ਜੰਗਲੀ ਜੀਵਾਂ ਤੇ ਅਪਾਰ ਦਇਆ
- ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਅਰਦਾਸ
ਇਹ ਪਵਿੱਤਰਤਾ ਤੇ ਪ੍ਰੇਮ ਦੇ ਸਾਗਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਅਪਾਰ ਲੀਲ੍ਹਾ ਸੀ। ਉਨ੍ਹਾਂ ਦੀ ਹਜ਼ੂਰੀ ਵਿੱਚ ਹਿਰਦਾ ਸ਼ੁਧ ਹੋ ਜਾਂਦਾ ਸੀ। ਹਿਰਦੇ ਵਿੱਚ ਸੱਚੇ ਪ੍ਰੇਮ ਦੀ ਜੋਤ ਜਗ ਪੈਣ ਨਾਲ ਉੱਚੀ ਆਤਮਕ ਅਵਸਥਾ ਦਾ ਦਰਵਾਜ਼ਾ ਖੁਲ੍ਹ ਜਾਂਦਾ ਸੀ। ਉਨ੍ਹਾਂ ਦੇ ਰੂਹਾਨੀ ਪ੍ਰੇਮ ਅਤੇ ਪ੍ਰਭਾਵ ਵਿੱਚ ਕੁਦਰਤ ਵੀ ਅਹਿਲ ਖਲੋ ਜਾਂਦੀ ਸੀ ਤੇ ਬਾਬਾ ਜੀ ਦੇ ਸਤਿਕਾਰ ਵਿੱਚ ਬਹੁਤ ਨਿਮਰ ਭਾਵ ਵਿੱਚ ਆ ਜਾਂਦੀ ਸੀ। ਸਾਰੀ ਸੰਗਤ ਨੂੰ ਪ੍ਰੇਮ ਦੇ ਸਾਗਰ ਬਾਬਾ ਜੀ ਦੀ ਰੂਹਾਨੀ ਬਖਸ਼ਿਸ਼ ਦੀ ਝਰਨਾਹਟ ਅਨੁਭਵ ਹੁੰਦੀ ਸੀ। ਦਇਆ ਸਰੂਪ ਬਾਬਾ ਜੀ ਜਦੋਂ ਅਰਦਾਸ ਕਰਦੇ ਤਾਂ ਇਸ ਅਰਦਾਸ ਵਿੱਚ ਹਾਜ਼ਰ ਸਾਰੀ ਸੰਗਤ ਦੇ ਭਲੇ ਦੀ ਅਰਦਾਸ ਕਰਕੇ ਮੁਕਤੀ ਦੇ ਦਾਤੇ ਮੁਕਤੀ ਦੀ ਦਾਤ ਲੁਟਾ ਦਿੰਦੇ ਸਨ,
ਬਾਬਾ ਜੀ ਅਰਦਾਸ ਵਿੱਚ ਸਾਰੇ ਮਨੁੱਖਾਂ, ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਕੀਟ-ਪਤੰਗਿਆਂ ਆਦਿ ਜੀਵਾਂ ਦੀ ਮੁਕਤੀ ਲਈ ਦੁਆ ਕਰਦੇ ਸਨ। ਮੁਕਤੀਦਾਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਿਹਰ-ਦ੍ਰਿਸ਼ਟੀ ਤੋਂ ਬਾਹਰ ਕੁਝ ਨਹੀਂ ਰਹਿੰਦਾ ਸੀ। ਉਨ੍ਹਾਂ ਦੀ ਅਰਦਾਸ ਸਾਰੇ ਜੀਵਾਂ ਦੇ ਉਧਾਰ ਵਾਸਤੇ ਹੁੰਦੀ ਸੀ। ਇਹ ਉਨ੍ਹਾਂ ਦੀ ਸਾਰੀ ਸ੍ਰਿਸ਼ਟੀ ਉਪਰ ਅਪਾਰ ਮਿਹਰ ਦਾ ਇਕ ਜਲੌ ਸੀ।
