ਗੁਰੁ ਪੂਰਾ ਨਿਰਵੈਰ ਹੈ

Humbly request you to share with all you know on the planet!

ਬਾਬਾ ਨਰਿੰਦਰ ਸਿੰਘ ਜੀ ਦੀ ਪੰਜਵੀ ਚੀਜ਼ ਜਿਹੜੀ ਸੱਭ ਤੋਂ ਵੱਡੀ ਦੇਣ ਹੈ, ਉਹ ਹੈ-
 
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ॥
 
ਬਾਬਾ ਨੰਦ ਸਿੰਘ ਸਾਹਿਬ ਨੂੰ ਇਕ ਸੰਗੀ ਨੇ ਕਿਹਾ ਕਿ- ਜੀ ਇਕ ਜਨਾ ਤੁਹਾਡੀ ਬਹੁਤ ਨਿੰਦਿਆ ਕਰਦਾ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ- ਉਹ ਤੇਰੇ ਕੋਲੋਂ ਪਹਿਲੋਂ ਤਰੇਗਾ। 
ਕਹਿਣ ਲੱਗਾ ਜੀ -ਮੈਂ' ਤਾਂ ਸਾਰਾ ਦਿਨ ਸੇਵਾ ਕਰਦਾ ਹਾਂ ਅਤੇ ਉਹ ਨਿੰਦਿਆ ਕਰੀ ਜਾਂਦਾ ਹੈ ਫਿਰ ਉਹ ਕਿਸ ਤਰ੍ਹਾਂ ਪਹਿਲੋਂ ਤਰੇਗਾ? ਪੁੱਛਦਾ ਹੈ ਕਿ ਜੀ ਇਸ ਦੀ ਵਜਹ ਕੀ ਹੈ?
ਬਾਬਿਆਂ ਫੁਰਮਾਇਆ ਕਿ- ਉਹ ਸਾਨੂੰ ਯਾਦ ਤੇਰੇ ਨਾਲੋਂ ਜ਼ਿਆਦਾ ਕਰਦਾ ਹੈ। ਸਾਡੀ ਨਿੰਦਿਆ ਇੰਨੀ ਕਰਦਾ ਹੈ ਕਿ ਸਾਨੂੰ ਹਰ ਵੇਲੇ ਹੀ ਯਾਦ ਕਰਦਾ ਹੈ।
ਉਹਨੂੰ ਸਾਨੂੰ ਯਾਦ ਕਰਨ ਦਾ ਫਲ ਮਿਲ ਜਾਣਾ ਹੈ ਪਰ ਨਿੰਦਿਆ ਕਰਣ ਦਾ ਉਹਨੂੰ ਕੋਈ ਕਸ਼ਟ ਨਹੀਂ ਹੋਣਾ।

ਫਿਰ ਉਹਨੇ ਇਕ ਗਲ ਸਣਾਈ, ਕਹਿਣ ਲੱਗਾ ਕਿ-

ਇਕ ਦਿਨ ਇਕ ਪਿੰਡ ਦੀ ਸੰਗਤ ਬਾਬਿਆਂ ਦੇ ਪਾਸ ਆਈ। ਪੂਰੇ ਪਿੰਡ ਦੀ ਸੰਗਤ ਸੀ ਅਤੇ ਇਕ ਜਨੇ ਨੂੰ ਮੰਜੇ ਤੇ ਚੁੱਕਿਆ ਹੋਇਆ ਸਾਰੇ ਜਨੇ ਕਹਿਣ ਲੱਗੇ ਜੀ ਨਾਂ ਤਾਂ ਇਹ ਜਿਉਂਦਿਆਂ ਵਿੱਚ ਹੈ ਤੇ ਨਾਂ ਹੀ ਮਰਿਆਂ ਵਿੱਚ ਹੈ, ਇਹ ਇਸਦਾ ਪਰਿਵਾਰ ਹੈ ਜਿਹੜਾ ਚੀਕਾਂ ਮਾਰ ਕੇ ਰੋ ਰਿਹਾ ਹੈ। ਹੁਣ ਪਰਿਵਾਰ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਕਰਨ ਕਿਉਂਕਿ ਇਹ ਮਰਦਾ ਵੀ ਨਹੀਂ ਹੈ। ਇਹ ਤੁਹਾਡੀ ਨਿੰਦਿਆ ਕਰਦਾ ਸੀ। 

