ਅਸੀਂ ਸਾਰੇ ਹੀ ਉਸਦੇ ਬੱਚੇ ਹਾਂ।

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ ਜੀ ਦੀ ਅਰਦਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਹਾਜ਼ਰਾ ਹਜੂਰ, ਜ਼ਾਹਰਾ ਜ਼ਹੂਰ, ਕਲਿਯੁਗ ਕੇ ਬੋਹਿਥ, ਨਾਮ ਕੇ ਜਹਾਜ਼, ਹਲਤ-ਪਲਤ ਕੇ ਰਖਿਅੱਕ, ਲੋਕ-ਪ੍ਰਲੋਕ ਕੇ ਸਹਾਇਕ, ਦੱਸਾਂ ਪਾਤਸ਼ਾਹੀਆਂ ਜੀ ਦੀ ਹਾਜ਼ਰ-ਨਾਜਰ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਨਾਮ ਦੇ ਜਹਾਜ਼ ਉਹ ਨਾਮ ਦਾ ਪ੍ਰਕਾਸ਼, ਉਸ ਪ੍ਰਕਾਸ਼ ਦਾ ਛਿੱਟਾ ਕਿਸਨੇ ਆ ਕੇ ਇਸ ਸੰਸਾਰ ਵਿੱਚ ਦਿੱਤਾ? ਨਿਰੰਕਾਰ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ, ਨਿਰੰਕਾਰ ਨੇ ਹੀ ਆ ਕੇ ਦਿੱਤਾ ਹੈ। ਸੰਸਾਰ ਤੇ ਨਾਮ ਦੀ ਬਰਖਾ ਕੀਤੀ ਹੈ। ਇਹ ਅੰਮ੍ਰਿਤ ਬਾਣੀ ਜਿਸਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਸਤਤ ਸੁਣੀ ਹੈ ਉਹ ਵੀ ਗੁਰੂ ਨਾਨਕ ਨਿਰੰਕਾਰ ਦੀ ਹੀ ਬਾਣੀ ਰਚੀ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਹੀ ਨਾਮ ਗੂੰਜ ਰਿਹਾ ਹੈ। ਇਕੋ ਨਾਮ ਅਪਣਾਇਆ ਹੈ ਨਿਰੰਕਾਰ ਨੇ, ਪ੍ਰਮੇਸਰ ਨੇ ਗੁਰੂ ਸਹਿਬਾਨ ਨੇ ਅਤੇ ਉਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਨਾਮ। ਜੋ ਫਿਰ ਉਨ੍ਹਾਂ ਨੇ ਉਹ ਸੱਚ ਦਾ ਪ੍ਰਕਾਸ਼ ਬਖਸ਼ਿਆ ਹੈ, ਜਰਾ ਸੋਚ ਕੇ ਦੇਖੀਏ ਉਸ ਗੁਰੂ ਨਾਨਕ ਨਿਰੰਕਾਰ ਨੇ ਆਪਣੇ ਆਪ ਨੂੰ ਕਿਤੇ ਨਾਮ ਦਾ ਦਾਤਾ ਕਿਹਾ ਹੋਵੇ। ਜਿਸ ਨਾਮ ਨੂੰ ਉਹ ਲੈ ਕੇ ਆਏ ਹਨ ਅਤੇ ਜਿਹੜੇ ਨਾਮ ਦੇ ਖਜਾਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰ ਗਏ ਹਨ ਅਤੇ ਜਿਸ ਨਾਮ ਦੇ ਨਾਲ ਉਨ੍ਹਾਂ ਨੇ ਰਹਿੰਦੀ ਦੁਨੀਆਂ ਤਕ ਜੁਗੋ-ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ੇ ਹਨ ਪਰ ਉਸਨੇ ਆਪਣੇ ਆਪ ਨੂੰ ਨਾਮ ਦਾ ਦਾਤਾ ਨਹੀਂ ਕਿਹਾ। ਅੰਮ੍ਰਿਤ ਬਾਣੀ ਦਾ ਰਚਤਾ ਗੁਰੂ ਨਾਨਕ ਹੈ ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਅੰਮ੍ਰਿਤ ਬਾਣੀ ਦਾ ਰਚਤਾ ਨਹੀਂ ਕਿਹਾ। ਫੁਰਮਾਇਆ-