ਦਾਸ ਨੂੰ ਅਨੇਕਾਂ ਵਾਰ ਪੂਰਨਮਾਸ਼ੀ ਦੇ ਦਿਨਾਂ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੁਆਰਾ ਕੀਤੀ ਜਾਂਦੀ ਅਰਦਾਸ ਵਿੱਚ ਸ਼ਾਮਲ ਹੋਣ ਦਾ ਸ਼ੁਭ ਮੌਕਾ ਮਿਲਿਆ ਹੈ। ਦੂਰੋਂ ਦੂਰੋਂ ਆਏ ਸ਼ਰਧਾਲੂ ਉਨ੍ਹਾਂ ਦੀ ਅਰਦਾਸ ਸਮੇਂ ਹਾਜ਼ਰ ਹੋਣ ਨੂੰ ਧੰਨਭਾਗ ਸਮਝਦੇ ਸਨ ਤੇ ਤਰਸਦੇ ਸਨ। ਉਨ੍ਹਾਂ ਦੀ ਅਰਦਾਸ ਬੇਮਿਸਾਲ ਸ਼ਰਧਾ ਭਾਵਨਾ ਵਾਲੀ ਹੁੰਦੀ ਸੀ। ਅਰਦਾਸ ਵਿੱਚ ਉਹ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਪ੍ਰਤੱਖ ਰੂਬਰੂ ਗੱਲਾਂ ਬਾਤਾਂ ਹੀ ਕਰ ਰਹੇ ਹੁੰਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਅੱਗੇ ਕੀਤੀ ਜਾਂਦੀ ਨਿੱਜੀ ਅਰਦਾਸ ਦੇ ਪ੍ਰਭਾਵ ਨਾਲ ਹਾਜ਼ਰ ਸੰਗਤ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹੋਣ ਦੀ ਪ੍ਰਤੀਤੀ ਹੁੰਦੀ ਸੀ। ਬਾਬਾ ਜੀ ਦੀ ਇਸ ਅਰਦਾਸ ਦੇ ਜਾਦੂਈ ਪ੍ਰਭਾਵ ਨਾਲ ਸਾਰੀ ਸੰਗਤ ਨੂੰ ਆਪਣੇ ਪੂਰਬਲੇ ਕਰਮਾਂ ਅਤੇ ਪਾਪਾਂ ਦੇ ਨਾਸ ਹੋਣ ਤੇ ਬੰਦਖਲਾਸੀ ਹੋ ਜਾਣ ਦਾ ਨਿਸ਼ਚਾ ਬੱਝ ਜਾਂਦਾ ਸੀ।
ਅਰਦਾਸ ਦੇ ਰੂਹਾਨੀ ਅਨੁਭਵ ਨਾਲ ਉਨ੍ਹਾਂ ਦੀ ਸੁਰਤੀ ਉੱਚੇ ਰੂਹਾਨੀ ਮੰਡਲ ਵਿੱਚ ਪਹੁੰਚ ਜਾਂਦੀ ਸੀ। ਸਾਰੀ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਬਖਸ਼ਿਸ਼ ਦੇ ਮੰਡਲ ਵਿੱਚ ਪਹੁੰਚ ਜਾਂਦੀ ਸੀ।
