ਪਵਿੱਤਰਤਾ ਦੇ ਸਮੁੰਦਰ
ਉਨ੍ਹਾਂ ਦਾ ਜੀਵਨ ਪੂਰਨ ਤਿਆਗ ਅਤੇ ਵੈਰਾਗ ਦਾ ਜੀਵਨ ਸੀ। ਜਿੰਨੀ ਉਨ੍ਹਾਂ ਦੀ ਰੂਹਾਨੀ ਉੱਚਤਾ ਹੈ ਓਨਾ ਹੀ ਉਨ੍ਹਾਂ ਵਿੱਚ ਤਿਆਗ ਹੈ। ਪੂਰਨ ਤਿਆਗ ਦਾ ਭਾਵ ਹੈ ਪੂਰਨ ਰੂਹਾਨੀ ਉੱਚਤਾ। ਪੂਰਨ ਨਿਰਲੇਪਤਾ ਦਾ ਅਰਥ ਹੈ ਪ੍ਰਭੂ ਵਿੱਚ ਪੂਰਨ ਲੀਨਤਾ,
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ॥
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੁਰਮਾਉਂਦੇ ਹਨ: ਜਿਸ ਨੇ ਮਾਇਆ ਅਤੇ ਹੋਰ ਸਾਰੀਆਂ ਲਾਲਸਾਵਾਂ ਦਾ ਤਿਆਗ ਕਰ ਲਿਆ ਹੈ, ਉਹ ਪੂਰਨ ਨਿਰਲੇਪ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਵਾਸਾ ਹੋ ਗਿਆ ਹੈ।
ਮੇਰੇ ਵਿੱਚਾਰ ਵਿੱਚ ਇਸ ਧਰਤੀ ਵਿੱਚ ਉਨ੍ਹਾਂ ਦੇ ਜੀਵਨ ਵਰਗੀ ਪੂਰਨ ਤਿਆਗ ਦੀ ਹੋਰ ਉਦਾਹਰਣ ਮਿਲਣੀ ਅਸੰਭਵ ਹੈ।
ਇਕ ਵਾਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਤਿੰਨ ਵਾਰ ਜ਼ੋਰ ਦੇ ਕੇ ਕਿਹਾ ਸੀ ਕਿ ਕੋਈ ਵਰ ਮੰਗ ਲਓ। ਪਰ ਬਾਬਾ ਜੀ ਨੇ ਬਹੁਤ ਨਿਮਰਤਾ ਨਾਲ ਪੂਰਨ ਨਿਰਇੱਛਤ ਰਹਿਣ ਦਾ ਵਰ ਮੰਗਿਆ ਸੀ, ਉਹ ਤਿਆਗੀਆਂ ਦੇ ਤਿਆਗੀ ਸਨ, ਉਨ੍ਹਾਂ ਦੀ ਨਿਰਾਲੀ ਜੀਵਨ-ਗਾਥਾ ਪੂਰਨ ਦਿਆਲਤਾ, ਪਵਿੱਤਰਤਾ ਤੇ ਨਿਸ਼ਕਾਮ ਅਵਸਥਾ ਦਾ ਨਮੂਨਾ ਸੀ। ਅਪਵਿੱਤਰਤਾ ਉਨ੍ਹਾਂ ਦੇ ਨੇੜੇ ਨਹੀਂ ਢੁੱਕੀ ਸੀ, ਆਪ ਨੇ ਇਕ ਵਾਰ ਫੁਰਮਾਇਆ ਸੀ,
ਉਸਤੱਤ ਪਿਆਰੇ ਗੁਰੂ ਨਾਨਕ ਦੀ ਕਰਨੀ ਹੈ ਨਿੰਦਾ ਕੇਵਲ ਆਪਣੀ ਕਰਨੀ ਹੈ, ਤੀਜਾ ਵਿੱਚ ਕੋਈ ਨਹੀਂ ਆਉਂਣਾ ਚਾਹੀਦਾ। ਬਾਬਾ ਜੀ ਨੇ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਨੂੰ ਸਰਾਪ ਨਹੀ ਦਿੱਤਾ ਸੀ ਅਤੇ ਨਾ ਹੀ ਨਿੰਦਿਆ ਕੀਤੀ ਸੀ। ਆਪ ਨੇ ਨਾ ਕਦੇ ਕਿਸੇ ਦੇ ਵਿਰੁੱਧ ਕੋਈ ਸ਼ਬਦ ਬੋਲਿਆ ਸੀ ਤੇ ਨਾ ਕਦੇ ਸੁਣਿਆਂ ਹੀ ਸੀ।
ਉਹ ਪਵਿੱਤਰਤਾ ਦੇ ਸਮੁੰਦਰ ਸਨ। ਉਨ੍ਹਾਂ ਦੀ ਤ੍ਰੈਕਾਲ ਦਰਸ਼ੀ ਰੂਹਾਨੀ ਪਵਿੱਤਰਤਾ ਨਾਲ ਸਾਰੀ ਮਾਨਵ ਜਾਤੀ, ਉਹ ਅਸਥਾਨ, ਉਹ ਆਲਾ-ਦੁਆਲਾ ਅਤੇ ਸਾਰਾ ਵਾਤਾਵਰਣ ਪਵਿੱਤਰ ਹੋ ਜਾਂਦਾ ਸੀ। ਉਨ੍ਹਾਂ ਦੇ ਸਾਰੇ ਜੀਵਨ ਵਿੱਚ ਹਉਂਮੈ ਇਕ ਰੱਤੀ ਮਾਤਰ ਵੀ ਨਹੀਂ ਸੀ। ਉਹ ਜਨਮ ਤੋਂ ਹੀ ਨਿਮਰਤਾ ਤੇ ਹਲੀਮੀ ਦਾ ਸਾਕਾਰ ਰੂਪ ਸਨ। ਉਨ੍ਹਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਜਨਮ ਤੋਂ ਸਚਖੰਡ ਦੀਆਂ ਦੁਰਲੱਭ ਵਸਤਾਂ ਨੌ ਨਿਧਿ ਨਾਮ ਅਤੇ ਗ਼ਰੀਬੀ ਦੀਆਂ ਰੂਹਾਨੀ ਦਾਤਾਂ ਬਖਸ਼ਿਸ਼ ਕੀਤੀਆਂ ਹੋਈਆਂ ਸਨ।