ਮਹਾਨ ਕਿਰਪਾ
ਇਕ ਵਾਰ ਛੋਟੇ ਠਾਠ ਵਿੱਚ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ। ਬਾਬਾ ਜੀ ਨੇ ਉਠ ਕੇ ਜਾਣਾ ਸੀ। ਮੇਰੇ ਮਨ ਵਿੱਚ ਇਕ ਪ੍ਰਬਲ ਇੱਛਾ ਪੈਦਾ ਹੋਈ। “ਮੈਂ” ਮਨ ਹੀ ਮਨ ਵਿੱਚ ਬਾਬਾ ਜੀ ਨੂੰ ਅਰਦਾਸ ਕਰਨੀ ਸ਼ੁਰੂ ਕੀਤੀ ਕਿ “ਬਾਬਾ ਜੀ, ਜੇ ਸਾਡੇ, ਦਿਲਾਂ ਦੀ ਜਾਨਣਹਾਰ ਹੋ ਤਾਂ ਮੈਨੂੰ ਆਪਣੇ ਪਵਿੱਤਰ ਚਰਨ-ਕਮਲਾਂ ਨੂੰ ਪਰਸਣ ਦਾ ਮੌਕਾ ਦਿਉ।” ਮੈਂ ਮੋਹਰਲੀ ਕਤਾਰ ਵਿੱਚ ਬੈਠਾ ਹੋਇਆ ਸੀ। ਜਿਉਂ ਹੀ ਬਾਬਾ ਜੀ ਮੇਰੇ ਕੋਲੋਂ ਦੀ ਲੰਘਣ ਲੱਗੇ ਤਾਂ ਉਹ ਰੁੱਕ ਗਏ। ਮੈਂ ਝੱਟਪੱਟ ਉਨ੍ਹਾਂ ਦੇ ਪਵਿੱਤਰ ਚਰਨਾਂ ਦੇ ਢਹਿ ਪਿਆ ਅਤੇ ਬਾਬਾ ਜੀ ਦੇ ਚਰਨਾ ਨੂੰ ਚੁੰਮਣ ਲੱਗ ਪਿਆ। ਭਾਈ ਰਤਨ ਸਿੰਘ ਜੀ ਕਲੇਰਾਂ ਵਾਲੇ ਮੈਨੂੰ ਕਹਿਣ ਲੱਗੇ, “ਐ ਨੌਜੁਆਨ ! ਇਹ ਕੀ ਕਰ ਰਿਹਾ ਹੈਂ?” ਪਰੰਤੂ ਤਰਸਵਾਨ ਬਾਬਾ ਜੀ ਨੇ ਉਸਨੂੰ ਹੱਥ ਦੇ ਇਸ਼ਾਰੇ ਨਾਲ ਮਨ੍ਹਾਂ ਕਰ ਦਿੱਤਾ। ਜਦੋਂ ਮੇਰੀ ਤ੍ਰਿੱਪਤੀ ਹੋ ਗਈ ਤਾਂ ਬਾਬਾ ਜੀ ਨੇ ਆਪਣੀ ਮਿਹਰ ਨਾਲ ਤੱਕਿਆ ਅਤੇ ਅੱਗੇ ਤੁਰ ਪਏ।
ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਕਿਸੇ ਨੂੰ ਵੀ ਆਪਣੇ ਚਰਨਾਂ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਦਿੰਦੇ ਸਨ। ਇਹ ਘਟਨਾ ਹੁਣ ਮੇਰੇ ਜੀਵਨ ਦਾ ਥੰਮ, ਮੇਰੀ ਟੇਕ ਅਤੇ ਮੇਰਾ ਆਸਰਾ ਬਣੀ ਹੋਈ ਹੈ।
ਉਨ੍ਹਾਂ ਨੇ ਮੇਰੇ ਉਪਰ ਅਪਾਰ ਕਿਰਪਾ ਅਤੇ ਮਿਹਰ ਕਰਨ ਲਈ ਆਪਣਾ ਨਿਯਮ ਨਰਮ ਕੀਤਾ। ਉਨ੍ਹਾਂ ਨੇ ਛੇਤੀ ਹੀ ਇਹ ਚੋਲਾ ਤਿਆਗ ਜਾਣਾ ਸੀ। ਇਸ ਲਈ ਉਹ ਮੈਨੂੰ ਆਪਣੀ ਅਪਾਰ ਦਇਆ ਅਤੇ ਕਿਰਪਾ ਤੋਂ ਵਾਂਝਿਆਂ ਨਹੀਂ ਰੱਖਣਾ ਚਾਹੁੰਦੇ ਸਨ। ਬਾਬਾ ਜੀ ਤ੍ਰੈਕਾਲ ਦਰਸ਼ੀ ਸਨ, ਉਹ ਅੰਤਰਜਾਮੀ ਸਨ, ਉਨ੍ਹਾਂ ਨੇ ਮੇਰੀ ਦਿਲ ਦੀ ਪ੍ਰਬਲ ਇੱਛਾ ਪੂਰੀ ਕਰਨ ਲਈ ਇਹ ਨਿਯਮ ਨਰਮ ਕੀਤਾ ਸੀ।
ਚਰਨ-ਪਰਸਣ ਬਾਅਦ ਮੈਂ ਉਪਰ ਮੂੰਹ ਚੁੱਕ ਕੇ ਬਾਬਾ ਜੀ ਵੱਲ ਵੇਖਿਆ।
ਜਦੋਂ ਮੈਂ ਮੂੰਹ ਉੱਪਰ ਚੁੱਕ ਕੇ ਵੇਖਿਆ ਸੀ ਤਾਂ ਉਨ੍ਹਾਂ ਦੀਆਂ ਪਾਕ ਨਿਗਾਹਾਂ ਮੇਰੇ ਵੱਲ ਵੇਖ ਰਹੀਆਂ ਸਨ ਅਤੇ ਇਨ੍ਹਾਂ ਵਿੱਚੋਂ ਵਗਦੀਆਂ ਮਿਹਰਾਂ ਦੀਆਂ ਨਦੀਆਂ ਮੈਨੂੰ ਆਤਮਕ ਅਨੰਦ ਵਿੱਚ ਪੂਰੀ ਤਰ੍ਹਾਂ ਲਪੇਟ ਰਹੀਆਂ ਸਨ। ਇਹ ਨਜ਼ਾਰਾ ਮੈਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਨਹੀਂ ਆਉਂਦਾ। ਹਾਂ ਮੈਂ ਪਾਠਕਾਂ ਨਾਲ ਇਹ ਅਨੁਭਵ ਤਾਂ ਸਾਂਝਾ ਕਰ ਸਕਦਾ ਹਾਂ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੀਆਂ ਚਮਤਕਾਰੀ ਅਤੇ ਰੂਹ ਨੂੰ ਲਰਜ਼ਾ ਦੇਣ ਵਾਲੀਆਂ ਪਾਕ ਨਿਗਾਹਾਂ ਨਾਲ ਮੇਰੀ ਸੱਖਣੀ ਝੋਲੀ ਮਿਹਰਾਂ ਅਤੇ ਬਖਸ਼ਿਸ਼ਾਂ ਨਾਲ ਭਰ ਦਿੱਤੀ ਸੀ। ਅੱਜ ਇਸ ਘਟਨਾਂ ਨੂੰ 75 ਸਾਲ ਹੋ ਗਏ ਹਨ ਪਰ ਇਹ ਮਿਹਰਾਂ ਅਤੇ ਬਖਸ਼ਿਸ਼ਾਂ ਮੇਰੇ ਨਾਲ ਨਾਲ ਹੀ ਰਹੀਆਂ ਹਨ। ਅੱਜ ਮੈਨੂੰ ਕੋਈ ਆਤਮਕ ਹੁਲਾਰਾ ਆਉਂਦਾ ਵੀ ਹੈ ਤਾਂ ਮੈਂ ਬੜੀ ਹਲੀਮੀ ਅਤੇ ਅਧੀਨਗੀ ਨਾਲ ਮੰਨਦਾ ਹਾਂ ਕਿ ਇਹ ਉਸ ਚਮਤਕਾਰੀ ਪਾਕ ਨਿਗਾਹਾਂ ਦਾ ਸਦਕਾ ਹੀ ਹੈ ਜਿਸ ਦੀ ਯਾਦ ਮੇਰੀ ਰੂਹ ਦੀਆਂ ਤੈਹਾਂ ਵਿੱਚ ਅਜੇ ਵੀ ਤਾਜ਼ਾ ਹੈ।