ਬਾਬਾ ਜੀ ਦੀ ਦਇਆ-ਦ੍ਰਿਸ਼ਟੀ ਸਭ ਜਾਨਵਰਾਂ, ਪੰਛੀਆਂ, ਕੀੜਿਆਂ ਮਕੌੜਿਆਂ ਤੇ ਪੈਂਦੀ ਸੀ। ਇਹ ਜਾਨਵਰ ਜੀਅ ਦਾਨ ਦੇ ਦਾਤੇ ਬਾਬਾ ਜੀ ਵੱਲ ਖਿੱਚੇ ਚਲੇ ਆਉਂਦੇ ਅਤੇ ਉਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਆ ਕੇ ਮੁਕਤੀ ਹਾਸਲ ਕਰਨਾ ਚਾਹੁੰਦੇ ਸਨ। ਬਾਬਾ ਜੀ ਦੀ ਹਜ਼ੂਰੀ ਵਿੱਚ ਇਹ ਸਭ ਜਾਨਵਰ ਕਿਸੇ ਇਲਾਹੀ-ਰੰਗ ਵਿੱਚ ਹੋਣ ਦਾ ਪ੍ਰਭਾਵ ਦਿੰਦੇ ਸਨ। ਉਨ੍ਹਾਂ ਦੇ ਵਿਵਹਾਰ ਅਤੇ ਰਉਂ ਤੋਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹ ਸਭ ਮੁਕਤੀ, ਉਧਾਰ ਅਤੇ ਬੰਦਖਲਾਸੀ ਵਾਸਤੇ ਬਾਬਾ ਜੀ ਨੂੰ ਜ਼ੋਰਦਾਰ ਅਪੀਲ (ਬੇਨਤੀ) ਕਰ ਰਹੇ ਹੁੰਦੇ ਹਨ।
ਇਕ ਵਾਰ ਠਾਠ ਤੋਂ ਕਈ ਮੀਲ ਦੂਰ ਕੁਝ ਘੋੜ ਸਵਾਰ ਸ਼ਿਕਾਰੀ ਇਕ ਜ਼ਖਮੀ ਹਿਰਨ ਦਾ ਪਿੱਛਾ ਕਰ ਰਹੇ ਸਨ। ਹਿਰਨ ਆਪਣੀ ਪੂਰੀ ਰਫ਼ਤਾਰ ਨਾਲ ਭੱਜਿਆ ਆ ਰਿਹਾ ਸੀ, ਬਾਬਾ ਜੀ ਉਸ ਵੇਲੇ ਇਕ ਭੋਰੇ ਵਿੱਚ ਬੰਦਗੀ ਕਰ ਰਹੇ ਸਨ। ਅੰਤਰਯਾਮੀ ਬਾਬਾ ਜੀ ਭੋਰੇ ਤੋਂ ਬਾਹਰ ਵੱਲ ਕਾਹਲੀ ਕਾਹਲੀ ਗਏ, ਜਿਉਂ ਹੀ ਬਾਬਾ ਜੀ ਬਾਹਰ ਪਹੁੰਚੇ, ਉਹ ਜ਼ਖਮੀ ਹਿਰਨ ਆ ਕੇ ਬਾਬਾ ਜੀ ਦੇ ਪਵਿੱਤਰ ਚਰਨ-ਕਮਲਾਂ ਵਿੱਚ ਲੇਟ ਗਿਆ ਅਤੇ ਨਾਲ ਦੀ ਨਾਲ ਉਸ ਨੇ ਸਵਾਸ ਤਿਆਗ ਦਿੱਤੇ। ਬਾਬਾ ਜੀ ਨੇ ਆਪਣੀ ਸੋਟੀ ਉਸ ਦੇ ਸਿਰ ਤੇ ਛੁਹਾ ਕੇ ਮੁਕਤ ਕਰ ਦਿੱਤਾ। ਏਨੇ ਨੂੰ ਉਸ ਹਿਰਨ ਦਾ ਪਿੱਛਾ ਕਰਨ ਵਾਲੇ ਵੀ ਉੱਥੇ ਆ ਪਹੁੰਚੇ। ਸ਼ਿਕਾਰੀਆਂ ਨੇ ਹਿਰਨ ਨੂੰ ਬਾਬਾ ਜੀ ਦੇ ਚਰਨਾਂ ਵਿੱਚ ਮੁਕਤੀ ਪ੍ਰਾਪਤ ਕਰਦਿਆਂ ਵੇਖਿਆ ਤਾਂ ਉਹ ਇਹ ਕੌਤਕ ਵੇਖ ਕੇ ਬਾਬਾ ਜੀ ਦੇ ਚਰਨਾਂ ਤੇ ਢਹਿ ਪਏ। ਸ਼ਿਕਾਰੀਆਂ ਨੇ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਕਿਸੇ ਵੀ ਜਾਨਵਰ ਨੂੰ ਨਾ ਮਾਰਨ ਦੀ ਕਸਮ ਖਾ ਕੇ ਵਾਪਸ ਚਲੇ ਗਏ, ਬਾਬਾ ਜੀ ਨੇ ਉਨ੍ਹਾਂ ਨੂੰ ਵੀ ਆਪਣੀ ਮਿਹਰ ਦੇ ਪਾਤਰ ਬਣਾ ਲਿਆ ਸੀ।
