ਮੈ ਆਪਣੇ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕਦੇ ਪਿੱਠ ਨਹੀਂ ਕਰਾਂਗਾ।
ਅਜੇ ਸਾਲ ਵੀ ਨਹੀਂ ਬੀਤਿਆ ਸੀ, 6 ਸਾਲ ਦੀ ਉਮਰ ਵਿੱਚ ਇਕ ਦਿਨ ਘਰੋਂ ਕਿਹਾ ਕਿ ਆਪਣੇ ਵੱਡੇ ਭ੍ਰਾਤਾ ਵਾਸਤੇ ਲੱਸੀ ਲੈ ਜਾ। ਸਰਦਾਰ ਭਗਤ ਸਿੰਘ ਜੀ ਆਪਣੇ ਪਿੰਡ ਦੀ ਜ਼ਮੀਨ ਤੇ ਹਲ ਵਾਹ ਰਹੇ ਸੀ। ਲੱਸੀ ਚੁੱਕੀ ਹੈ, ਤੁਰ ਪਏ ਹਨ, ਸ. ਭਗਤ ਸਿੰਘ ਜੀ ਨੇ ਦੇਖਿਆ ਹੈ ਆਪਣੇ ਛੋਟੇ ਭਰਾ ਨੂੰ, ਲੱਸੀ ਲਈ ਆ ਰਿਹਾ ਹੈ। ਹਲ ਖੜ੍ਹਾ ਕਰਕੇ ਦਰਖਤ ਦੇ ਥੱਲੇ ਬੈਠ ਗਏ ਹਨ। ਲੱਸੀ ਫੜੀ ਹੈ ਤੇ ਲੱਸੀ ਪੀਣ ਲੱਗੇ ਤਾਂ ਨਾਂ ਲੈ ਕੇ (ਬਾਬਾ ਨੰਦ ਸਿੰਘ ਸਾਹਿਬ ਨੂੰ) ਕਹਿਣ ਲੱਗੇ ਕਿ ਉਨੀ ਦੇਰ ਤੂੰ ਹਲ ਵਾਹ ਲੈ। ਬਾਬਾ ਨੰਦ ਸਿੰਘ ਸਾਹਿਬ ਨੇ ਹਲ ਫੜਿਆ ਹੈ ਤੁਰੇ ਹਨ, ਖੇਤ ਦੇ ਦੂਜੇ ਕਿਨਾਰੇ ਤੇ ਪਹੁੰਚੇ ਤਾਂ ਉੱਥੇ ਖੜ੍ਹੇ ਹੋ ਗਏ। ਭ੍ਰਾਤਾ ਬੜਾ ਹੈਰਾਨ ਹੋਇਆ ਦੇਖ ਕੇ ਕਿ ਮੁੜੇ ਨਹੀਂ, ਮੋੜਿਆ ਨਹੀਂ ਹਲ। ਲੱਸੀ ਪੀ ਕੇ ਉੱਠ ਕੇ ਕੋਲ ਗਿਆ ਹੈ ਭ੍ਰਾਤਾ ਪੁੱਛਦਾ ਹੈ ਨਾਂ ਲੈ ਕੇ ਕਿ ਮੁੜੇ ਕਿਉਂ ਨਹੀਂ ਤਾਂ ਅੱਗੋਂ ਫੁਰਮਾਉਂਣ ਲੱਗੇ ਕਿ-
ਵੀਰ ਜੀ ਉਹ ਸਾਹਮਣੇ ਘਰ ਵੱਲ ਵੇਖੋ ਕਿ ਉਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਜ਼ਰ ਆ ਰਿਹਾ ਹੈ ਤੇ ਉਸ ਵੇਲੇ ਫੁਰਮਾ ਕੀ ਰਹੇ ਹਨ ਕਿ-
ਵੀਰ ਜੀ, ਇਹ ਨੰਦ ਸਿੰਘ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ।
- ਸਰਦਾਰ ਭਗਤ ਸਿੰਘ ਜੀ ਵੇਖ ਕੇ ਹੈਰਾਨ ਹੋ ਗਏ ਹਨ। ਬਿਜਲੀ ਵਾਕਣ ਉਹ ਸਾਰੇ ਵਾਕਿਆ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਮੇਰਾ ਇਹੀ ਛੋਟਾ ਜਿਹਾ ਵੀਰ ਪ੍ਰਕਾਸ਼ ਦੇ ਵਿੱਚ ਲਿੱਪਟਿਆ ਹੋਇਆ ਆਇਆ ਹੈ ਇਸ ਸੰਸਾਰ ਵਿੱਚ।
- ਕਿਸ ਤਰ੍ਹਾਂ ਪੰਜ ਸਾਲ ਦੀ ਉਮਰ ਵਿੱਚ ਮੌਤ ਦੇ ਮੂੰਹ ਵਿੱਚ ਬੈਠ ਕੇ ਮੌਤ ਸ਼ੇਰ ਦੀ ਸਵਾਰੀ ਕਰਦਿਆਂ ਹੋਇਆਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਬੈਠਾ ਹੈ।
- ਅੱਜ ਇਕ ਐਲਾਨੀਆ ਗੱਲ ਕਰ ਰਿਹਾ ਹੈ ਕਿ ਇਹ ਨੰਦ ਸਿੰਘ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ।
