ਸਦਾ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ
ਮਾਤਾ ਦੀ ਗੋਦੀ ਵਿੱਚ ਪਏ ਬੱਚੇ ਨੂੰ ਕੋਈ ਬੇਆਰਾਮੀ ਜਾਂ ਤਕਲੀਫ਼ ਨਹੀਂ ਹੁੰਦੀ, ਉਸ ਨੂੰ ਕੋਈ ਭੁੱਖ ਨਹੀਂ ਰਹਿੰਦੀ। ਬੱਚਾ ਸੁੱਖ-ਆਰਾਮ ਦੀ ਨੀਂਦ ਸੌਂਦਾ ਹੈ। ਬੱਚਾ ਜਿੱਥੇ ਵੀ ਹੋਵੇ, ਮਾਤਾ ਉਸ ਦੀਆਂ ਦੁੱਖ-ਤਕਲੀਫ਼ਾਂ ਵਿੱਚ ਸਹਾਇਤਾ ਕਰਦੀ ਹੈ ਅਤੇ ਉਸਨੂੰ ਕੋਈ ਦੁੱਖ ਤਕਲੀਫ ਨਹੀਂ ਪਹੁੰਚਣ ਦਿੰਦੀ। ਜੇ ਇੱਕ ਸੰਸਾਰੀ ਮਾਤਾ ਆਪਣੇ ਬੱਚੇ ਵਾਸਤੇ ਇੰਨੀ ਕੁਰਬਾਨੀ ਕਰਦੀ ਹੈ ਤਾਂ ਸਾਡਾ ਸੱਚਾ ਮਾਤਾ ਪਿਤਾ-ਪਰਮਾਤਮਾ ਆਪਣੇ ਪਿਆਰੇ ਬੱਚਿਆਂ ਦੀ ਕਿੰਨੀ ਦੇਖਭਾਲ ਕਰਦਾ ਹੋਵੇਗਾ। ਇਸ ਦਾ ਤਾਂ ਉਨ੍ਹਾਂ ਨੂੰ ਹੀ ਅਹਿਸਾਸ ਹੈ ਜਿਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੂਹਾਨੀ ਗੋਦ ਦਾ ਨਿੱਘ ਮਾਣਿਆ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਵੱਡੇ ਰੂਹਾਨੀ ਪਰਿਵਾਰ ਦੇ ਸਾਰੇ ਬੱਚਿਆਂ ਤੇ ਮੈਬਰਾਂ ਦੀ ਮਾ-ਬਾਪ ਵਾਂਗ ਦੇਖਭਾਲ ਤੇ ਰੱਖਿਆ ਕਰਦੇ ਹਨ (ਜਿਵੇਂ 1947 ਦੀ ਅਦਲਾ ਬਦਲੀ ਵਿੱਚ ਕੀਤੀ ਸੀ )। ਅੱਜ ਵੀ ਉਨ੍ਹਾਂ ਦੀ ਇਸ ਵਡਿਆਈ ਦਾ ਜਸ ਗਾਇਆ ਜਾਂਦਾ ਹੈ ਜਿਹੜਾ ਵੀ ਉਨ੍ਹਾਂ ਦੀ ਸ਼ਰਨ ਵਿੱਚ ਇੱਕ ਵਾਰ ਚਲਾ ਜਾਂਦਾ ਸੀ, ਬਾਬਾ ਜੀ ਉਸ ਦਾ ਮਾ-ਬਾਪ ਵਾਂਗ ਖ਼ਿਆਲ ਰੱਖਦੇ ਸਨ। ਬਾਬਾ ਜੀ ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਦੇ ਅਤੇ ਹਰ ਔਕੜ ਸਮੇਂ ਉਨ੍ਹਾਂ ਦੀ ਰੱਖਿਆ ਕਰਦੇ ਹਨ।
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਬਾਬਾ ਜੀ 1943 ਨੂੰ ਸਰੀਰਕ ਰੂਪ ਵਿੱਚ ਅਲੋਪ ਹੋ ਗਏ ਸਨ, ਫਿਰ ਵੀ 1947 ਦੇ ਘੱਲੂਘਾਰੇ ਵਿੱਚ ਉਨ੍ਹਾਂ ਨੇ ਮਾਤਾ ਪਿਤਾ ਵਾਂਗ ਆਪਣੇ ਸਾਰੇ ਬੱਚਿਆਂ ਦੀ ਰੱਖਿਆ ਕੀਤੀ। ਇਸ ਅਦਲਾ ਬਦਲੀ ਵਿੱਚ ਉਨ੍ਹਾਂ ਦੇ ਕਿਸੇ ਸੇਵਕ ਨੂੰ ਝਰੀਟ ਤੱਕ ਨਹੀਂ ਲੱਗੀ ਸੀ, ਕੋਈ ਵੀ ਅਣਿਆਈ ਮੌਤੇ ਨਹੀਂ ਮਰਿਆ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੀ ਸਦੀਵੀ ਹਜ਼ੂਰੀ ਧੰਨ ਹੈ ! ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਸਦਾ ਹੀ ਹਾਜ਼ਰ ਨਾਜ਼ਰ ਹਨ॥