ਇਕ ਵਾਰ ਕੁਝ ਮੁਸਲਮਾਨ ਚਰਵਾਹੇ ਆਪਣੇ ਭੇਡਾਂ ਦੇ ਵੱਗ ਨਾਲ ਜਗਰਾਉਂ ਨੂੰ ਆ ਰਹੇ ਸਨ। ਰਾਹ ਵਿੱਚ ਰੇਲਵੇ ਲਾਈਨ ਪੈਂਦੀ ਸੀ, ਉਸ ਸਮੇਂ ਇਕ ਰੇਲਵੇ ਅਫਸਰ ਦੀ ਟਰਾਲੀ ਲਾਈਨ ਉਪਰ ਦੀ ਲੰਘ ਰਹੀ ਸੀ। ਭੇਡਾਂ ਦੇ ਰੇਲਵੇ ਲਾਈਨ ਵਿੱਚ ਖੜ੍ਹ ਜਾਣ ਨਾਲ ਟਰਾਲੀ ਨੂੰ ਰੁਕਣਾ ਪੈ ਗਿਆ। ਉਸ ਅਫ਼ਸਰ ਨੇ ਗੁੱਸੇ ਵਿੱਚ ਆ ਕੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਭੇਡਾਂ ਦੇ ਵੱਗ ਨੂੰ ਜਲਾਉਖ਼ਾਨੇ ਲੈ ਜਾਉ। ਏਨੇ ਨੂੰ ਬਾਬਾ ਜੀ ਵੀ ਸ਼ਾਮ ਦੀ ਸੈਰ ਕਰਦੇ ਕਰਦੇ ਉੱਥੇ ਆ ਨਿਕਲੇ। ਰੇਲਵੇ ਅਫ਼ਸਰ ਅਤੇ ਉਸਦੇ ਆਦਮੀਆਂ ਨੇ ਸਤਿਕਾਰ ਵਜੋਂ ਬਾਬਾ ਜੀ ਅੱਗੇ ਸਿਰ ਨਿਵਾਇਆ ਤਾ ਬਾਬਾ ਜੀ ਨੇ ਬੜੀ ਦਿਆਲਤਾ ਨਾਲ ਫੁਰਮਾਇਆਂ,
“ਥੋੜ੍ਹੀ ਦੇਰ ਪਹਿਲਾਂ, ਇਹ ਭੇਡਾਂ ਬਾਘਾਂ ਦੇ ਪੰਜਿਆਂ ਤੋਂ ਬਚਾਈਆਂ ਹਨ ਅਤੇ ਹੁਣ ਤੁਸੀਂ ਸਾਰੇ ਵੱਗ ਨੂੰ ਜਲਾਉਖ਼ਾਨੇ ਭੇਜ ਰਹੇ ਹੋ।”
ਬਾਬਾ ਜੀ ਦੇ ਇਹ ਬਚਨ ਸੁਣ ਕੇ ਮੁਸਲਮਾਨ ਚਰਵਾਹੇ ਬਾਬਾ ਜੀ ਦੇ ਚਰਨਾਂ ਤੇ ਢਹਿ ਪਏ। ਉਨ੍ਹਾਂ ਨੇ ਰੇਲਵੇ ਅਫ਼ਸਰ ਨੂੰ ਦਸਿਆ ਕਿ ਕਿਵੇਂ ਉਨ੍ਹਾਂ ਦੀਆਂ ਭੇਡਾਂ ਉਪਰ ਬਘਿਆੜਾਂ ਨੇ ਹਮਲਾ ਕਰ ਦਿੱਤਾ ਸੀ ਤੇ ਕਿਵੇਂ ਰੱਬ ਨੇ ਉਨ੍ਹਾਂ ਨੂੰ ਬਚਾਇਆ ਸੀ। ਉਨ੍ਹਾਂ ਨੇ ਬਘਿਆੜਾਂ ਦੇ ਹਮਲੇ ਨਾਲ ਜ਼ਖਮੀ ਹੋਈਆਂ ਭੇਡਾਂ ਵੀ ਉਸ ਅਫ਼ਸਰ ਨੂੰ ਵਿਖਾਈਆਂ। ਬਾਬਾ ਜੀ ਨੇ ਮੁਸਲਮਾਨ ਚਰਵਾਹੇ ਨੂੰ ਸਭ ਦੇ ਮਾਲਕ “ਅੱਲਾ” ਦੀ ਇਬਾਦਤ ਕਰਨ ਦੀ ਤਾਕੀਦ ਕੀਤੀ। ਇਸ ਤਰ੍ਹਾਂ ਬਾਬਾ ਜੀ ਦੀ ਨਦਰ ਮਨੁੱਖਾਂ ਅਤੇ ਜਾਨਵਰਾਂ ਤੇ ਬਰਾਬਰ ਪੈਂਦੀ ਸੀ, ਇਹ ਉਨ੍ਹਾਂ ਦੀ ਵਡਿਆਈ ਹੈ। ਇਸ ਤੋਂ ਬਾਅਦ ਇਹ ਚਰਵਾਹੇ ਹਰੇਕ ਪੂਰਨਮਾਸ਼ੀ ਦੇ ਦਿਨ ਬਾਬਾ ਜੀ ਦੇ ਠਾਠ ਤੇ ਸਿਜਦਾ ਕਰਨ ਆਇਆ ਕਰਦੇ ਸਨ।
ਬਾਬਾ ਜੀ ਵਿੱਚ ਰੂਹਾਨੀਅਤ ਦੀਆਂ ਗ਼ੈਬੀ ਸ਼ਕਤੀਆਂ ਹੋਣ ਕਾਰਨ ਜੋ ਕੋਈ ਵੀ ਇਕ ਵਾਰ ਉਨ੍ਹਾਂ ਦੇ ਦਰਸ਼ਨ ਕਰ ਲੈਂਦਾ ਸੀ ਜਾਂ ਉਨ੍ਹਾਂ ਦੀ ਸੰਗਤ ਦਾ ਅਨੰਦ ਮਾਣ ਲੈਂਦਾ ਸੀ, ਉਹ ਸਦਾ ਵਾਸਤੇ ਬਾਬਾ ਜੀ ਦਾ ਸ਼ਰਧਾਲੂ ਬਣ ਜਾਂਦਾ ਸੀ। ਉਸ ਦੇ ਅੰਦਰ ਬਾਬਾ ਜੀ ਦੇ ਬਾਰ-ਬਾਰ ਦਰਸ਼ਨ ਕਰਨ ਦੀ ਖਿੱਚ ਬਣੀ ਰਹਿੰਦੀ ਸੀ। ਬਾਬਾ ਜੀ ਦੇ ਸਤਿਸੰਗ ਦੀ ਗੋਦ ਵਿੱਚ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ, ਨਿਡਰ ਤੇ ਦੁਨੀਆਂਦਾਰੀ ਬੋਝਾਂ ਤੋਂ ਹਲਕਾ ਫੁਲਕਾ ਮਹਿਸੂਸ ਕਰਦਾ ਸੀ। ਉਨ੍ਹਾਂ ਦੀ ਪਵਿੱਤਰ ਗੋਦ ਤੋਂ ਬਿਨਾਂ ਹੋਰ ਕੋਈ ਥਾਂ ਸੁਰੱਖਿਅਤ ਨਹੀਂ ਲਗਦੀ ਸੀ, ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਪਾਪਾਂ ਦਾ ਨਾਸ ਹੋ ਜਾਂਦਾ ਸੀ। ਮਹਾਨ ਪਰਵਰਦਿਗਾਰ ਦੇ ਸਹਾਈ ਹੋਣ ਵਾਲੇ ਹੱਥਾਂ ਵਿੱਚ ਡਰ ਖਤਮ ਹੋ ਜਾਂਦਾ ਸੀ। ਰੂਹਾਨੀ ਸ਼ਾਂਤੀ ਤੇ ਖੇੜੇ ਦੇ ਸਮੁੰਦਰ ਬਾਬਾ ਜੀ ਦੀ ਹਜ਼ੂਰੀ ਵਿੱਚ ਰੂਹ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਸੀ। ਸਭ ਧਰਮਾਂ ਦੇ ਲੋਕ ਅਤੇ ਜਾਨਵਰ ਬਾਬਾ ਜੀ ਪਾਸ ਆ ਜੁੜਦੇ ਸਨ ਜਿਵੇਂ ਕਿ ਕਿਸੇ ਰੱਬੀ ਸ਼ਕਤੀ ਨੇ ਉਨ੍ਹਾਂ ਨੂੰ ਬਾਬਾ ਜੀ ਪਾਸ ਜਾਣ ਦਾ ਆਦੇਸ਼ ਦਿੱਤਾ ਹੋਵੇ। ਉਹ ਬਾਬਾ ਜੀ ਨੂੰ ਆਪਣੇ ਰਖਵਾਲੇ ਅਤੇ ਮੁਕਤੀਦਾਤਾ ਸਮਝ ਕੇ ਪੂਜਾ ਕਰਦੇ ਸਨ।
