ਰੱਬ ਪ੍ਰੇਮ ਹੈ-ਪ੍ਰੇਮ ਰੱਬ ਹੈ
ਬਾਬਾ ਜੀ ਦੀ ਡੂੰਘੀ ਲਿਵ ਦਾ ਹਰ ਇਕ ਨੂੰ ਅਨੁਭਵ ਸੀ। ਸਭ ਸ਼ਰਧਾਲੂ ਇਹ ਕਹਿੰਦੇ ਸਨ ਕਿ ਬਾਬਾ ਜੀ ਉਨ੍ਹਾਂ ਨੂੰ ਬਹੁਤ ਪ੍ਰੇਮ ਕਰਦੇ ਹਨ। ਹਰ ਸ਼ਰਧਾਲੂ ਨੂੰ ਇਕ ਅਜੀਬ ਅਨੁਭਵ ਹੋਣ ਨਾਲ ਆਪਣੇ ਜੀਵਨ ਵਿੱਚ ਤਬਦੀਲੀ ਜਾਪਦੀ ਸੀ। ਹਰ ਕਿਸੇ ਨੂੰ ਉਨ੍ਹਾਂ ਦੇ ਦੁਰਲੱਭ ਚਮਤਕਾਰੀ ਜੀਵਨ ਵਿੱਚ ਭਰੋਸਾ ਸੀ। ਦਾਸ ਨੂੰ ਇਹ ਅਨੁਭਵ ਹੈ ਅਤੇ ਇਸ ਅਨੁਭਵ ਦੀ ਥਰਥਰਾਹਟ ਮੇਰੇ ਅੰਦਰ ਨਿਰੰਤਰ ਗੂੰਜਦੀ ਰਹਿੰਦੀ ਹੈ।
ਇਹ ਸੱਤ ਹੈ ਕਿ ਬਾਬਾ ਜੀ ਦੀ ਮਿਹਰ ਅਤੇ ਦਇਆ ਦ੍ਰਿਸ਼ਟੀ ਸਰਬ ਜੀਵਾਂ ਤੇ ਬਰਾਬਰ ਪੈਂਦੀ ਸੀ। ਬਾਬਾ ਜੀ ਦੀ ਮਿਹਰ ਨਾਲ ਜੀਵ ਮੁਕਤੀ ਪ੍ਰਾਪਤ ਕਰਦੇ ਸਨ। ਬਾਬਾ ਜੀ ਅੰਮ੍ਰਿਤ ਨਾਮ ਰਸ ਦੇ ਸਾਗਰ ਸਨ। ਸਭ ਨੇ ਇਸ ਅੰਮ੍ਰਿਤ ਨਾਮ ਰਸ ਦਾ ਰੂਹਾਨੀ ਸੁਆਦ ਚੱਖਿਆ ਹੈ;
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥
ਇਹ ਸੱਤ ਹੈ ਕਿ ਉਹ ਸਰਬ ਜੀਆਂ ਵਿੱਚ ਵਰਤ ਰਹੇ ਹਨ ਅਤੇ ਹਾਜ਼ਰ ਹਜ਼ੂਰ ਹਨ,
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਬਾਬਾ ਨੰਦ ਸਿੰਘ ਜੀ ਮਹਾਰਾਜ ਪ੍ਰੇਮ ਅਤੇ ਮਿਹਰ ਦੇ ਖਜ਼ਾਨੇ ਸਨ। ਉਨ੍ਹਾਂ ਦੇ ਪਵਿੱਤਰ ਨਾ “ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ” ਦੀ ਮਿੱਠੀ ਧੁਨੀਂ ਨਾਲ ਸ਼ਰਧਾਲੂਆਂ ਦੀਆਂ ਰੂਹਾਂ, ਰੂਹਾਨੀ ਖੇੜੇ ਵਿੱਚ ਆ ਜਾਂਦੀਆਂ ਹਨ। ਉਨ੍ਹਾਂ ਦੇ ਹਿਰਦਿਆਂ ਵਿੱਚ ਪਿਆਰ ਦੀ ਧੜਕਣ ਪੈਦਾ ਹੋ ਜਾਂਦੀ ਹੈ। ਇਸ ਰੂਹਾਨੀ ਮਾ-ਬਾਪ ਦੇ ਬੱਚੇ ਯਤੀਮ ਕਿਵੇਂ ਹੋ ਸਕਦੇ ਹਨ? ਰੂਹਾਨੀ ਮਾ ਬਾਪ ਆਪਣੇ ਬੱਚਿਆਂ ਦੀ ਹਰ ਦਮ ਦੇਖ ਭਾਲ ਤੇ ਰੱਖਿਆ ਕਰਦੇ ਹਨ ਅਤੇ ਜਨਮ - ਮਰਨ ਦੇ ਗੇੜ ਤੋਂ ਬਚਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਇਸ ਸੰਸਾਰ ਦੀ ਭਿਆਨਕ ਉਜਾੜ ਵਿੱਚ ਵੀ ਅਗਵਾਈ ਦਿੰਦੇ ਹਨ, ਕਦੇ ਭੁਲਾਉਂਦੇ ਨਹੀਂ।
ਬਾਬਾ ਜੀ ਦੀ ਹਜ਼ੂਰੀ ਵਿੱਚ ਇਕ ਆਤਮਕ ਹੁਲਾਸ ਪੈਦਾ ਹੁੰਦਾ ਸੀ ਅਤੇ ਅਜੀਬ ਬਖਸ਼ਿਸ਼ ਦਾ ਅਨੁਭਵ ਹੁੰਦਾ ਸੀ। ਬਾਬਾ ਜੀ ਦੀ ਰਮਜ਼ੀ ਰੂਹਾਨੀ ਸ਼ਕਤੀ ਵੱਲ ਸਾਰੇ ਧਰਮਾਂ ਦੇ ਲੋਕ ਤੇ ਪਸ਼ੂ-ਪੰਛੀ ਖਿੱਚੇ ਚਲੇ ਆਉਂਦੇ ਸਨ। ਬਾਬਾ ਜੀ ਨੂੰ ਇਸ ਧਰਤੀ ਤੋਂ ਸਰੀਰਕ ਰੂਪ ਵਿੱਚ ਅਲੋਪ ਹੋਇਆਂ 70 ਵਰ੍ਹੇ ਹੋ ਗਏ ਹਨ। ਪਰੰਤੂ ਸਾਰੀ ਦੁਨੀਆਂ ਅੱਜ ਵੀ ਉਨ੍ਹਾਂ ਦੇ ਰੂਹਾਨੀ ਪ੍ਰੇਮ ਸਾਗਰ ਵੱਲ ਖਿੱਚੀ ਚਲੀ ਆਉਂਦੀ ਹੈ। ਉਹ ਕਰਨ ਕਰਾਵਨਹਾਰ ਸਤਿਪੁਰਖ ਸਨ। ਉਹ ਇਸ ਸੰਸਾਰ ਵਿੱਚ ਵਿਆਪਕ ਹਨ ਕਿੱਧਰੇ ਗਏ ਨਹੀਂ। ਸਾਨੂੰ ਉਨ੍ਹਾਂ ਦੇ ਸਰਬ ਵਿਆਪਕ ਹੋਣ ਦਾ ਨਿਸ਼ਚਾ ਸਦੀਵੀ ਪੱਕਾ ਹੈ। ਉਨ੍ਹਾਂ ਦੇ ਬੋਲ ਕਿੰਨੇ ਅਨੁਭਵੀ ਅਤੇ ਗਿਆਨਮਈ ਹਨ।
ਬਾਬਾ ਨਾਨਕ ਬਖਸ਼ ਲੈ॥