ਪਿਆਰ ਅਤੇ ਵਿਸ਼ਵਾਸ ਦਾ ਕਮਾਲ
ਭਗਤ ਪ੍ਰਹਿਲਾਦ ਦੇ ਚਟਾਨ ਵਰਗੇ ਅਟੁੱਟ ਅਤੇ ਦ੍ਰਿੜ੍ਹ ਵਿਸ਼ਵਾਸ ਨੇ ਪੱਥਰ ਦੇ ਥੰਮ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ:
ਪੈਜ ਰਖਦਾ ਆਇਆ ਰਾਮ ਰਾਜੇ ॥
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਲਾਦੁ ਤਰਾਇਆ ॥
ਬੇਮੁਖ ਪਕੜਿ ਪਛਾੜਿਅਨੁ
ਸੰਤ ਸਹਾਈ ਆਦਿ ਜੁਗਾਦਿ ॥
ਜੈ ਜੈ ਕਾਰ ਕਰਨਿ ਬ੍ਰਹਮਾਦਿ॥
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਦੁੱਤੀ ਪ੍ਰੇਮ ਤੇ ਮਹਾਨ ਸਿਦਕ ਭਰੋਸੇ ਤੇ ਦ੍ਰਿੜ੍ਹ ਵਿਸ਼ਵਾਸ ਨੇ ਇਕ ਧਰਮ ਗ੍ਰੰਥ, ਜਿਸ ਨੂੰ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਅਤੇ 'ਪ੍ਰਗਟ ਗੁਰਾਂ ਕੀ ਦੇਹ' ਵੀ ਮੰਨਦੇ ਹਨ ਵਿੱਚੋਂ ਸੱਚ-ਮੁਚ ਹੀ ਨਿਰੰਕਾਰ ਨੂੰ ਪ੍ਰਗਟ ਕਰਕੇ ਜਿਊਂਦਾ ਜਾਗਦਾ ਆਪਣੇ ਸਨਮੁੱਖ ਬਿਠਾ ਲਿਆ। ਕੀ ਇਹ ਪਿਆਰ ਅਤੇ ਵਿਸ਼ਵਾਸ ਦਾ ਸਰਬ-ਸ੍ਰੇਸ਼ਟ ਤੇ ਲਾਸਾਨੀ ਚਮਤਕਾਰ ਨਹੀਂ ਹੈ ?
ਬਾਬਾ ਨੰਦ ਸਿੰਘ ਜੀ ਮਹਾਰਾਜ ਅਧਿਆਤਮਿਕ ਸੰਸਾਰ ਵਿੱਚ ਅਦੁੱਤੀ ਅਤੇ ਸਰਵੋਤਮ ਅਸਥਾਨ ਰੱਖਦੇ ਹਨ। ਉਨ੍ਹਾਂ ਦਾ ਇਹ ਕਥਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬਾਨ ਦੀ 'ਪ੍ਰਗਟ ਦੇਹ' ਹਨ। ਪਰਮਾਤਮਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਨਾਲ ਸਰੀਰਕ ਰੂਪ ਵਿੱਚ ਰਹਿਣਾ ਪਿਆ।
ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਇਲਾਹੀ ਪਿਆਰ ਅਤੇ ਵਿਸ਼ਵਾਸ ਦੀ ਮੂਰਤ ਸਨ। ਜਨ-ਸਮੂਹ ਵਿੱਚ ਪਿਆਰ ਅਤੇ ਵਿਸ਼ਵਾਸ ਦੀ ਰੋਸ਼ਨੀ ਜਗਾਉਣ ਲਈ ਉਨ੍ਹਾਂ ਨੇ ਸਰੀਰਕ ਚੋਲਾ ਧਾਰਨ ਕੀਤਾ।
