ਅਠਾਹਠ ਤੀਰਥ ਗੁਰੂ ਦੀ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ|

Humbly request you to share with all you know on the planet!

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ||
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ||

ਸਾਧ ਸੰਗਤ ਜੀ ਜਿਹੜਾ ਪਸਾਰਾ ਸਾਰੇ ਦਾ ਹੈ, ਅਠਾਹਠ ਤੀਰਥ ਤਾਂ ਤੁਹਾਨੂੰ ਇਸ ਸੰਸਾਰ ਦੇ ਵਿੱਚ ਹੀ ਪਤਾ ਲਗਦੇ ਹਨ ਤੁਹਾਨੂੰ ਦੂਜੇ ਸੰਸਾਰਾਂ ਦਾ ਕੀ ਪਤਾ ਹੈ ਕਿ ਕਿਹੜੇ ਤੀਰਥਾਂ ਦੇ ਉਹ ਇਸ਼ਨਾਨ ਕਰ ਰਿਹਾ ਹੈ|  ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਵਿੱਚ ਮਾਘੀ ਦਾ ਇਸ਼ਨਾਨ ਕਰ ਰਿਹਾ ਹੈ...

ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ||
ਗੁਰੂ ਅਰਜਨ ਪਾਤਸ਼ਾਹ ਇਸ ਮਾਘ ਦੇ ਮਹੀਨੇ ਵਿੱਚ ਦੱਸ ਰਹੇ ਹਨ ਕਿ ਇਹ ਸੱਚ ਦਾ ਮਾਰਗ ਹੈ ਕੀ?
ਸਾਚ ਬਿਨਾ ਕਹ ਹੋਵਤ ਸੂਚਾ||
ਸ੍ਰੀ ਸੁਖਮਨੀ ਸਾਹਿਬ

ਫਿਰ ਜਦੋਂ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ ਤਾਂ ਗੁਰੂ ਇੰਨਾ ਸ਼ੁੱਧ ਕਰ ਦਿੰਦਾ ਹੈ, ਇੰਨਾ ਸੁੱਚਾ ਬਣਾ ਦਿੰਦਾ ਹੈ ਕਿ ਫਿਰ ਅਖ਼ੀਰ ਤੇ ਫੁਰਮਾਉਂਦੇ ਹਨ ਕਿ...

ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ||

ਜਦੋਂ ਪੂਰਾ ਸੁੱਚਾ ਹੋ ਜਾਂਦਾ ਹੈ ਫਿਰ ਗੁਰੂ ਮਿਹਰ ਕਰਕੇ ਉਸ ਸੁੱਚੇ ਨੂੰ ਕੱਢ ਲੈਂਦਾ ਹੈ|

ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਿਆਰਿਆ, ਸਤਿਕਾਰਿਆ ਤੇ ਨਿਹਾਰਿਆ ਹੈ ਕਮਾਲ ਹੀ ਕਮਾਲ ਹੈ|

ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ
ਵਿਚਿ ਅਖੀ ਗੁਰ ਪੈਰ ਧਰਾਈ||
ਰੈਣਿ ਦਿਨਸੁ ਗੁਰ ਚਰਣ ਅਰਾਧੀ
ਦਇਆ ਕਰਹੁ ਮੇਰੇ ਸਾਈ||
ਨਾਨਕ ਕਾ ਜੀਉ ਪਿੰਡੁ ਗੁਰੂ ਹੈ
ਗੁਰ ਮਿਲ ਤ੍ਰਿਪਤਿ ਅਘਾਈ||

ਗੁਰੂ ਰਾਮਦਾਸ ਜੀ ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਪਿਆਰ ਕਰ ਰਹੇ ਹਨ|

ਸਿੱਖ ਦਾ ਇੱਕੋ ਹੀ ਨਿਸ਼ਾਨਾ ਹੈ ਗੁਰੂ ਦੇ ਚਰਨ ਕਮਲਾਂ ਨਾਲ ਪ੍ਰੀਤ| ਇਕ ਚੀਜ਼ ਦੇ ਵਿੱਚ ਹੀ ਨਿਰੰਕਾਰ ਦੀ ਪ੍ਰਾਪਤੀ ਹੈ|

ਕਮਾਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਉਸ ਤਰੀਕੇ ਨੂੰ ਦਸਿਆ ਹੈ ਤੇ ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਉਸਨੂੰ ਕਿਸ ਤਰ੍ਹਾਂ 'ਅਪਨਾ' ਰਹੇ ਹਨ| ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ||
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ||
ਗੁਰੁ ਮੇਰਾ ਦੇਉ ਅਲਖ ਅਭੇਉ||
ਸਰਬ ਪੂਜ ਚਰਨ ਗੁਰ ਸੇਉ||
ਗੁਰੂ ਨਾਨਕ ਨਿਰੰਕਾਰ ਹੈ ਅਤੇ ਇਸ ਜੁਗ ਦਾ ਮਾਲਕ ਹੈ ਅਤੇ ਨਿਰੰਕਾਰ ਨਿਰਗੁਣ ਸਰੂਪ ਨੇ ਹੀ ਸਰਗੁਣ ਸਰੂਪ ਧਾਰਿਆ ਹੋਇਆ ਹੈ|
 
