ਖੁਦਾ ਬਣ ਕੇ, ਫਨ੍ਹਾਂ ਹੋ ਕੇ ਪ੍ਰੇਮ ਕਿੱਦਾਂ ਕਰਨਾ ਹੈ ਉਹ ਗੁਰੂ ਅੰਗਦ ਸਾਹਿਬ ਤੋਂ ਸਿੱਖੋ।

Humbly request you to share with all you know on the planet!

ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਕੰਨਾਂ ਵਿੱਚ ਬੀਬੀ ਅਮਰੋ ਜੀ ਪਾਸੋਂ ਜਪੁਜੀ ਸਾਹਿਬ ਦੇ ਪਾਠ ਦੀਆਂ ਮਿੱਠੀਆਂ ਧੁਨੀਆਂ ਪਈਆਂ ਹਨ। ਫਿਰ ਸਾਹਿਬ ਬਿਆਕੁਲ ਹੋਕੇ ਪੁੱਛਦੇ ਹਨ ਕਿ ਪੁੱਤ ਇਹ ਕਿਸ ਦੀ ਬਾਣੀ ਹੈ। ਜੀ! ਗੁਰੂ ਨਾਨਕ ਦੀ। ਪੁੱਤ! ਮੈਨੂੰ ਗੁਰੂ ਨਾਨਕ ਪਾਸ ਲੈ ਚਲ। ਇਕ ਦਮ ਫਿਰ ਬੀਬੀ ਅਮਰੋ ਜੀ ਦਸਦੇ ਹਨ ਕਿ ਉਨ੍ਹਾਂ ਦੇ ਹੀ ਪ੍ਰੇਮ ਪ੍ਰਕਾਸ਼ ਦੂਜੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਉਨ੍ਹਾਂ ਦੀ ਗੱਦੀ ਤੇ ਬਿਰਾਜਮਾਨ ਹਨ। ਫੁਰਮਾਇਆ-ਪੁੱਤ! ਮੈਨੂੰ ਉਨ੍ਹਾਂ ਪਾਸ ਲੈ ਚਲ।

ਗੁਰੂ ਅਮਰਦਾਸ ਜੀ ਹੁਣ ਉਸ ਪ੍ਰੇਮ ਪ੍ਰਕਾਸ਼ ਦੇ ਚਰਨਾਂ 'ਚ ਤੁਰੇ ਜਾ ਰਹੇ ਹਨ ਅਤੇ ਕਿਸ ਮਸਤੀ ਵਿੱਚ ਤੁਰੇ ਜਾ ਰਹੇ ਹਨ। ਜਾਕੇ ਗੁਰੂ ਅੰਗਦ ਸਾਹਿਬ ਦੇ ਚਰਨ-ਕਮਲਾਂ ਤੇ ਢਹਿ ਪੈਂਦੇ ਹਨ ਤੇ ਦਰਸ਼ਨ ਕਰਦੇ ਹੀ ਆਪਣਾ ਸਭ ਕੁਝ ਭੁੱਲ ਜਾਂਦੇ ਹਨ। ਸਾਰਾ ਸੰਸਾਰ ਹੀ ਭੁੱਲ ਜਾਂਦੇ ਹਨ। ਉਸ ਪ੍ਰਕਾਸ਼ 'ਚ ਇਸ ਤਰ੍ਹਾਂ ਕੈਦ ਹੁੰਦੇ ਹਨ ਕਿ ਬਾਰਾਂ ਸਾਲ ਤਕ ਨਹੀਂ ਪਤਾ ਲਗਿਆ ਕਿ ਸਾਹਿਬ ਕਿਸ ਤਰ੍ਹਾਂ ਉਨ੍ਹਾਂ ਦੇ ਚਰਨ-ਕਮਲਾਂ ਦਾ ਪ੍ਰੇਮ ਪ੍ਰਕਾਸ਼ ਪੀ ਰਹੇ ਹਨ। ਉਸ ਪ੍ਰੇਮ ਪ੍ਰਕਾਸ਼ ਨੂੰ ਪਾਣ ਕਰਦੇ-ਕਰਦੇ ਉਸ ਵੇਲੇ ਅੰਤ ਦਾ ਪਤਾ ਉਦੋਂ ਲੱਗਾ ਹੈ ਜਦੋਂ ਸਾਰਾ ਪ੍ਰੇਮ ਪ੍ਰਕਾਸ਼ ਉਨ੍ਹਾਂ ਨੇ ਆਪ ਪੀ ਲਿਆ ਹੈ ਤੇ ਗੁਰੂ ਅੰਗਦ ਸਾਹਿਬ ਉਨ੍ਹਾਂ ਦੇ ਚਰਨਾਂ 'ਚ ਬੈਠ ਗਏ। ਉਨ੍ਹਾਂ ਦਾ (ਗੁਰੂ ਅਮਰਦਾਸ ਜੀ ਦਾ) ਇਸ਼ਨਾਨ ਆਪਣੇ ਹੰਝੂਆਂ ਦੇ ਨਾਲ ਕਰਵਾਉਂਦੇ ਹਨ। ਸਾਧ ਸੰਗਤ ਜੀ ਇਹ ਪ੍ਰੇਮ ਪ੍ਰਕਾਸ਼ ਦੀ ਅਮਰ ਗਾਥਾ ਹੈ।

ਸਗਲੀ ਜੋਤਿ ਹਮਾਰੀ ਸੰਮਿਆ
ਨਾਨਾ ਵਰਨ ਅਨੇਕੰ॥
ਕਹੁ ਨਾਨਕ ਸੁਣਿ ਭਰਥਰਿ ਜੋਗੀ
ਪਾਰਬ੍ਰਹਮ ਲਿਵ ਏਕੰ॥
ਆਪੇ ਵਰਖੈ ਅੰਮ੍ਰਿਤ ਧਾਰਾ॥
ਰਤਨ ਜਵੇਹਰ ਲਾਲ ਅਪਾਰਾ॥
ਸਤਿਗੁਰੁ ਮਿਲੈ ਤ ਪੂਰਾ ਪਾਈਐ
ਪ੍ਰੇਮ ਪਦਾਰਥੁ ਪਾਇਦਾ॥
ਪ੍ਰੇਮ ਪਦਾਰਥੁ ਲਹੈ ਅਮੋਲੋ॥
ਕਬ ਹੀ ਨ ਘਾਟਸਿ ਪੂਰਾ ਤੋਲੋ॥
ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ॥
ਪ੍ਰੇਮ ਪਰਾਇਣ ਪ੍ਰੀਤਮ ਰਾਉ॥
ਨਦਰਿ ਕਰੇ ਤਾ ਬੂਝੈ ਨਾਉ॥
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥
ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ॥
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ॥
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ
ਵਡਭਾਗੀ ਨਾਵਹਿ ਆਇ॥
ਉਨ ਜਨਮ ਜਨਮ ਕੀ ਮੈਂ'ਲੁ ਉਤਰੈ
ਨਿਰਮਲ ਨਾਮੁ ਦ੍ਰਿੜਾਇ॥
ਜਨ ਨਾਨਕ ਉਤਮ ਪਦੁ ਪਾਇਆ
ਸਤਿਗੁਰ ਕੀ ਲਿਵ ਲਾਇ॥
ਪ੍ਰੇਮ ਭਗਤਿ ਜਿਸੁ ਆਪੇ ਦੇਇ॥
ਜਗ ਮਹਿ ਵਿਰਲੇ ਕੇਈ ਕੇਇ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