ਪ੍ਰਭੂ ਪੱਥਰ ਦੇ ਥੰਮ੍ਹ ਵਿੱਚੋਂ ਪ੍ਰਗਟ ਹੋਏ ਤੇ ਉਨ੍ਹਾਂ ਦੇ ਪ੍ਰਹਿਲਾਦ ਭਗਤ ਨਾਲ ਕਮਾਲ ਦੇ ਬਚਨ ਹੋਏ ਜਿਸਦਾ ਇਤਿਹਾਸ ਗਵਾਹ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 'ਵਾਹੁ ਵਾਹੁ ਬਾਣੀ ਨਿਰੰਕਾਰ ਹੈ' (ਇਸ ਗੁਰਬਾਣੀ, ਨਾਮ ਦੇ ਜਹਾਜ਼) ਵਿੱਚੋਂ ਸੱਚ ਮੁਚ ਨਿਰੰਕਾਰ ਨੂੰ ਪ੍ਰਗਟ ਕਰ ਲਿਆ ਤੇ ਇਸ ਪਾਵਨ ਪੋਥੀ (ਪੋਥੀ ਪਰਮੇਸਰੁ ਕਾ ਥਾਨੁ) ਵਿੱਚੋਂ ਪਰਮੇਸਰ ਨੂੰ ਸਨਮੁੱਖ ਲਿਆ ਬਿਠਾਇਆ ਤੇ 'ਬਾਣੀ ਗੁਰੂ ਗੁਰੂ ਹੈ ਬਾਣੀ' ਨੂੰ ਸਰੀਰਕ ਤੌਰ ਤੇ ਸ੍ਰੀ ਗੁਰੂ ਨਾਨਕ ਸਾਹਿਬ ਵਿੱਚ ਪ੍ਰਗਟ ਕਰ ਦਿੱਤਾ।
ਬਾਬਾ ਨੰਦ ਸਿੰਘ ਜੀ ਮਹਾਰਾਜ ਦਾ 'ਪ੍ਰਗਟ ਗੁਰਾਂ ਕੀ ਦੇਹ' ਵਿੱਚੋਂ ਨਿਰੰਕਾਰ ਨੂੰ ਪ੍ਰਗਟ ਕਰ ਲੈਣਾ ਕਮਾਲ ਹੀ ਕਮਾਲ ਹੈ। ਸੱਚ ਵਿੱਚੋਂ ਪ੍ਰਗਟ ਹੋਇਆ ਮਹਾਨ ਸੱਚ ਹੈ, ਪ੍ਰਕਾਸ਼ ਵਿੱਚੋਂ ਨਿਕਲਿਆ ਮਹਾਨ ਪ੍ਰਕਾਸ਼ ਹੈ। ਜੁਗਾਂ ਜੁਗਾਂਤਰਾਂ ਦੇ ਇਲਾਹੀ ਕੌਤਕਾਂ ਵਿੱਚੋਂ ਨਿਕਲਿਆ ਮਹਾਨ ਕੌਤਕ ਹੈ। ਇਸ ਅਲੌਕਿਕ ਕਮਾਲ, ਇਸ ਮਹਾਨ ਸੱਚ, ਇਸ ਮਹਾਨ ਪ੍ਰਕਾਸ਼ ਅਤੇ ਇਸ ਮਹਾਨ ਕੌਤਕ ਦੀ ਅਮਰ ਗਾਥਾ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਨਾਮ ਦੇ ਨਾਲ ਜੁਗੋ ਜੁਗ ਅਟੱਲ ਰਹੇਗੀ, ਗਾਈ ਜਾJਗੀ, ਜੀਅ ਜੰਤ ਤੇ ਧਰਤੀ ਨੂੰ ਭਾਗ ਲਾਈ ਜਾਏਗੀ ਤੇ ਸਚਖੰਡ ਦੇ ਅੰਮ੍ਰਿਤ ਸਰੋਵਰ ਵਾਂਗ ਤੜੋਦੀਆਂ ਰੂਹਾਂ ਦੀ ਪਿਆਸ ਬੁਝਾਈ ਜਾਏਗੀ।
ਨਿਰੰਕਾਰ ਕੁਝ ਸਮੇਂ ਦਰਸ਼ਨ ਦੇਣ ਵਾਸਤੇ ਹੀ ਨਹੀਂ ਪ੍ਰਗਟ ਹੋਇਆ ਸੀ ਜਾਂ ਕੁਝ ਵਾਰੀ ਦੁੱਧ ਅਤੇ ਪਰਸ਼ਾਦਾ ਛਕਣ ਵਾਸਤੇ ਗਰੀਬ ਨਿਵਾਜ਼ ਤਸ਼ਰੀਫ ਲਿਆਏ ਸਨ। ਸਗੋਂ ਉਹ ਸਦਾ ਲਈ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਹੋ ਗਏ ਸਨ। ਇਹੀ ਕਾਰਨ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਪਾਵਨ ਸੇਵਾ, ਪੂਰਨ ਸਤਿਕਾਰ, ਪੂਜਾ ਤੇ ਪ੍ਰੇਮ ਦੇ ਸਾਰੇ ਪ੍ਰਬੰਧ ਕੀਤੇ। ਜਿਊਂਦੇ ਜਾਗਦੇ ਗੁਰੂ ਨਾਨਕ ਵਾਸਤੇ ਇਸ਼ਨਾਨ ਦਾ ਪ੍ਰਬੰਧ ਵੀ ਲਾਜ਼ਮੀ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰੇਮ ਦੀ ਅਮਰ ਗਾਥਾ ਨਾ ਕਿਸੇ ਪਿਛਲੇ ਯੁਗ ਵਿੱਚ ਹੋਈ ਹੈ, ਨਾ ਇਸ ਯੁਗ ਦੇ ਵਿੱਚ ਤਿਨਕੇ ਮਾਤਰ ਵੀ ਇਸਦਾ ਕੋਈ ਮੁਕਾਬਲਾ ਹੈ ਅਤੇ ਨਾ ਕਿਸੇ ਅਗਲੇ ਯੁਗ ਵਿੱਚ ਹੋਵੇਗਾ।