"ਸਰਬੁ ਪੂਜ" ਜਿੰਨੇ ਵੀ ਹਨ, ਜਿਹੜੇ ਵੀ ਆਪਣੇ ਗੁਰੂ ਦੇ ਚਰਨਾਂ ਨੂੰ ਪੂਜਦੇ ਹਨ ਭਾਵੇਂ ਉਹ ਕਿਸੇ ਵੀ ਮਜ੍ਹਬ ਦਾ ਹੋਵੇ ਪਰ ਉਸ ਜੁਗ ਦੇ ਮਾਲਕ ਦੇ ਚਰਨਾਂ ਵਿੱਚ ਹੀ ਚੀਜ਼ ਪਹੁੰਚਦੀ ਹੈ| ਗੁਰੂ ਨਾਨਕ ਦੇ ਹੀ ਚਰਨਾਂ ਨੂੰ ਸਭ ਪੂਜਦੇ ਹਨ|
ਚਰਨ ਕਮਲ ਸਿਉ ਲਾਗਉ ਨੇਹੁ||
ਨਾਨਕ ਕੀ ਬੇਨੰਤੀ ਏਹ||
ਇਕ ਹੀ ਬੇਨਤੀ ਹੈ, ਇਕ ਹੀ ਅਰਦਾਸ ਹੈ ਕਿ ਹੇ ਗੁਰੂ ਨਾਨਕ ! ਆਪ ਜੀ ਦੇ ਚਰਨ-ਕਮਲਾਂ ਦੇ ਨਾਲ ਮੇਰੀ ਪ੍ਰੀਤ ਬਣ ਆਵੇ, ਚਰਨ ਕਮਲਾਂ ਦੇ ਨਾਲ ਪ੍ਰੀਤ ਜੁੜ ਜਾਏ| ਚਰਨ-ਕਮਲਾਂ ਨਾਲ ਪ੍ਰੀਤ ਬਣ ਆਵੇ ਤੇ ਨਿੱਭ ਜਾਏ|

ਅਸਾਨ ਤਰੀਕੇ ਨਾਲ ਆਪਣੇ ਪਾਵਨ ਸ਼ਬਦਾਂ ਵਿੱਚ ਇਕ ਹੀ ਨਿਸ਼ਾਨਾ ਗੁਰੂ ਨਾਨਕ ਪਾਤਸ਼ਾਹ ਦਸ ਰਹੇ ਹਨ ਕਿ ਜੁੜਣਾ ਕਿੱਥੇ ਹੈ, ਉਸਦਾ ਧਿਆਨ ਕਰਨਾ ਕਿਸ ਤਰ੍ਹਾਂ ਹੈ ਅਤੇ ਆਪਣੀ ਅਰਦਾਸ ਵਿੱਚ ਕਹਿਣਾ ਕੀ ਹੈ?

ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਨੂੰ ਲਾਹੌਰ ਭੇਜਿਆ ਹੈ ਉਸ ਵਕਤ ਮਾਤਾ ਭਾਨੀ ਜੀ ਆਸੀਸ ਦੇ ਰਹੇ ਹਨ, ਅਖ਼ੀਰ ਤੇ ਫੁਰਮਾਉਂਦੇ ਹਨ-

ਭਵਰੁ ਤੁਮ੍ਹਾਰਾ ਇਹੁ ਮਨੁ ਹੋਵਉ
ਹਰਿ ਚਰਣਾ ਹੋਹੁ ਕਉਲਾ||
ਨਾਨਕ ਦਾਸੁ ਉਨਿ ਸੰਗਿ ਲਪਟਾਇਓ
ਜਿਉ ਬੂੰਦਹਿ ਚਾਤ੍ਰਿਕੁ ਮਉਲਾ||

ਇਹ ਪਾਵਨ ਸ਼ਬਦ (ਆਸੀਸ) ਗੁਰੂ ਅਰਜਨ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ| ਬਾਬਾ ਨੰਦ ਸਿੰਘ ਸਾਹਿਬ ਸੰਗਤਾਂ ਨੂੰ ਇਹ ਅਸੀਸ ਦਿਆ ਕਰਦੇ ਸਨ|

ਗੁਰ ਕਾ ਬਚਨੁ ਬਸੈ ਜੀਅ ਨਾਲੇ||
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ
ਭਾਹਿ ਨ ਸਾਕੈ ਜਾਲੇ||

ਗੁਰੂ ਅਰਜਨ ਪਾਤਸ਼ਾਹ ਬਚਨ ਕਰ ਕੀ ਰਹੇ ਹਨ?

ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ||
ਕੋਟਿ ਜਾਪ ਤਾਪ ਸੁਖ ਪਾਏ
ਆਇ ਮਿਲੇ ਪੂਰਨ ਬਡਭਾਗੀ||

ਉਹ ਪ੍ਰੀਤ ਧੰਨ ਹੈ ਜਿਹੜੀ ਗੁਰੂ ਦੇ ਚਰਨਾਂ ਨਾਲ ਲੱਗ ਜਾਏ | ਕਰੋੜਾਂ ਜਪਾਂ, ਤਪਾਂ ਦਾ ਫਲ ਉਸ ਪ੍ਰੀਤ ਨਾਲ ਹੈ ਜਿਹੜੀ ਗੁਰੂ ਦੇ ਚਰਨਾਂ ਨਾਲ ਲਗ ਜਾਵੇ|

ਦਸਮੇਸ਼ ਪਿਤਾ ਜੀ ਫੁਰਮਾ ਰਹੇ ਹਨ-

ਚਿਤ ਨ ਭਯੋ ਹਮਰੋ ਆਵਨ ਕਹ||
ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹ||
ਤਵ ਚਰਨਨ ਮਨ ਰਹੈ ਹਮਾਰਾ||
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਜੇ ਆਪ ਉਹ ਇਸ ਤਰ੍ਹਾਂ ਕਰ ਰਹੇ ਹਨ ਤਾਂ ਫਿਰ ਸਾਡਾ ਕੀ ਫਰਜ਼ ਬਣਦਾ ਹੈ|

ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ||
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ||

ਹੁਣ ਸਾਹਿਬ ਬਾਣੀ ਅਲਾਪ ਰਹੇ ਹਨ| ਗੁਰੂ ਸਾਹਿਬ ਬਾਣੀ ਅਲਾਪ ਰਹੇ ਹਨ| ਜਿਹੜਾ ਸੇਵਕ ਉਸ ਬਚਨ ਨੂੰ ਮਨ ਲੈਂਦਾ ਹੈ|

ਸਤਿਗੁਰੁ ਬਚਨ ਬਚਨ ਹੈ ਸਤਿਗੁਰ||
ਗੁਰੂ ਅੰਦਰ ਵਸਿਆ ਹੋਇਆ ਹੈ ਫਿਰ ਕੋਈ ਅੱਗ ਹੈ ਐਸੀ ਜਿਹੜੀ ਗੁਰੂ ਨੂੰ ਜਲਾ ਸਕਦੀ ਹੈ, ਕੋਈ ਚੋਰ ਲੁੱਟ ਸਕਦਾ ਹੈ? ਕਿਸੇ ਮਾਇਆ ਦਾ ਅਟੈਕ ਉੱਥੇ ਹੋ ਸਕਦਾ ਹੈ? ਉੱਥੇ ਉਹੀ ਬਚਨ ਗੁਰੂ ਨਾਨਕ ਬਣ ਕੇ ਪ੍ਰਗਟ ਹੋ ਜਾਂਦਾ ਹੈ|
ਦੁਖ ਸੁਖ ਕਰਤ ਜਨਮਿ ਫੁਨਿ ਮੂਆ||
ਚਰਨ ਕਮਲ ਗੁਰਿ ਆਸ੍ਰਮੁ ਦੀਆ||
ਸਾਹਿਬ ਦੇ ਚਰਨਾਂ ਨੇ ਇਕ ਆਸ਼ਰਮ ਸਾਨੂੰ ਦਿੱਤਾ ਹੈ ਜਿਸ ਵਿੱਚ ਆਪਾਂ ਰਹ ਰਹੇ ਹਾਂ| ਜਿਸਨੇ ਚਰਨ ਨਹੀਂ ਛੱਡੇ ਇਹ ਅਗਨ ਸਾਗਰ ਉਸਦਾ ਕੁਝ ਨਹੀਂ ਕਰ ਸਕਦਾ ਉਸਨੂੰ ਸਤਿਗੁਰੂ ਬਾਂਹ ਫੜਕੇ ਕੱਢ ਲੈਂਦਾ ਹੈ|
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨ||
ਜਿਹੜਾ ਚਰਨਾਂ ਨੂੰ ਫੜ੍ਹੀ ਬੈਠਾ ਹੈ ਉਸਨੂੰ ਇੰਨਾ ਸੁੱਚਾ ਕਰ ਦਿੰਦਾ ਹੈ ਕਿ ਉਸ ਸੁੱਚਮ ਵਿੱਚ ਉਹ ਡੁੱਬ ਨਹੀਂ ਸਕਦਾ| ਉਸ ਨੂੰ ਕਾਲ ਨਹੀਂ ਛੂ ਸਕਦਾ, ਕਾਲ ਉਸਦੇ ਵਸ ਹੋ ਜਾਂਦਾ ਹੈ|
ਗੁਰ ਜੇਵਡੁ ਦਾਤਾ ਕੋ ਨਹੀ
ਜਿਨਿ ਦਿਤਾ ਆਤਮ ਦਾਨੁ||

ਜਿਸਨੂੰ ਆਤਮਦਾਨ ਦਾ ਪ੍ਰਕਾਸ਼ ਬਖਸ਼ ਦਿੰਦਾ ਹੈ ਉੱਥੇ ਦੁੱਖ-ਸੁੱਖ ਤੇ ਕਾਲ ਕੀ ਕਰ ਸਕਦਾ ਹੈ|

ਗੁਰੂ ਨਾਨਕ ਦਾਤਾ ਬਖਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