ਜੈਸੀ ਮੈਂ' ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ॥
ਬੋਲਾਇਆ ਬੋਲੀ ਖਸਮ ਦਾ॥

ਕਿਸੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਨਾਮ ਦਾ ਦਾਤਾ ਨਹੀਂ ਕਿਹਾ, ਅੰਮ੍ਰਿਤ ਬਾਣੀ ਦਾ ਰਚਤਾ ਨਹੀਂ ਕਿਹਾ। ਇਹ ਸਭ ਬਖਸ਼ਿਸ਼ਾਂ ਬਖਸ਼ਣ ਵਾਲਾ, ਇਸ ਦੁਨੀਆਂ ਨੂੰ ਸੱਚ ਦਾ ਪ੍ਰਕਾਸ਼ ਪਾਉਣ ਵਾਲਾ, ਸਾਨੂੰ ਜੀਵਣ ਜਾਚ ਸਿਖਾਣ ਵਾਲਾ ਆਪਣੀ ਅੰਮ੍ਰਿਤ ਬਾਣੀ ਵਿੱਚ, ਸ੍ਰੀ ਗਰੂ ਗ੍ਰੰਥ ਸਾਹਿਬ ਵਿੱਚ ਆਪਣੇ ਜੀਵਨ ਵਿੱਚ ਸੱਚ ਨੂੰ ਇਸ ਤਰ੍ਹਾਂ ਪ੍ਰਕਾਸ਼ ਕੀਤਾ ਹੈ ਕਿ ਜੁਗੋ-ਜੁਗ ਅਟਲਉਹ ਸੱਚ ਦਾ ਰਸਤਾ ਜੋ ਗੁਰੂ ਨਾਨਕ ਨਿਰੰਕਾਰ ਦਿਖਾ ਗਏ ਹਨ, ਉਹ ਜੁਗਾਂ ਨੂੰ ਰੌਸ਼ਨ ਕਰਦਾ ਰਹੇਗਾ। ਪਰ ਕੀ ਮਜਾਲ ਹੈ ਕਿ ਉਹ ਸੱਚ ਦਾ ਰਸਤਾ ਦਿਖਾਣ ਵਾਲੇ ਨੇ ਕਦੀ ਆਪ ਨੂੰ ਸਤਿਗੁਰੂ ਕਿਹਾ ਹੋਵੇ। ਗੁਰੂ ਨਾਨਕ ਨਿਰੰਕਾਰ ਨੇ ਆਪਣੇ ਨਾਲ ਕਿਸੇ ਨੂੰ ਨਹੀ ਜੋੜਿਆ ਸਿਰਫ਼ ਨਿਰੰਕਾਰ ਨਾਲ ਜੋੜਿਆ ਹੈ। ਸਾਰੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਨਾਲ ਜੋੜਿਆ ਹੈ। ਇਕ ਵੀ ਪਕੜ ਆਪਣੀ ਨਹੀਂ ਸੀ। ਇੱਥੋਂ ਤਕ ਆਪਣੇ ਆਪ ਨੂੰ ਕਹਿ ਦਿੱਤਾ-

ਜੋ ਹਮ ਕੋ ਪਰਮੇਸਰ ਉਚਰਿਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਜੇ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਇਕ ਆਦਰਸ਼ ਪੁਰਸ਼ 'ਖਾਲਸੇ' ਨੂੰ ਸਾਜਿਆ ਹੈ ਤਾਂ ਉਸ ਵੇਲੇ ਪੰਜ ਪਿਆਰਿਆਂ ਨੂੰ ਸਾਜ ਕੇ ਕਹਿ ਕੀ ਰਹੇ ਹਨ-

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀ ਮੋਸੇ ਗਰੀਬ ਕਰੋਰ ਪਰੇ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਜੇ ਕੋ ਭਲਾ ਲੋੜੈ ਭਲ ਅਪਨਾ
ਗੁਰ ਆਗੈ ਢਹਿਢਹਿ ਪਾਵੈਗੋ॥
ਨਾਨਕ ਦਇਆ ਦਇਆ ਕਰਿ ਠਾਕੁਰ
ਮੈਂ' ਸਤਿਗੁਰ ਭਸਮ ਲਗਾਵੈਗੋ॥
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ॥
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ॥
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ॥
ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ॥

