ਪੰਜ ਸਾਲ ਦੀ ਉਮਰ ਵਿੱਚ ਮੌਤ ਦੇ ਮੂੰਹ ਤੇ ਸਮਾਧੀ
ਪੰਜ ਸਾਲ ਦੀ ਆਯੂ ਵਿੱਚ ਬਾਬਾ ਨੰਦ ਸਿੰਘ ਸਾਹਿਬ, ਇੰਨੀ ਛੋਟੀ ਆਯੂ ਵਿੱਚ ਕਿਹੜੇ ਪ੍ਰੇਮ ਵਿੱਚ ਇੰਨਾ ਤੜਪ ਰਹੇ ਹਨ। ਇਹ ਕਿਸ ਤੀਬਰਤਾ ਨਾਲ ਆਪਣੇ ਪਰਮ ਲਕਸ਼ ਵੱਲ ਭੱਜੇ ਜਾ ਰਹੇ ਹਨ। ਰਾਤ ਨੂੰ ਖੂਹ ਉੱਤੇ, ਮੌਤ ਦੇ ਮੂੰਹ ਤੇ ਸਮਾਧੀ ਲਾ ਕੇ ਬੈਠ ਜਾਂਦੇ ਹਨ। ਸਾਧ ਸੰਗਤ ਜੀ ਇਹ ਕੋਈ ਨਵੀਂ ਗੱਲ ਨਹੀ ਹੈ।
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥
ਸ੍ਰੀ ਗੁਰੂ ਰਾਮਦਾਸ ਜੀ
- ਜੇ ਇਕ ਬੱਚਾ (ਧਰੂ) ਪੰਜ ਸਾਲ ਦੀ ਉਮਰ ਵਿੱਚ ਜੰਗਲ ਵਿੱਚ ਮੌਤ ਦੇ ਮੂੰਹ ਵਿੱਚ ਤੁਰ ਪਿਆ ਸੀ, ਮੌਤ ਦੀ ਧੇਲੇ ਦੀ ਪਰਵਾਹ ਨਹੀਂ ਕੀਤੀ।
- ਪ੍ਰਹਲਾਦ ਭਗਤ ਉਹ ਵੀ ਪੰਜ ਸਾਲ ਦੀ ਉਮਰ ਵਿੱਚ ਮੌਤ ਦੀ ਪਰਵਾਹ ਨਹੀਂ ਕਰ ਰਿਹਾ।
ਬਾਬਾ ਨੰਦ ਸਿੰਘ ਸਾਹਿਬ, ਇਹ ਪੰਜ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲ ਪਿਆਰ ਕਰਦੇ ਹਨ ਅਤੇ ਜੇ ਪੁੱਛਿਆ ਹੈ ਕਿ ਜ਼ਰ੍ਹਾਂ ਕੁ ਨੀਂਦ ਦਾ ਝੌਂਕਾ ਆ ਜਾਵੇ ਤੇ ਖੂਹ ਵਿੱਚ ਡਿੱਗਣ ਵਾਲੀ ਗੱਲ ਹੈ।
ਅੱਗੋਂ ਜੁਵਾਬ ਦਿੱਦੇ ਹਨ-
ਜੇ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਵਿੱਚ ਨੀਂਦ ਆ ਜਾਵੇ ਤੇ ਫਿਰ ਤਾਂ ਖੂਹ ਵਿੱਚ ਡਿੱਗ ਕੇ ਮਰਨਾ ਜ਼ਿਆਦਾ ਚੰਗਾ ਹੈ।
ਇਹ ਕਿਸ ਤਰ੍ਹਾਂ ਦਾ ਪ੍ਰੇਮ ਹੈ ਜੋ ਇਹ ਪੰਜ ਸਾਲ ਦਾ ਬੱਚਾ, ਗੁਰੂ ਨਾਨਕ ਪਾਤਸ਼ਾਹ ਦਾ ਭੇਜਿਆ ਹੋਇਆ ਪੈਦਾਇਸ਼ੀ ਭਗਤ, ਗੁਰਮੁਖ ਉਸ ਵੇਲੇ ਪ੍ਰੇਮ ਕਰ ਰਿਹਾ ਹੈ। ਕਿਹੜੀ ਲੀਲ੍ਹਾ ਇਹ ਰੱਚ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਵਿੱਚ।