ਬਾਬੇ ਬੜੇ ਹੈਰਾਨ ਹੋਏ ਫੁਰਮਾਇਆ ਕਿ- ਸਾਡੀ ਨਿੰਦਿਆ ਦਾ ਕਿਸੇ ਨੂੰ ਕਸ਼ਟ ਆ ਜਾਏ......? 
ਫਿਰ ਘਰ ਵਾਲੇ ਕਹਿਣ ਲੱਗੇ- ਜੀ ਤੁਸੀਂ ਐਸੀ ਬਖਸ਼ਿਸ਼ ਕਰੋ ਕਿ ਇਹ ਮਰ ਜਾਏ ਕਿਉਂਕਿ ਇਹ ਬਹੁਤ ਤਕਲੀਫ਼ ਵਿੱਚ ਹੈ।
ਬਾਬਿਆਂ ਫੁਰਮਾਇਆ ਕਿ- ਨਹੀਂ, ਜਿਹੜਾ ਤੁਹਾਡਾ ਸ਼ੰਕਾ ਹੈ ਉਹ ਦੂਰ ਹੋਣਾ ਚਾਹੀਦਾ ਹੈ। ਜਾਓ! ਇਹਨੂੰ ਵਾਪਿਸ ਲੈ ਜਾਓ।
ਉਹ ਕਹਿਣ ਲੱਗੇ ਕਿ- ਜੀ ਇਹਦਾ ਕਰਾਂਗੇ ਕੀ?
ਬਾਬੇ ਫੁਰਮਾਉਂਣ ਲੱਗੇ ਕਿ- ਤੁਹਾਡਾ ਸ਼ੰਕਾ ਦੂਰ ਹੋ ਜਾਏਗਾ।
ਜਿਸ ਵਕਤ ਪਿੰਡ ਦੇ ਨੇੜੇ ਪਹੁੰਚੇ ਹਨ ਤਾਂ ਜਿਹੜਾ ਉਪਰ ਲੰਮਾ ਪਿਆ ਸੀ ਉਹ ਛਾਲ ਮਾਰ ਕੇ ਥੱਲੇ ਆ ਗਿਆ।

ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ॥
ਭਾਈ ਗੁਰਦਾਸ ਜੀ
ਸਤਿਗੁਰੁ ਦਾਤਾ ਦਇਆਲੁ ਹੈ
ਜਿਸ ਨੋ ਦਇਆ ਸਦਾ ਹੋਇ॥
ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥
ਸ੍ਰੀ ਸੁਖਮਨੀ ਸਾਹਿਬ
ਬ੍ਰਹਮ ਗਿਆਨੀ ਦੇ ਰੋਮ-ਰੋਮ ਵਿੱਚ ਗਰੀਬੀ ਸਮਾਈ ਹੁੰਦੀ ਹੈ। ਦੁਨੀਆਂ ਵਿੱਚ ਸਭ ਤੋਂ ਵੱਡੇ ਪਰਉਪਕਾਰ ਕਰਦਾ ਹੈ ਪਰ ਕਰਦਾ ਸਭ ਦੇ ਚਰਨਾਂ ਦੀ ਧੂੜ ਬਣਕੇ ਹੈ।
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥

ਮਰਿਆ ਹੋਇਆ ਸਿਰਫ਼ ਉਹੀ ਹੈ ਜਿਹੜਾ...

ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥

ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ-

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥
ਬਾਬਾ ਨੰਦ ਸਿੰਘ ਸਾਹਿਬ ਨੇ ਆਪਣੀ ਜਿੰਦਗੀ ਵਿੱਚ ਕਿਸੇ ਨੂੰ ਬੁਰਾ ਨਹੀਂ ਕਿਹਾ। ਕਿਸੇ ਦੇ ਬਾਰੇ ਇਕ ਲਫ਼ਜ ਬੁਰਾ ਸੁਣਿਆ ਨਹੀਂ।

ਪਿਤਾ ਜੀ ਕਹਿਣ ਲੱਗੇ ਕਿ-

ਜੇ ਕੋਈ ਬਰਫ ਨੂੰ ਹੱਥ ਪਾਉਂਦਾ ਹੈ ਤਾਂ ਉਸਦਾ ਹੱਥ ਠੰਡਾ ਹੀ ਹੋਣਾ ਹੈ,
ਜੇ ਅੱਗ ਨੂੰ ਪਾਉਂਦਾ ਹੈ ਤਾਂ ਜਲ ਜਾਏਗਾ।
ਬਾਬਾ ਨੰਦ ਸਿੰਘ ਸਾਹਿਬ ਨੂੰ ਅਗਰ ਕੋਈ ਯਾਦ ਵੀ ਕਰਦਾ ਹੈ ਤਾਂ ਉਹਨੂੰ ਵੀ ਠੰਡਕ ਪਹੁੰਚ ਜਾਂਦੀ ਹੈ।
ਮਤਲਬ ਕਿ ਨਿੰਦਿਆ ਕਰਦਾ ਹੈ ਤਾਂ ਯਾਦ ਕਰਦਾ ਹੈ।

....ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸੰਗੀ ਨੂੰ ਫੁਰਮਾਇਆ ਕਿ-

ਉਹ ਤੇਰੇ ਕੋਲੋਂ ਪਹਿਲੋਂ ਤਰੇਗਾ, ਤੁਸੀਂ ਸਾਰੇ ਸੇਵਾ ਕਰਦੇ ਹੋ ਪਰ ਸਾਰੇ ਹੀ ਕੁੱਛ ਨਾ ਕੁੱਛ ਮੰਗਦੇ ਹੋ, ਸੇਵਾ ਦਾ ਅਵਜਾਨਾ ਮੰਗਦੇ ