ਭਿੱਖਿਆ ਨਾ ਮੰਗਣੀ
ਬਾਬਾ ਜੀ ਨੇ ਕਦੇ ਭਿੱਖਿਆ ਨਹੀਂ ਮੰਗੀ ਸੀ। ਉਨ੍ਹਾਂ ਨੇ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡੇ ਸਨ। ਉਹ ਆਪਣੀ ਇਲਾਹੀ ਮੌਜ ਵਿੱਚ ਕਿਹਾ ਕਰਦੇ ਸਨ ਕਿ ਫ਼ਕੀਰ ਤਾਂ ਦਾਤਾ ਹੁੰਦਾ ਹੈ, ਮੰਗਤਾ ਨਹੀਂ। ਇਸ ਤਰ੍ਹਾਂ ਗੁਰੂ ਦਾ ਸੱਚਾ ਸਿੱਖ ਵੀ ਦਾਤਾ ਹੁੰਦਾ ਹੈ। ਸੱਚੇ ਸੰਤ ਸਦਾ ਦਾਤਾਂ ਵੰਡਦੇ ਹਨ, ਮੰਗਦੇ ਨਹੀਂ, ਉਨਾਂ ਦੇ ਹੱਥ ਦੀ ਤਲੀ ਦਾਤਾਂ ਵੰਡਣ ਲਈ ਸਦਾ ਹੇਠਾਂ ਨੂੰ ਰਹਿੰਦੀ ਹੈ। ਜੇ ਉਹ ਮੰਗਣ ਲਈ ਹੱਥ ਉੱਪਰ ਵੱਲ ਕਰ ਲੈਣ ਤਾਂ ਉਹ ਭਿਖਾਰੀ ਹਨ। ਇਸ ਵਿੱਚਾਰ ਨੂੰ ਵਧੇਰੇ ਸਪਸ਼ਟ ਕਰਦਿਆਂ ਹੋਇਆ, ਉਨ੍ਹਾਂ ਇਕ ਵਾਰ ਕਿਹਾ, ਜੇ ਕੋਈ ਸੇਵਕ, ਯਾਤਰੂ ਜਾ ਸ਼ਰਧਾਲੂ ਕਿਸੇ ਸੰਤ ਨੂੰ 500 ਰੁਪਏ ਦੇ ਦੇਵੇ ਤਾਂ ਉਹ ਲੈ ਕੇ ਆਪਣੀ ਜੇਬ ਵਿੱਚ ਪਾ ਲਏ ਤਾਂ ਫਿਰ ਦੋਹਾਂ ਵਿੱਚੋਂ ਬਿਰੱਕਤ ਕੌਣ ਹੋਇਆ। ਸਾਫ ਜ਼ਾਹਰ ਹੈ ਜਿਸ ਗ੍ਰਹਿਸਥੀ ਜਾਂ ਸੇਵਕ ਨੇ ਪੈਸੇ ਦਿੱਤੇ ਹਨ ਉਹ ਬਿਰੱਕਤ ਹੋਇਆ। ਜਿਹੜੇ ਸੰਤ ਨੇ ਉਹ ਪੈਸੇ ਆਪਣੀ ਜੇਬ ਵਿੱਚ ਪਾ ਲਏ, ਉਸ ਨੇ ਮਾਇਆ ਦੇ ਇਕ ਰੂਪ ਦਾ ਉਪਯੋਗ ਕਰ ਲਿਆ ਹੈ, ਮਾਇਆ ਦੇ ਦੋ ਹਾਜ਼ਰਾ ਰੂਪ ਹਨ ਕਾਮਿਨੀ ਅਤੇ ਕੰਚਨ। ਇਹ ਇਕੋ ਸਿੱਕੇ ਦੇ ਦੋ ਪਾਸੇ ਹਨ। ਮਾਇਆ ਪਰਵਾਨ ਕਰਨੀ, ਕੋਲ ਰੱਖਣੀ ਤੇ ਉਪਯੋਗ ਕਰਨੀ ਮਾਇਆ ਦਾ ਇਕ ਰੂਪ ਹੈ, ਇਕ ਕੰਚਨ ਹੈ। ਇਸ ਦਾ ਦੂਜਾ ਅਨਿਖੜ ਰੂਪ ਕਾਮਨੀ ਹੈ, ਉਸ ਸੇਵਕ ਦੀ ਪਤਨੀ, ਭੈਣ ਜਾਂ ਪੁੱਤਰੀ ਦੇ ਰੂਪ ਵਿੱਚ ਕਾਮਨੀ ਵੀ ਉਸ ਸੰਤ ਦੇ ਸਾਹਮਣੇ ਹੈ। ਜਿਹੜਾ ਸੰਤ ਮਾਇਆ ਦਾ ਲਾਲਚੀ ਹੈ, ਉਹ ਔਰਤ ਬਾਰੇ ਮੰਦ ਭਾਵਨਾਵਾਂ ਤੋਂ ਕਿਵੇਂ ਬੱਚ ਸਕਦਾ ਹੈ?
ਇਕ ਸੰਤ ਅਤੇ ਸੱਚੇ ਸਿੱਖ ਦਾ ਜੀਵਨ ਰੂਹਾਨੀਅਤ ਨਾਲ ਭਰਪੂਰ ਹੁੰਦਾ ਹੈ। ਉਹ ਨਾਮ ਦੇ ਰਸ ਦੀ ਦੌਲਤ ਨਾਲ ਭਰਪੂਰ ਪਵਿੱਤਰ ਵਿਅੱਕਤੀ ਹੀ ਦਾਤਾ ਹੈ, ਮੰਗਤਾ ਨਹੀਂ। ਜਿਵੇਂ ਰੱਬ ਆਪਣੇ ਅਨੰਤ ਖਜ਼ਾਨਿਆਂ ਵਿੱਚੋਂ ਸਭ ਨੂੰ ਦਾਤਾਂ ਵੰਡਦਾ ਹੈ, ਤਿਵੇਂ ਉਸ ਦੇ ਪਿਆਰੇ ਸੰਤ ਅਤੇ ਸਿੱਖ ਨਾਮ-ਅੰਮ੍ਰਿਤ ਵਰਗੀ ਦੁਰਲੱਭ ਵਸਤੂ ਸਭ ਨੂੰ ਵੰਡਦੇ ਹਨ, ਉਹ ਇਸ ਦਾ ਫ਼ਲ ਜਾਂ ਸ਼ੁਕਰਾਨਾ ਵੀ ਨਹੀਂ ਚਾਹੁੰਦੇ। ਰੱਬ ਦਾਤਾਂ ਵੰਡਣ ਤੋਂ ਕਦੇ ਅੱਕਦਾ, ਥੱਕਦਾ ਨਹੀਂ, ਇਸੇ ਤਰ੍ਹਾਂ ਉਸ ਦਾ ਸੱਚਾ ਸਿੱਖ ਰੱਬੀ ਮਿਹਰ ਦਾ ਸਰਬਕਾਲਿਕ ਦਾਤਾ ਹੁੰਦਾ ਹੈ।