ਸਾਧ ਸੰਗਤ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦੁਨੀਆਂ ਵਿੱਚ ਕਿਸੇ ਨੇ ਵੀ ਸਾਰੀ ਉਮਰ ਬਾਬਾ ਨੰਦ ਸਿੰਘ ਸਾਹਿਬ ਨੂੰ ਸੁੱਤਿਆਂ ਨਹੀਂ ਦੇਖਿਆ।
ਗੁਰਬਾਣੀ ਵਿੱਚ ਲਿਖਿਆ ਹੈ ਅਸੀਂ ਪੜ੍ਹਦੇ ਹਾਂ, "ਬ੍ਰਹਮ ਗਿਆਨੀ ਸਦਾ ਸਦ ਜਾਗਤ" ਪਰ ਜਿਹੜਾ ਪ੍ਰੇਮ ਦੇ ਵਿੱਚ ਤੜਪ ਰਿਹਾ ਹੋਵੇ ਉਹ ਕਦੇ ਸੋਂ ਨਹੀਂ ਸਕਦਾ।
ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਆਪਣੇ ਸਾਹਿਬ ਵਾਸਤੇ, ਆਪਣੇ ਪਿਆਰੇ ਸਤਿਗੁਰੂ ਵਾਸਤੇ ਇਸ਼ਨਾਨ ਦਾ ਜਲ ਲਿਆਉਂਦੇ ਹਨ। ਕੀ ਸਖ਼ਤ ਗਰਮੀ ਹੈ, ਕੀ ਸਖ਼ਤ ਸਰਦੀ ਹੈ ਪੁੱਠੇ ਪੈਰੀ ਤੁਰੀ ਜਾ ਰਹੇ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
ਇਕੁ ਤਿਲੁ ਪਿਆਰਾ ਵਿਸਰੈ
ਭਗਤਿ ਕਿਨੇਹੀ ਹੋਇ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 35
ਇਕ ਛਿੱਨ ਵੀ ਪਿਆਰਾ ਵਿਸਰ ਜਾਏ ਤਾਂ ਉਹ ਕਿਹੜੀ ਭਗਤੀ, ਕਿਹੜਾ ਪ੍ਰੇਮ! ਮੇਰਾ ਮਨ ਤਨ ਪਿਆਰੇ ਦੇ ਪ੍ਰੇਮ ਦੇ ਵਿੱਚ ਰੰਗਿਆ, ਰਤਿਆ ਪਿਆ ਹੈ, ਇਕ ਸੁਆਸ ਵੀ ਬਿਰਥਾ ਨਹੀਂ ਜਾ ਸਕਦਾ।
ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਐਡਾ ਪ੍ਰੇਮ ਕਰ ਰਹੇ ਹਨ ਜਿਸ ਪ੍ਰੇਮ ਦਾ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਜੀ ਹਨ। ਸ੍ਰੀ ਗੁਰੂ ਅੰੰਗਦ ਸਾਹਿਬ ਜੀ ਨੇ ਕੈਸਾ ਪ੍ਰੇਮ ਕੀਤਾ ਹੈ, ਗੁਰੂ ਨਾਨਕ ਨਿਰੰਕਾਰ ਦੇ ਇਲਾਵਾ ਉਨ੍ਹਾਂ ਵਾਸਤੇ ਕੋਈ ਹੋਰ ਵੀ ਨਿਰੰਕਾਰ ਹੈ?
ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83
ਇਕ ਨਾਲ ਹੀ ਪ੍ਰੇਮ ਹੈ ਉਹ ਹੈ ਗੁਰੂ ਨਾਨਕ ਪਾਤਸ਼ਾਹ ਨਾਲ। ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫ਼ਾ ਫੁਰਮਾਇਆ ਕਿ-
ਬੜੀਆਂ ਗੱਲਾਂ ਮਾਰਦਾ ਹੈ ਕਿ ਪੱਤੇ-ਪੱਤੇ ਤੇ ਕਣ-ਕਣ ਵਿੱਚ ਨਿਰੰਕਾਰ ਹੈ, ਜੇ ਆਪਣੇ ਸਤਿਗੁਰੂ ਵਿੱਚ ਨਿਰੰਕਾਰ ਨਹੀਂ ਦਿਸਦਾ ਤਾਂ ਤਸੱਲੀ ਰੱਖੇ ਪ੍ਰਾਪਤੀ ਬਹੁਤ ਦੂਰ ਹੈ।
ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਨਾਲ ਪਿਆਰ ਕਰ ਰਹੇ ਹਨ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਸ ਪਿਆਰ ਵਿੱਚ ਉਨ੍ਹਾਂ ਲਈ ਨਾਂ ਕੋਈ ਹੋਰ ਨਿਰੰਕਾਰ ਹੈ ਨਾਂ ਕੋਈ ਸੰਸਾਰ ਹੈ ਸਿਰਫ਼ ਇੱਕੋ ਇੱਕ ਪਿਆਰ ਹੀ ਪਿਆਰ ਹੈ, ਪ੍ਰੇਮ ਹੀ ਪ੍ਰੇਮ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਜਿਸ ਪ੍ਰੇਮ ਵਿੱਚ ਅਤੇ ਜਿਸ ਨਿਮਰਤਾ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਕੀਤਾ ਹੈ ਅਤੇ ਜਿਸ ਨਿਮਰਤਾ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣੇ ਹਨ ਉਹ ਅਖ਼ੀਰ ਗੁਰੂ ਨਾਨਕ ਪਾਤਸ਼ਾਹ ਦੇ ਹੋ ਨਿਬੜੇ ਹਨ। ਸ੍ਰੀ ਗੁਰੂ ਅਮਰਦਾਸ ਜੀ ਪ੍ਰੇਮ ਕਰ ਰਹੇ ਹਨ।
ਸਾਧ ਸੰਗਤ ਜੀ ਇਹ ਭਗਤ ਕਿਨ੍ਹਾਂ ਨੇ ਭੇਜਿਆ ਹੈ ਉਹੀ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਸਾਹਿਬਾਨ ਨੇ ਹੀ ਭੇਜਿਆ ਹੈ, ਜਿਸ ਨੇ ਸਪਸ਼ਟ ਰੂਪ ਵਿੱਚ ਇਹ ਜਤਾਇਆ ਕਿ ਦਸੋਂ ਪਾਤਸ਼ਾਹੀਆਂ ਦੀ ਹਾਜ਼ਰ-ਨਾਜ਼ਰ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦੇ ਪ੍ਰੇਮ ਨੂੰ, ਉਨ੍ਹਾਂ ਦੀ ਵਡਿਆਈ ਨੂੰ, ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਨੇ ਸਤਿਕਾਰਿਆ ਹੈ, ਪਿਆਰਿਆ ਹੈ, ਨਿਹਾਰਿਆ ਹੈ ਤੇ ਪ੍ਰਗਟ ਕੀਤਾ ਹੈ, ਕਮਾਲ ਹੀ ਕਮਾਲ ਹੈ। ਉਹ ਪ੍ਰੇਮ ਹੈ ਉਸ ਪੰਜ ਸਾਲ ਦੇ ਬੱਚੇ ਦਾ, ਉਸ ਵੇਲੇ ਇਸ ਤਰ੍ਹਾਂ ਭਾਸਦਾ ਹੈ ਸ੍ਰੀ ਗੁਰੂ ਅੰਗਦ ਸਾਹਿਬ ਨੇ, ਸ੍ਰੀ ਗੁਰੂ ਅਮਰਦਾਸ ਜੀ ਨੇ, ਸ੍ਰੀ ਗੁਰੂ ਰਾਮਦਾਸ ਜੀ ਨੇ, ਉਹ ਪੂਰਨੇ ਪਾਏ ਸੀ, ਸ੍ਰੀ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਕੀਤਾ ਸੀ, ਉਹ ਸਭ ਕੁੱਝ ਉਹ ਬਖਸ਼ਿਸ਼ਾਂ ਆਪਣੇ ਚਰਨ ਕਮਲਾਂ ਦੇ ਆਸ਼ਿਕ ਨੂੰ, ਉਸ ਮਹਾਨ ਗੁਰਮੁਖ ਨੂੰ, ਇਸ ਮਹਾਨ ਭਗਤ ਦੀ ਦਾਤਾਂ ਨਾਲ ਝੋਲੀ ਭਰ ਦਿੱਤੀ ਹੈ। ਸਾਹਿਬ ਆਉਂਦੇ ਹਨ ਤੇ ਆ ਕੇ ਫਿਰ ਕਿਸ ਤਰ੍ਹਾਂ ਪੂਰਨੇ ਪਾਉਂਦੇ ਹਨ।
ਪੰਜ ਸਾਲ ਦੀ ਉਮਰ 'ਚ ਬਾਬਿਆਂ
ਕੌਤਕ ਇਕ ਦਿਖਲਾਇਆ।
ਘਰ 'ਚੋ ਬਾਹਰ ਨਿਕਲੇ ਬਾਬੇ
ਸਭ ਨੂੰ ਫਿਕਰ ਸਤਾਇਆ।
ਲੈਂਪਾਂ ਲੈ ਕੇ ਲੱਭਣ ਲੱਗੇ
ਸਾਕ ਸੰਬੰਧੀ ਸੱਭੇ।
ਰਹੇ ਢੂੰਢਦੇ ਬਾਬਾ ਜੀ ਦਾ
ਖੁਰਾ ਖੋਜ ਨਾ ਲੱਭੇ।
ਬਾਲਕ ਬਾਬੇ ਕਿਤੇ ਨਿਕਲ ਗਏ
ਕੌਤਕ ਬੜੇ ਨਿਆਰੇ।
ਪੁੱਛਣ ਮਾਤਾ ਸਦਾ ਕੌਰ ਨੂੰ ਸਾਕ ਸੰਬੰਧੀ ਸਾਰੇ।
ਕੀ ਵੇਂਹਦੇ ਐ ਨੂਰੀ ਜੋਤੀ
ਇਕ ਦਮ ਨਜ਼ਰੀ ਆਈ।
ਬਾਬਾ ਜੀ ਨੇ ਖੂਹ ਦੀ ਮਣ ਤੇ
ਸੁੰਨ ਸਮਾਧੀ ਲਾਈ।
ਇਹ ਕੀ ਕੀਤਾ ਬਾਬਾ ਜੀਉ
ਇਹ ਕੀ ਵੇਸ ਬਣਾਇਆ।
ਹੋਰ ਜਗ੍ਹਾ ਨਹੀਂ ਲੱਭਦੀ ਤੁਹਾਨੂੰ
ਖੂਹ ਤੇ ਆਸਣ ਲਾਇਆ।
ਤੁਸਾਂ ਤਾਂ ਖੂਹ ਵਿੱਚ ਡਿੱਗ ਪੈਣਾ ਸੀ
ਕਿਵੇਂ ਸੰਬੰਧੀ ਜਰਦੇ।
ਇਹ ਤਸੀਹਾ ਵਿਛੜਣ ਵਾਲਾ
ਕਿਵੇਂ ਝੱਲਦੇ ਘਰ ਦੇ।
ਬਾਬੇ ਬੋਲੇ ਏਸ ਦੇਹੀ ਨੂੰ ਕੀ ਭਰਾਵੋ ਕਰਨਾ।
ਭਜਨ ਬਿਨਾ ਤਾਂ ਬਹੁਤਾ ਹੀ ਚੰਗਾ
ਖੂਹ ਵਿੱਚ ਡਿੱਗ ਕੇ ਮਰਨਾ।
ਵਾਹ ਵਾਹ ਬਾਬਾ ਨੰਦ ਸਿੰਘ ਜੀ
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ ਆਪਣਾ ਜੀਵਨ ਸਾਰਾ।
ਗੁਰਮੁਖ, ਗੁਰੂ ਦਾ ਜਨਮ ਦਿਨ