ਬਾਬਾ ਨੰਦ ਸਿੰਘ ਸਾਹਿਬ ਦੇ ਮਹਾਨ ਬਚਨ ਅਜੇ ਤਕ ਕੰਨਾਂ ਵਿੱਚ ਗੂੰਜ ਰਹੇ ਹਨ। ਜਿਸ ਵਕਤ ਸਾਹਿਬ ਨੇ ਫੁਰਮਾਉਂਣਾ-

ਗੁਰੂ ਨਾਨਕ ਦੇ ਦਰ ਤੇ ਮੁਰਦੇ ਪਰਵਾਨ ਹਨ। ਸਿੱਖ ਮਿੱਟੀ ਦੀ ਮੁੱਠ ਹੈ।
 
ਜਿਸ ਵਕਤ ਕੋਈ ਵੀ ਬਚਨ ਕਰਦੇ ਸਨ ਯਾ ਸਾਖੀ ਸੁਨਾਂਦੇ ਸਨ ਤਾਂ ਉਸਨੂੰ ਇਕ ਪ੍ਰਕਾਸ਼ ਮਈ ਤਰੀਕੇ ਨਾਲ ਦਸਦੇ ਸਨ, ਕਮਾਲ ਹੀ ਕਮਾਲ ਹੈ। ਇਕ ਦਿਨ ਬਚਨ ਕੀਤਾ ਕਿ-
 
ਗੁਰੂ ਦੀ ਗੋਦ ਕੀ ਹੈ? 
ਗੁਰੂ ਦੀ ਗੋਦ 'ਗੋਰ' ਹੈ, ਗੋਰ ਕਬਰ ਨੂੰ ਕਹਿੰਦੇ ਹਨ।
ਗੋਰ ਦੇ ਬਾਰੇ 'ਚ ਸਮਝਾ ਰਹੇ ਹਨ ਕਿ ਗੋਰ ਨਿਮਾਣੀ ਵਾਜਾਂ ਮਾਰਦੀ ਹੈ ਨਿਘਰਿਆ ਘਰ ਆਜਾ।
ਮੈਂ' ਤੇਰੇ ਤਿੰਨ ਕੰਮ ਕਰਾਂਗੀ।
ਤੈਨੂੰ ਥਾਂ ਦੇਵਾਂਗੀ।
ਤੇਰੇ ਪਰਦੇ ਕੱਜਾਂਗੀ।
ਮੈਂ ਮਿੱਟੀ ਹਾਂ ਤੈਨੂੰ ਵੀ ਮਿੱਟੀ ਬਣਾ ਲਵਾਂਗੀ। 
 
ਬਾਬਾ ਜੀ ਫੁਰਮਾਉਂਣ ਲੱਗੇ -
 
ਇਹ ਕਹਿ ਕੀ ਰਹੀ ਹੈ? ਕਿ ਮੈਂ' ਜੋ ਹਾਂ ਮੈਂ ਤੈਨੂੰ ਆਪਣਾ ਰੂਪ ਬਣਾ ਲਵਾਂਗੀ। 
ਗੁਰੂ ਦੀ ਗੋਦ ਇਹੀ ਤਿੰਨ ਕੰਮ ਕਰਦੀ ਹੈ।
ਗੁਰੂ ਦੀ ਗੋਦ ਹੀ ਸਿੱਖ ਦਾ ਨਿਸ਼ਾਨਾ ਹੈ।
ਉਹ ਅਸਲ ਥਾਂ ਹੈ ਜਿੱਥੇ ਸਿੱਖ ਨੇ ਜਾ ਕੇ ਆਪਣੀ ਥਾਂ ਸਂਭਾਲਣੀ ਹੈ।
ਜਿਸ ਵਕਤ ਗੁਰੂ ਦੀ ਗੋਦ ਵਿੱਚ ਸਿੱਖ ਜਾਂ ਬਿਰਾਜਦਾ ਹੈ।
 