ਕਈ ਵਾਰ ਜਾਨਵਰ ਅਤੇ ਪਸ਼ੂ ਵੀ ਉਨ੍ਹਾਂ ਦੇ ਦੀਵਾਨ ਵਿੱਚ ਆ ਕੇ ਬੈਠ ਜਾਂਦੇ ਸਨ। ਇਹ ਜਾਨਵਰ ਸੰਗਤ ਦੇ ਪਿੱਛੇ ਬੈਠ ਜਾਂਦੇ ਅਤੇ “ਕਥਾ” ਕੀਰਤਨ ਸਮਾਪਤ ਹੋਣ ਸਾਰ ਉੱਠ ਕੇ ਚਲੇ ਜਾਂਦੇ ਸਨ। ਬਾਬਾ ਜੀ ਜਾਨਵਰਾਂ ਉਪਰ ਜ਼ੁਲਮ ਕਰਨ ਤੋਂ ਹਮੇਸ਼ਾ ਵਰਜਦੇ ਸਨ। ਕਈ ਵਾਰ ਰੀਂਗਣ ਵਾਲੇ ਜਾਨਵਰਾਂ ਵਿੱਚ ਫ਼ਨੀਅਰ ਨਾਗ ਵੀ ਪੂਜਯ ਬਾਬਾ ਜੀ ਸਾਹਮਣੇ ਆਉਂਦੇ, ਆਪਣੇ ਫ਼ਨ ਖਿਲਾਰਦੇ, ਸਿਰ ਨਿਵਾਉਂਦੇ ਅਤੇ ਫਿਰ ਮਰ ਜਾਂਦੇ ਸਨ। ਦਇਆ ਸਰੂਪ ਬਾਬਾ ਜੀ ਕਿਸੇ ਜਾਨਵਰ ਜਾਂ ਰੀਂਗਣ ਵਾਲੇ ਜੀਵ-ਜੰਤੂ ਨੂੰ ਦਬਾਉਂਣ ਤੋਂ ਪਹਿਲਾਂ ਇਸ਼ਨਾਨ ਕਰਾਉਣ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਦਾ ਆਦੇਸ਼ ਦਿੰਦੇ ਸਨ। ਸੰਗਤ ਵਿੱਚੋਂ ਕਈਆਂ ਨੇ ਹੈਰਾਨ ਹੋ ਕੇ ਇਸ ਦਾ ਕਾਰਨ ਪੁੱਛ ਲੈਣਾ ਤਾਂ ਬਾਬਾ ਜੀ ਆਪਣੇ ਰੂਹਾਨੀ ਰੰਗ ਵਿੱਚ ਉਸਦੇ ਪੂਰਬਲੇ ਕਰਮਾਂ ਅਤੇ ਪਹਿਲੇ ਜਨਮ ਦੇ ਨਾਵਾਂ ਅਤੇ ਜਾਨਵਰਾਂ ਤੇ ਜੀਵ ਜੰਤੂਆਂ ਦੇ ਜਨਮ ਲੈਣ ਦਾ ਕਾਰਨ ਦੱਸਿਆ ਕਰਦੇ ਸਨ। ਕਈ ਵਾਰ ਕੁਝ ਉਤਸੁਕ ਹੋਏ ਲੋਕ ਉਨ੍ਹਾਂ ਦੇ ਨਾਵਾਂ ਅਤੇ ਮੌਤ ਦੇ ਕਾਰਨਾਂ ਦਾ ਉਨ੍ਹਾਂ ਥਾਵਾਂ ਤੋਂ ਜਾ ਕੇ ਪਤਾ ਵੀ ਕਰਦੇ ਸਨ ਜਿਹੜੇ ਨਾਂ ਤੇ ਥਾਂ ਬਾਬਾ ਜੀ ਦੱਸਦੇ ਸਨ। ਉਹ ਇਹ ਤਸਦੀਕ ਕਰਕੇ ਬਹੁਤ ਹੈਰਾਨ ਹੁੰਦੇ ਸਨ ਕਿ ਜੋ ਕੁਝ ਵੀ ਬਾਬਾ ਜੀ ਦਸਦੇ ਸਨ ਉਹ ਸਾਰੀਆਂ ਗੱਲਾਂ ਸੱਚੀਆਂ ਹੁੰਦੀਆਂ ਸਨ।