ਹਰ ਰੋਜ ਹੀ ਮਨਾਉਂਦਾ ਹੈ
ਸਵਾਲ ਪੈਦਾ ਹੁੰਦਾ ਹੈ ਕਿ ਬਾਬਾ ਨੰਦ ਸਿੰਘ ਸਾਹਿਬ ਜੀ ਨੇ ਰਾਤ 12 ਵਜੇ ਦਾ ਵਕਤ ਚੁਣਿਆ ਇਸ਼ਨਾਨ ਕਰਨ ਵਾਸਤੇ, ਇਸ ਸਵਾਲ ਦਾ ਜਵਾਬ ਮਿਲਦਾ ਕਦੋਂ ਹੈ।
ਇਕ ਦਿਨ ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਵਿੱਚ ਫੁਰਮਾਇਆ ਕਿ-
ਗੁਰਮੁਖ, ਗੁਰਸਿੱਖ ਆਪਣੇ ਗੁਰੂ ਦਾ ਜਨਮ ਦਿਨ ਹਰ ਰੋਜ ਹੀ ਮਨਾਉਂਦੇ ਹਨ, ਆਪਣੇ ਗੁਰੂ ਦਾ ਪ੍ਰਕਾਸ਼ ਉਤਸਵ ਹਰ ਰੋਜ ਹੀ ਮਨਾਉਂਦੇ ਹਨ। ਨਵੀਂਆਂ ਉਮੰਗਾਂ, ਨਵੀਂਆਂ ਤਰੰਗਾਂ 'ਚ ਨਵੇਂ ਉਤਸ਼ਾਹ ਵਿੱਚ, ਨਵੇਂ ਜਜ਼ਬਿਆਂ ਵਿੱਚ ਉੱਠ ਕੇ ਆਪਣੇ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਜਾਂਦੇ ਹਨ।
- ਉਸ ਵੇਲੇ ਸਾਧ ਸੰਗਤ ਜੀ ਇਹ ਸਮਝ ਆਈ ਕਿ ਬਾਬਾ ਨੰਦ ਸਿੰਘ ਸਾਹਿਬ ਤਾਂ ਬਚਪਨ ਤੋਂ ਲੈਕੇ ਆਖ਼ਰੀ ਦਿਨ ਤਕ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਰੋਜ਼ ਹੀ ਮਨਾਉਂਦੇ ਸਨ। 12 ਵਜੇ ਇਸ਼ਨਾਨ ਕਰਦੇ ਸਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੇ ਵਕਤ ਤੋਂ ਥੋੜ੍ਹੀ ਦੇਰ ਪਹਿਲੇ ਹੀ ਇਸ਼ਨਾਨ ਕਰਕੇ ਆਪਣੇ ਸਾਹਿਬ ਨਿਰੰਕਾਰ ਸਰੂਪ ਗੁਰੂ ਨਾਨਕ ਪਾਤਸ਼ਾਹ ਨੂੰ ਜੀ ਆਇਆਂ ਕਹਿਣ ਵਾਸਤੇ ਉਸ ਵੇਲੇ ਜੁੜੇ ਬੈਠੇ ਹੁੰਦੇ ਸੀ, ਉਸ ਅਖੰਡ ਪ੍ਰੇਮ ਲੀਨਤਾ ਵਿੱਚ ਸਮਾ ਜਾਂਦੇ ਸੀ। ਬਾਬਾ ਨੰਦ ਸਿੰਘ ਸਾਹਿਬ ਦੀ ਲੀਨਤਾ ਉਸ ਕੋਮਲ ਛੋਟੀ ਜਿਹੀ ਉਮਰ ਵਿੱਚ ਕਿੰਨੀ ਮਹਾਨ ਸੀ।
- ਸਾਧ ਸੰਗਤ ਜੀ ਕਿਸੇ ਨੇ ਬਾਬਾ ਨੰਦ ਸਿੰਘ ਸਾਹਿਬ ਨੂੰ ਕਿਸੇ ਬੱਚੇ ਨਾਲ ਗੱਲਾਂ ਕਰਦੇ ਨਹੀਂ ਦੇਖਿਆ।
- ਕਦੇ ਬਾਬਾ ਨੰਦ ਸਿੰਘ ਸਾਹਿਬ ਨੂੰ ਕਿਸੇ ਬੱਚੇ ਨਾਲ ਖੇਡਦਿਆਂ ਨਹੀਂ ਵੇਖਿਆ।
ਕਿਹੜੀ ਲੀਨਤਾ ਵਿੱਚ ਬਾਬਾ ਨੰਦ ਸਿੰਘ ਸਾਹਿਬ ਹਰ ਵੇਲੇ ਸਮਾਏ ਰਹਿੰਦੇ ਸਨ?