ਫਿਰ ਪਿਤਾ ਜੀ ਕਹਿਣ ਲੱਗੇ ਕਿ- 
 
ਗੁਰੂ ਨਾਨਕ ਪਾਤਸ਼ਾਹ ਦੀ ਇੰਨੀ ਵਿਸ਼ਾਲ ਗੋਦ ਹੈ ਜਿਸ ਵਿੱਚ ਸਾਰੇ ਹੀ ਉਸਦੇ ਬੱਚੇ ਸਮਾ ਸਕਦੇ ਹਨ।
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ॥
ਸਤਿਗੁਰੂ ਆਇਆ ਹੀ ਇਹ ਖੋਟੇ ਬੱਚਿਆਂ ਨੂੰ ਖਰੇ ਕਰਣ ਵਾਸਤੇ ਹੈ। ਉਹ ਗੋਦ ਖੁਲ੍ਹੀ ਹੈ ਸਾਰਿਆਂ ਵਾਸਤੇ, ਇਹ ਖੋਟੇ ਅਤੇ ਖਰੇ ਬੱਚੇ ਦੋਨਾਂ ਵਾਸਤੇ ਹੀ ਇਹ ਗੋਦ ਖੁਲ੍ਹੀ ਹੈ। ਸਾਰੇ ਬੱਚਿਆਂ ਦਾ ਹੀ ਇਸ ਗੋਦ ਉੱਤੇ ਅਧਿਕਾਰ ਹੈ।
ਸਤਿਗੁਰੁ ਅੰਦਰਹੁ ਨਿਰਵੈਰੁ ਹੈ
ਸਭੁ ਦੇਖੈ ਬ੍ਰਹਮੁ ਇਕੁ ਸੋਇ॥
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ
ਤਿਸ ਦਾ ਬੁਰਾ ਕਿਉ ਹੋਇ॥
ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ॥
ਭਾਈ ਗੁਰਦਾਸ ਜੀ

ਸਾਹਿਬ ਦੀ ਗੋਦ ਹੀ ਉਹ ਨਿਸ਼ਾਨਾ ਹੈ, ਅਸੀਂ ਸਾਰੇ ਹੀ ਉਸਦੇ ਬੱਚੇ ਹਾਂ। ਦਸਮੇਸ਼ ਪਿਤਾ ਜੀ ਦਾ ਇਕ ਵਾਕਿਆ ਤਾਂ ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਸੱਚੇ ਪਾਤਸ਼ਾਹ ਜਿਸ ਵਕਤ ਦਮ-ਦਮਾ ਸਾਹਿਬ ਪਹੁੰਚੇ ਹਨ ਬੜੀ ਸੰਗਤ ਸਾਹਿਬ ਦੇ ਚਰਨਾਂ 'ਚ, ਦਰਬਾਰ 'ਚ ਹਾਜ਼ਰ ਹੈ। ਮਾਤਾ ਜੀ ਪਹੁੰਚੇ ਹਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦੇ ਹਨ ਕਿ ਮੇਰੇ ਲਾਡਲੇ ਨਜ਼ਰ ਨਹੀਂ ਆ ਰਹੇ?

ਫਿਰ ਦਸਮੇਸ਼ ਪਿਤਾ ਜੀ ਇਸ਼ਾਰਾ ਕਿਹੜੇ ਪਾਸੇ ਕਰਦੇ ਹਨ, ਆਪਣੇ ਦੋਵੇ ਹੱਥ ਸਾਰੀ ਸੰਗਤ ਵੱਲ ਇਸ਼ਾਰਾ ਕਰਕੇ ਮਾਤਾ ਜੀ ਨੂੰ ਜਵਾਬ ਦਿੰਦੇ ਹਨ।

