ਸ਼ੇਸ਼ ਨਾਗ ਦਾ ਪਹਿਰਾ
ਬਾਬਾ ਨੰਦ ਸਿੰਘ ਸਾਹਿਬ ਰੋਜ ਰਾਤ ਨੂੰ ਉੱਠ ਕੇ ਆਪਣੇ ਪਰਮ ਲਕਸ਼ ਵੱਲ ਤੁਰ ਪੈਂਦੇ ਸਨ। ਬਾਰ੍ਹਾਂ ਵਜੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਜੁੜ ਜਾਂਦੇ ਸਨ। ਉਸ ਅਖੰਡ ਪ੍ਰੇਮ ਲੀਨਤਾ ਵਿੱਚ ਸਾਹਿਬ ਦੇ ਚਰਨਾਂ ਵਿੱਚ ਸਮਾ ਜਾਂਦੇ ਸਨ। ਉਸ ਵੇਲੇ ਇਸ ਦਰਗਾਹ ਦੇ ਬੱਬਰ ਸ਼ੇਰ ਦਾ ਪਹਿਰਾ ਕੌਣ ਦਿੰਦਾ ਸੀ। ਸਾਰਾ ਜੀਵਨ ਹੀ ਬਾਬਾ ਜੀ ਨੇ ਘੋਰ ਤੱਪਸਿਆ ਵਿੱਚ, ਘਾਲਣਾ ਵਿੱਚ, ਗੁਜ਼ਾਰਿਆ ਸੀ। ਜਿੱਥੇ ਵੀ ਬਾਬਾ ਨੰਦ ਸਿੰਘ ਸਾਹਿਬ ਜੰਗਲਾਂ ਵਿੱਚ ਇਕੱਲੇ ਹੀ ਉਸ ਪ੍ਰੇਮ ਅਖੰਡ ਸਮਾਧੀ ਵਿੱਚ ਬੈਠਦੇ ਸੀ, ਉੱਥੇ ਪਹਿਰਾ ਕੌਣ ਦਿੰਦਾ ਸੀ ? ਇਸ ਪੈਦਾਇਸ਼ੀ ਗੁਰਮੁਖ ਦਾ, ਬ੍ਰਹਮ ਗਿਆਨੀ ਦਾ, ਮਹਾਂ ਤਪਸਵੀ, ਜਤੀ, ਸਤੀ, ਤਪੀ ਦਾ ਪਹਿਰਾ ਉਸ ਵੇਲੇ ਸ਼ੇਸ਼ ਨਾਗ ਦਿੰਦਾ ਸੀ। ਜਿਸ ਨੇ ਵੀ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਉਸ ਦਾ ਰਸਤਾ ਸ਼ੇਸ਼ ਨਾਗ ਰੋਕੀ ਖੜ੍ਹਾ ਹੁੰਦਾ ਸੀ। ਉਸਨੇ ਡਰ ਦੇ ਮਾਰੇ ਭੱਜ ਜਾਣਾ ਕਿਉਂਕਿ ਉੱਥੇ ਬੱਬਰ ਸ਼ੇਰ ਪਹਿਰਾ ਦੇ ਰਹੇ ਹੁੰਦੇ ਸੀ। ਬੱਬਰ ਸ਼ੇਰ ਦੀ ਦਹਾੜ ਸੁਣ ਕੇ ਭੱਜ ਜਾਂਦੇ ਸੀ। ਕੋਈ ਜਣਾਂ ਵੀ ਇਸ ਬੱਬਰ ਸ਼ੇਰ ਦੀ ਸਮਾਧੀ ਵਿੱਚ ਵਿਘਨ ਨਹੀਂ ਪਾ ਸਕਿਆ। ਇਹ ਅਵਸਥਾ ਸੀ ਬਚਪਨ ਦੇ ਵਿੱਚ ਵੀ ਉਸ ਇਕਾਂਤ ਵਿੱਚ ਬੈਠੇ ਬਾਬਾ ਜੀ ਦੀ। ਸਾਰਾ ਜੀਵਨ ਹੀ ਇਸ ਗੁਰੂ ਪਰਾਇਣ ਵਾਲੀ ਅਵਸਥਾ ਵਿੱਚ ਬਾਬਾ ਨੰਦ ਸਿੰਘ ਸਾਹਿਬ ਦਾ ਸੀ ਅਤੇ ਉਸ ਦੇ ਪੂਰਨੇ ਇਹ ਰੱਬੀ ਬਾਲ ਉਸ ਵੇਲੇ ਹੀ ਪਾ ਰਿਹਾ ਸੀ।
ਸੱਪ ਖੜੱਪੇ ਫਨੀਅਰ ਕਾਲੇ,
ਤੇਰੇ ਚਰਨਾਂ ਤੋ ਬਲਿਹਾਰ।
ਬਾਬਾ ਜੀ ਨੂੰ ਪਹਿਰਾ ਦੇ ਗਏ
ਆਪਣਾ ਫੰਨ੍ਹ ਖਿਲਾਰ।
ਬੱਬਰ ਸ਼ੇਰ ਸਵਾਰੀ ਤੇਰੀ, ਬੱਬਰ ਸ਼ੇਰ ਪਹਿਰੇਦਾਰ।
ਸੁਣੋ ਮੇਰੇ ਵੀਰ ਜੀਉ ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ ॥