ਗੁਰਮੁਖ ਗੁਰੂ ਦਾ ਜਨਮ ਦਿਨ
ਹਰ ਰੋਜ ਹੀ ਮਨਾਉਂਦੇ।
ਨਵੀਆਂ ਉਮੰਗਾਂ, ਨਵੀਆਂ ਤਰੰਗਾਂ 'ਚ
ਰੋਜ ਉੱਠ ਧਿਆਉਂਦੇ।
ਅੱਧੀ ਰਾਤੀਂ ਬਾਬੇ ਉੱਠਦੇ
ਬਾਰਾਂ ਵਜੇ ਸੀ ਨਹਾਉਂਦੇ।
ਗੁਰੂ ਨਾਨਕ ਦਾ ਪ੍ਰਕਾਸ਼ ਦਿਵਸ
ਹਰ ਰੋਜ ਸਨ ਮਨਾਉਂਦੇ।
ਵਾਹ ਵਾਹ ਬਾਬਾ ਨੰਦ ਸਿੰਘ ਜੀ,
ਤੇਰਾ ਆਉਣਾ ਨਿਆਰਾ।
ਜਿੰਦ ਵੀ ਵਾਰੀ ਸਭ ਕੁਝ ਵਾਰਿਆ
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੇ ਘੋਲ ਘੁਮਾਇਆ
ਆਪਣਾ ਜੀਵਨ ਸਾਰਾ।
ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਰੱਬ ਨਹੀਂ ਸੌਂਦਾ ਨਾ ਕਦੇ ਸੌਂਦਾ
ਉਸ ਰੱਬ ਦਾ ਪਿਆਰਾ
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 83
ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਅਤੇ ਵਿਛੋੜੇ ਵਿੱਚ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਤੜਪੇ ਹਨ।
ਸਾਧ ਸੰਗਤ ਜੀ ਜ਼ਰਾ ਸੋਚ ਕੇ ਦੇਖੋ ਕਿ ਜਦੋਂ ਆਪਣੇ ਸਭ ਤੋਂ ਪਿਆਰੇ ਨਾਲ ਵਿਛੋੜਾ ਹੋ ਜਾਏ ਉਸ ਵੇਲੇ ਕਿੰਨਾਂ ਦੁੱਖ ਅਤੇ ਦਰਦ ਅਸੀਂ ਮਹਿਸੂਸ ਕਰਦੇ ਹਾਂ ਅਤੇ ਜਿਸ ਨੂੰ ਨਿਰੰਕਾਰ ਨਾਲ ਪਿਆਰ ਹੋ ਜਾਏ ਉਸ ਵਿਛੋੜੇ ਵਿੱਚ ਕਿੰਨਾ ਦੁੱਖ, ਕਸ਼ਟ, ਦਰਦ ਉਸ ਵੇਲੇ ਦਿਲ ਨੂੰ ਮਹਿਸੂਸ ਹੁੰਦਾ ਹੈ।
ਉਸ ਤੜਪ ਵਿੱਚ ਵਿਛੋੜਾ ਦੁੱਖ ਹੀ ਦੁੱਖ ਹੈ।
ਜਿਸ ਤਰ੍ਹਾਂ ਵਿਛੋੜਾ ਵਧਦਾ ਰਹਿੰਦਾ ਹੈ, ਦੁੱਖ ਵਧਦਾ ਰਹਿੰਦਾ ਹੈ ਅਤੇ ਜਿੰਨਾਂ ਹੀ ਦੁੱਖ ਵਧਦਾ ਹੈ, ਉਨੰੀ ਹੀ ਤੜਪ ਵਧਦੀ ਹੈ ਅਤੇ ਜਿੰਨੀ ਤੜਪ ਵਧਦੀ ਰਹੇ ਉੰਨਾਂ ਪ੍ਰੇਮ ਵਧਦਾ ਰਹਿੰਦਾ ਹੈ।