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ॥
ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਦਸਮੇਸ਼ ਪਿਤਾ ਜੀ ਸਾਨੂੰ 'ਅਪਨਾ' ਕਿਸ ਤਰ੍ਹਾਂ ਰਹੇ ਹਨ। ਉਹਦੀ ਗੋਦ ਸਾਡੇ ਲਈ ਸਦਾ ਲਈ ਖੁੱਲ੍ਹੀ ਹੈ। ਜੇ ਅਸੀਂ ਉਸ ਗੋਦ ਵਿੱਚ ਪਹੁੰਚ ਗਏ ਤੇ ਉਸ ਵੇਲੇ ਸਤਿਗੁਰੂ ਸਭ ਤੋਂ ਵੱਡੀ ਦਯਾ ਜਿਹੜੀ ਕਰਦਾ ਹੈ ਉਸ ਸਿੱਖ ਦੇ ਜਨਮਾਂ-ਜਨਮਾਂ ਦੇ ਜੁਗਾਂ-ਜੁਗਾਂ ਦੇ ਪਰਦੇ ਢੱਕ ਦਿੰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ।

ਬਾਬਾ ਨੰਦ ਸਿੰਘ ਫੁਰਮਾਉਂਣ ਲੱਗੇ ਕਿ ਫਿਰ ਗੁਰੂ ਆਪਣਾ ਹੀ ਸਰੂਪ ਬਣਾ ਲੈਂਦਾ ਹੈ। ਗੁਰੂ ਅਤੇ ਸਿੱਖ ਦੇ ਵਿੱਚ ਕੋਈ ਪਰਦਾ ਨਹੀਂ ਰਹਿੰਦਾ। ਉਸ ਵੇਲੇ ਸਿੱਖ ਦੇ ਕਪਾਟ ਖੋਲ੍ਹ ਦਿੰਦਾ ਹੈ ਜਦੋਂ ਆਪਣਾ ਸਰੂਪ ਬਖਸ਼ਦਾ ਹੈ।
ਨਾਨਕ ਜੀਵਤਿਆ ਮਰਿ ਰਹੀਐ
ਐਸਾ ਜੋਗੁ ਕਮਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਤਉ ਪਾਈਐ॥
ਖਸਮੈਂ' ਨਦਰੀ ਕੀੜਾ ਆਵੈਜੇਤੇ ਚੁਗੈ ਦਾਣੇ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੈ॥
ਮਰਿ ਮਰਿ ਜੀਵੈ ਤਾ ਕਿਛੁ ਪਾਏ॥
ਗੁਰ ਪਰਸਾਦੀ ਹਰਿ ਮੰਨਿ ਵਸਾਏ॥
ਸਦਾ ਮੁਕਤੁ ਹਰਿ ਮੰਨਿ ਵਸਾਏ
ਸਹਜੇ ਸਹਜਿ ਸਮਾਵਣਿਆ॥
ਨਦਰੀ ਮਰਿ ਕੈਜੀਵੀਐ
ਨਦਰੀ ਸਬਦੁ ਵਸੈ ਮਨਿ ਆਇ॥
ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ॥
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥

ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਵਿੱਚ ਫੁਰਮਾਉਣਾ-

ਗੁਰੂ ਨਾਨਕ ਦਾ ਪਟਾ ਆਪਣੇ ਗਲ ਵਿੱਚ ਪਾ ਲਓ।
ਗੁਰੂ ਨਾਨਕ ਦੇ ਘਰ ਮੁਰਦੇ ਪਰਵਾਨ ਹਨ। 
ਸਾਧ ਮੁਰਦਾ ਹੀ ਹੋਣਾ ਚਾਹੀਦਾ ਹੈ, ਮੁਰਦਾ ਕੀ ਤੇ ਮਾਣ ਕੀ।
(ਇਸ਼ਾਰਾ: ਗੁਰੂ ਨਾਨਕ ਪਾਤਸ਼ਾਹ ਦੇ ਨਿਮਰਤਾ-ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਨੂੰ ਅਪਨਾ ਲਉ।) 
ਗੁਰੂ ਸਾਹਿਬਾਨ ਨੇ ਲੇਸ ਮਾਤਰ ਮਾਣ ਆਪਣੇ ਉੱਤੇ ਨਹੀਂ ਲਿਆ ਅਤੇ ਸਰਬਤ ਦੇ ਭਲੇ ਵਾਸਤੇ ਮਹਾਨ ਸ਼ਹਾਦਤਾਂ ਤੇ ਬਲੀਦਾਨ ਦਿੱਤੇ।
 
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