ਜਗਿਆਸੂ ਦੇ ਧਰਮ ਅਨੁਸਾਰ ਨਾਮ ਦੀ ਦਾਤ
ਬਾਬਾ ਜੀ ਪਾਸ ਸਾਰੇ ਧਰਮਾਂ ਦੇ ਲੋਕ ਆਉਂਦੇ ਸਨ। ਬਾਬਾ ਜੀ ਉਨ੍ਹਾਂ ਦੇ ਧਰਮ ਅਨੁਸਾਰ ਹਿੰਦੂਆਂ ਨੂੰ ਰਾਮ ਅਤੇ ਮੁਸਲਮਾਨਾਂ ਨੂੰ ਕਲਮਾਂ ਪੜ੍ਹਨ ਅਤੇ ਬੰਦਗੀ ਕਰਨ ਦਾ ਉਪਦੇਸ਼ ਦਿੰਦੇ ਸਨ।
ਪੂਰਨਮਾਸ਼ੀ ਵਾਲੇ ਦਿਨ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਨਾਲ ਸ੍ਰੀ ਮੱਦ ਭਾਗਵਤ ਗੀਤਾ ਅਤੇ ਪਾਕ ਕੁਰਾਨ ਦੇ ਪਾਠ ਕਰਨ ਦਾ ਦਰਗਾਹੀ ਪ੍ਰਸਾਦ ਵੀ ਵੰਡਿਆ ਜਾਂਦਾ ਸੀ।
ਇਹ ਸਦਭਾਵਨਾ ਅਤੇ ਸਰਬ ਸਾਂਝੀਵਾਲਤਾ ਦੀ ਨਿਰਾਲੀ ਖੇਡ ਸੀ। ਸਾਰੇ ਧਰਮਾਂ ਅਤੇ ਫਿਰਕਿਆਂ ਦੇ ਪੈਰੋਕਾਰ ਉਨ੍ਹਾਂ ਦੀ ਸ਼ਰਨ ਵਿੱਚ ਆਉਂਦੇ ਅਤੇ ਉਹ ਬਰਾਬਰ ਸੰਤੋਖ ਅਤੇ ਗਿਆਨ ਪ੍ਰਾਪਤੀ ਦੀਆਂ ਝੋਲੀਆਂ ਭਰ ਕੇ ਲੈ ਜਾਂਦੇ ਸਨ।
ਬਾਬਾ ਜੀ ਦੀ ਸੰਪੂਰਨਤਾ ਅਤੇ ਵਡਿਆਈ ਸਾਰੇ ਧਰਮਾਂ ਅਤੇ ਅਕੀਦਿਆਂ ਦਾ ਸੁਮੇਲ ਸੀ। ਬਾਬਾ ਜੀ ਨੇ ਪਰਮਾਤਮਾ ਅਤੇ ਸਰਬ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ।
ਬਾਬਾ ਜੀ ਆਪਣੇ ਪਾਸ ਆਉਂਣ ਵਾਲੇ ਕਿਸੇ ਧਰਮੀ ਪੈਰੋਕਾਰ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਉਂਦੇ ਸਨ ਅਤੇ ਨਾ ਹੀ ਉਸ ਦੇ ਵਿਸ਼ਵਾਸ ਨੂੰ ਡੁਲਾਉਂਦੇ ਸਨ। ਉਹ ਸਭ ਦੇ ਹਿਰਦਿਆਂ ਵਿੱਚ ਵਸੇ ਆਪਣੇ ਆਪਣੇ ਧਾਰਮਕ ਵਿਸ਼ਵਾਸ ਨੂੰ ਹੀ ਰੂਹਾਨੀ ਹੁਲਾਰਾ ਦਿੰਦੇ ਸਨ। ਉਸ ਵਿਸ਼ਵਾਸ ਨੂੰ ਹੋਰ ਪੱਕਾ ਕਰਨ ਦੀ ਵਿਧੀ ਦੱਸਦੇ ਸਨ। ਬਾਬਾ ਜੀ ਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਹੀ ਮਾਰਗਾਂ ਤੇ ਚਲਣ ਲਈ ਵਧੇਰੇ ਉਤਸ਼ਾਹ ਅਤੇ ਸ਼ਕਤੀ ਦਿੱਤੀ, ਜਿਹੜੇ ਮਾਰਗਾਂ ਤੇ ਉਹ ਪਹਿਲਾਂ ਹੀ ਚਲ ਰਹੇ ਹਨ।