ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪੂਰਨ ਅਭੇਦਤਾ
ਇਕ ਵਾਰ ਸਤਿਕਾਰ ਯੋਗ ਬਾਬਾ ਈਸ਼ਰ ਸਿੰਘ ਜੀ ਮੇਰੇ ਪਿਤਾ ਜੀ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਵਿੱਚ ਬਚਨ ਬਿਲਾਸ ਕਰ ਰਹੇ ਸਨ। ਬਾਬਾ ਈਸ਼ਰ ਸਿੰਘ ਜੀ ਨੇ ਸਾਨੂੰ ਆਪਣੇ ਨਿੱਜੀ ਤਜਰਬੇ ਵਿੱਚੋਂ ਇਕ ਘਟਨਾ ਸੁਣਾਈ, ਉਸ ਵੇਲੇ ਹੋਰ ਵੀ ਸੰਗਤ ਹਾਜ਼ਰ ਸੀ। ਇਹ ਘਟਨਾ ਇਸ ਤਰ੍ਹਾਂ ਹੈ
ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ। ਇਹ ਸੁੱਖ-ਆਸਣ ਕਰਨ ਦਾ ਸਮਾਂ ਸੀ। ਬਾਬਾ ਈਸ਼ਰ ਸਿੰਘ ਜੀ ਬਾਬਾ ਨੰਦ ਸਿੰਘ ਜੀ ਨੂੰ ਸੇਵਾ ਕਰਦਿਆਂ ਇਕ ਟੱਕ ਦੇਖ ਰਹੇ ਸਨ। ਉਨ੍ਹਾਂ ਨੇ ਮਨ ਵਿੱਚ ਬਾਬਾ ਜੀ ਦੇ ਆਪਣੇ ਪਿਆਰੇ, ਪੂਜਣਯੋਗ ਤੇ ਸਤਿਕਾਰ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਭੇਦ ਹੋਣ ਦੇ ਖ਼ਿਆਲ ਆ ਰਹੇ ਸਨ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਆਪਣੀ ਮਿਹਰ ਭਰੇ ਅੰਦਾਜ਼ ਵਿੱਚ ਬਾਬਾ ਈਸ਼ਰ ਸਿੰਘ ਜੀ ਵੱਲ ਵੇਖਿਆ। ਫਿਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਤਿਕਾਰ ਨਾਲ ਆਪਣਾ ਮੱਥਾ ਮਹਾਰਾਜ ਦੇ ਪ੍ਰਕਾਸ਼ ਹੋਏ ਸਰੂਪ ਉਪਰ ਝੁਕਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਰੀਰਕ ਤੌਰ ਤੇ ਅਲੋਪ ਹੋ ਗਏ। ਜਦੋਂ ਕੁਝ ਦੇਰ ਬਾਬਾ ਜੀ ਪ੍ਰਗਟ ਨਾ ਹੋਏ ਤਾਂ ਬਾਬਾ ਈਸ਼ਰ ਸਿੰਘ ਜੀ ਫ਼ਿਕਰਮੰਦ ਹੋ ਗਏ ਅਤੇ ਬਾਬਾ ਜੀ ਦੇ ਮੁੜ ਪ੍ਰਗਟ ਹੋਣ ਲਈ ਅਰਜ਼ੋਈਆਂ ਕਰਨ ਲੱਗ ਪਏ। ਥੋੜ੍ਹੀ ਦੇਰ ਬਾਅਦ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੁੜ ਪ੍ਰਗਟ ਹੋ ਗਏ ਸਨ।
ਸਤਿਕਾਰ ਯੋਗ ਬਾਬਾ ਈਸ਼ਰ ਸਿੰਘ ਜੀ ਨੇ ਦੱਸਿਆ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਾ ਕੁਝ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਉਪਾਸ਼ਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਰੀਰਕ ਤੌਰ ਤੇ ਅਭੇਦ ਹੁੰਦੇ ਅਤੇ ਫਿਰ ਸਰੀਰਕ ਰੂਪ ਵਿੱਚ ਪ੍ਰਗਟ ਹੁੰਦੇ ਵੇਖਿਆ ਸੀ। ਇਹ ਸਾਰਾ ਕੁਝ ਮਾਨਵਜਾਤੀ ਦੇ ਉੱਧਾਰ ਕਰਨ ਹਿੱਤ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਗੋਦ ਵਿੱਚ ਸਰੀਰਕ ਰੂਪ ਵਿੱਚ ਅਲੋਪ ਹੋ ਗਏ ਸਨ। ਉਹ ਸਰਬ ਵਿਆਪਕ ਪਾਰਬ੍ਰਹਮ ਗੁਰੂ ਨਾਨਕ ਸਾਹਿਬ ਦੀ ਇਲਾਹੀ ਗੋਦ ਵਿੱਚ ਅਲੋਪ ਹੋ ਗਏ ਸਨ ਅਤੇ ਰੂਹਾਨੀਅਤ ਦੇ ਸੂਰਜ, ਆਪਣੇ ਨਿੱਜ ਅਸਥਾਨ ਵਿੱਚੋਂ ਮੁੜ ਪ੍ਰਗਟ ਹੋ ਗਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਦੇ ਸਾਗਰ ਹਨ।