ਇੱਥੋਂ ਇਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਗੁਰਮੁਖ, ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਹੀ ਤੀਜੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ-ਕਮਲਾਂ ਦਾ ਕਿੱਡਾ ਵੱਡਾ ਕਮਾਲ ਦਾ ਆਸ਼ਕ ਸੀ। ਜੇ ਗੁਰੂ ਅਮਰਦਾਸ ਜੀ ਨੇ ਨਹੀਂ ਪਿੱਠ ਕੀਤੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਵੱਲ ਤੇ ਪੁੱਠੇ ਪੈਰੀ ਤੁਰੇ ਜਾਂਦੇ ਹਨ ਕੀ ਸਖ਼ਤ ਕੜਾਕੇ ਦੀ ਗਰਮੀ ਹੈ, ਕੀ ਸਖ਼ਤ ਕੜਾਕੇ ਦੀ ਸਰਦੀ ਹੈ। ਸਾਹਿਬ ਨੇ ਪਿੱਠ ਆਪਣੇ ਗੁਰੂ ਵੱਲ ਨਹੀਂ ਕੀਤੀ। ਬਾਬਾ ਨੰਦ ਸਿੰਘ ਸਾਹਿਬ ਉਹੀ ਚਰਨਾਂ ਦੇ ਆਸ਼ਕ, ਉਹੀ ਚਰਨ ਕਮਲਾਂ ਦੇ ਚਿੰਨਾਂ ਨੂੰ ਪ੍ਰਕਾਸ਼ ਕਰਨ ਵਾਸਤੇ ਆਏ ਹੋਏ ਹਨ। ਛੇ ਸਾਲ ਦੀ ਉਮਰ ਵਿੱਚ ਐਲਾਨ ਕਰ ਦਿੰਦੇ ਹਨ ਕਿ ਮੈ ਆਪਣੇ ਸਾਹਿਬ ਸਤਿਗੁਰੂ ਦੇ ਪਾਕ ਕਦਮਾਂ ਦੇ ਨਿਸ਼ਾਨਾਂ ਤੇ ਚਲਦਾ ਹੋਇਆ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਜਿਹੜੇ ਪ੍ਰਤੱਖ ਮੇਰੇ ਗੁਰੂ ਅਮਰਦਾਸ ਜੀ ਹਨ, ਉਨ੍ਹਾਂ ਵੱਲ ਪਿੱਠ ਨਹੀਂ ਕਰਾਂਗਾ।
ਛੇ ਸਾਲ ਦੀ ਉਮਰ 'ਚ
ਰੱਬੀ ਬਾਲ ਕਮਾਲ ਦਿਖਾਇਆ।
ਪੂਰੇ ਰੋਹ ਵਿੱਚ ਵੱਡੇ ਵੀਰ ਨੂੰ ਮੁੱਖੋਂ ਇਹ ਫੁਰਮਾਇਆ।
ਧਰਤੀ ਤੇ ਪਰਲੋ ਆ ਸਕਦੀ
ਅੰਬਰ ਢਹਿ ਢੇਰੀ ਹੋ ਸਕਦੈ।
ਪਰ ਨੰਦ ਸਿੰਘ ਗੁਰੂ ਗ੍ਰੰਥ ਸਾਹਿਬ ਵੱਲ
ਪਿੱਠ ਕਦੇ ਨਹੀਂ ਕਰ ਸਕਦੈ।
ਵਾਹ ਵਾਹ ਬਾਬਾ ਨੰਦ ਸਿੰਘ ਜੀ
ਤੇਰਾ ਆਉਣਾ ਨਿਆਰਾ।
ਜਿੰਦ ਵੀ ਵਾਰੀ ਸਭ ਕੁਝ ਵਾਰਿਆ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੇ ਘੋਲ ਘੁਮਾਇਆ ਆਪਣਾ ਜੀਵਨ ਸਾਰਾ।
ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਬਾਰਾਂ ਬਰਸ ਨਿੱਤ ਨਦੀ ਵੱਲ
ਜਾਂਦੇ ਲਾਂਘਾਂ ਭਰਦੇ।
ਜਾਂਦੇ ਸੀ ਪਛੜੋਈ ਗੁਰੂ ਵੱਲ
ਪਿੱਠ ਨਹੀਂ ਸਨ ਕਰਦੇ।
ਸੁਣਿਆ ਇਹੋ ਹੈਸੀ, ਬਾਬੇ ਨੰਦ ਸਿੰਘ ਦੀ ਨੀਤੀ।
ਉਨ੍ਹਾਂ ਨੇ ਵੀ ਕਦੇ ਪਿੱਠ ਨਹੀਂ
ਗੁਰੂ ਗ੍ਰੰਥ ਸਾਹਿਬ ਵੱਲ ਕੀਤੀ।
ਕਿਸੇ ਜੁਗ ਵਿੱਚ ਕਿਤੇ ਨਹੀਂ ਦਿਸਦੀ
ਐਸੀ ਪ੍ਰੇਮ ਰੀਤੀ।
ਬਾਬੇ ਨੰਦ ਸਿੰਘ ਗੁਰੂ ਗ੍ਰੰਥ ਵੱਲ
ਪਿੱਠ ਕਦੇ ਨਹੀਂ ਕੀਤੀ।
ਜਿੰਦ ਵੀ ਵਾਰੀ ਸਭ ਕੁਝ ਵਾਰਿਆ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ
ਆਪਣਾ ਜੀਵਨ ਸਾਰਾ।
ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਜੀ ਪਾ ਗਏ ਨੇ।
ਗੁਰੂ ਗ੍ਰੰਥ ਦੀ ਜੋਤ ਵਿੱਚੋਂ
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਨੇ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ ॥