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਸਾਰੀ ਉਮਰ ਨਹੀਂ ਸੁੱਤੇ ਕਿਉਂਕਿ, ਜਿਸ ਤਰ੍ਹਾਂ ਜਿਹੜੇ ਪੱਧਰ ਦਾ ਉਨ੍ਹਾਂ ਦਾ ਪਿਆਰ ਸੀ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਕਦੇ ਉਸ ਤੜਪ ਵਿੱਚ, ਕੋਈ ਪਿਆਰੇ ਦੀ ਯਾਦ ਵਿੱਚ ਉਸ ਵੇਲੇ ਸੌਂ ਨਹੀਂ ਸਕਦਾ, ਪਿਆਰ ਦੀ ਤੜਪ ਵਿੱਚ ਕੋਈ ਸੌਂ ਨਹੀਂ ਸਕਦਾ।
ਇਹ ਉਸ ਵੇਲੇ ਪਿਤਾ ਜੀ ਨੂੰ ਦੇਖਿਆ ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਦੇ ਪ੍ਰੇਮ ਵਿੱਚ ਜੇ ਥੋੜ੍ਹੀ ਦੇਰ ਲੇਟਦੇ ਸੀ ਤੇ ਉਨ੍ਹਾਂ ਦਾ ਸਰ੍ਹਾਣਾ ਪੂਰਾ ਭਿੱਜਿਆ ਹੁੰਦਾ ਸੀ ਤੇ ਪੁੱਛਿਆ ਕਿ ਤੁਹਾਡਾ ਸਰ੍ਹਾਣਾ ਤਾਂ ਸਾਰਾ ਭਿੱਜਿਆ ਪਿਆ ਹੈ। ਉਸ ਵਿਛੋੜੇ ਵਿੱਚ ਸਾਰੀ ਸਾਰੀ ਰਾਤ ਰੋਂਦੇ ਰਹਿੰਦੇ ਸੀ।
ਪਿਤਾ ਜੀ (ਬਾਬਾ ਨਰਿੰਦਰ ਸਿੰਘ ) ਦਾ ਵਿਛੋੜਾ ਸੀ ਬਾਬਾ ਨੰਦ ਸਿੰਘ ਸਾਹਿਬ ਨਾਲ ਤੇ ਬਾਬਾ ਨੰਦ ਸਿੰਘ ਸਾਹਿਬ ਦਾ ਵਿਛੋੜਾ ਸੀ ਗੁਰੂ ਨਾਨਕ ਪਾਤਸ਼ਾਹ ਨਾਲ।
ਰੱਬ ਨਹੀਂ ਸੌਂਦਾ ਨਾਂ ਕਦੇ ਸੌਂਦਾ
ਉਸ ਰੱਬ ਦਾ ਪਿਆਰਾ।
ਸੁੱਤਿਆਂ ਕਿਸੇ ਨਹੀਂ ਦੇਖਿਆ
ਇਹ ਆਸ਼ਕ ਕਲੇਰਾਂ ਵਾਲਾ।
ਜਿੰਦ ਵੀ ਵਾਰੀ ਸਭ ਕੁਝ ਵਾਰਿਆ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ
ਆਪਣਾ ਜੀਵਨ ਸਾਰਾ।
ਸੁਣੋ ਮੇਰੇ ਵੀਰ ਜੀਉ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ ॥