਾਜ਼ ਭੁੱਲ ਹੋ ਗਈ ਮੁੜ ਕੇ ਨਹੀਂ ਹੋਵੇਗੀ ਪਰ ਇਕ ਲਫ਼ਜ ਨਹੀਂ ਕਿਹਾ ਕਿ ਇਹ ਵਜ੍ਹਾ ਕਰਕੇ ਦੇਰ ਹੋਈ ਹੈ|
ਜਦੋਂ ਤੀਜੀ ਵਾਰੀ ਪੁੱਛਿਆ ਤਾਂ ਉਸ ਵੇਲੇ ਉਨ੍ਹਾਂ ਨੂੰ ਫੜ੍ਹ ਕੇ ਉਸੇ ਚੌਕੀ ਤੇ ਬਿਠਾ ਲਿਆ ਜਿੱਥੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਨੂੰ ਬਿਠਾ ਕੇ ਇਸ਼ਨਾਨ ਕਰਵਾਉਂਦੇ ਸਨ| ਗੁਰੂ ਅਮਰਦਾਸ ਜੀ ਕੰਬਦੇ ਹੋਏ ਚੌਕੀ ਤੇ ਬੈਠ ਗਏ| ਜਿਸ ਵਕਤ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਵਾਉਣ ਵਾਸਤੇ ਗੁਰੂ ਅੰਗਦ ਸਾਹਿਬ ਨੇ ਉਨ੍ਹਾਂ ਦੀ ਦਸਤਾਰ ਉਤਾਰੀ ਹੈ ਤਾਂ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਚੋਂ ਹੰਝੂ ਬਹਿ ਰਹੇ ਸਨ ਜਿਸ ਤਰ੍ਹਾਂ ਇਕ ਅੰਮ੍ਰਿਤ ਦੀ ਧਾਰਾ ਇਕ ਸਮੁੰਦਰ ਤੋਂ ਵਹਿ ਰਹੀ ਹੋਵੇ| ਜਦੋਂ ਗੁਰੂ ਅਮਰਦਾਸ ਜੀ ਦਾ ਸਾਰਾ ਇਸ਼ਨਾਨ ਕਰਵਾ ਲਿਆ ਤਾਂ ਫਿਰ ਉਨ੍ਹਾਂ ਦੇ ਚਰਨ ਫੜ ਲਏ| ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਆਪਣੇ ਹੰਝੂਆਂ ਦੀ ਅੰਮ੍ਰਿਤ ਧਾਰਾ ਨਾਲ ਇਸ਼ਨਾਨ ਕਰਵਾ ਕੇ ਫਿਰ ਗੁਰੂ ਅੰਗਦ ਸਾਹਿਬ ਚਰਨਾਂ ਤੇ ਮਸਤਕ ਰਖਕੇ ਉਨ੍ਹਾਂ ਨੂੰ ਬਾਰਾਂ ਸਾਲ ਤੜਪਾਉਣ ਤੋਂ ਬਾਅਦ ਫੁਰਮਾ ਕੀ ਰਹੇ ਹਨ-
ਬਾਰਾਂ ਵਰ ਦੇ ਕੇ ਇਹੀ ਫੁਰਮਾ ਰਹੇ ਹਨ ਕਿ ਤੁਸੀਂ ਧੰਨ ਹੋ, ਤੁਸੀਂ ਧੰਨ ਹੋ|
ਸਾਧ ਸੰਗਤ ਜੀ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਕੀ ਹਾਲਤ ਹੋਈ ਹੋਣੀ ਹੈ! ਜਿਨ੍ਹਾਂ ਨੂੰ ਉਨ੍ਹਾਂ ਦੇ ਸਤਿਗੁਰੂ ਨੇ ਬਾਰਾਂ ਸਾਲ ਤੜਪਾਇਆ ਤੇ ਫਿਰ ਕਿਸ ਗੱਲ ਤੇ ਖੁਸ਼ ਹੋਏ ਹਨ! ਉਸ ਵਕਤ ਪਤਾ ਲਗਿਆ ਕਿ ਸਤਿਗੁਰੂ ਕਿਉਂ ਰੁਵਾਂਦਾ ਹੈ, ਕਿਉਂ ਤੜਪਾਂਦਾ ਹੈ|
ਬਾਬਾ ਨਾਨਕ ਬਖਸ਼ ਲੈ॥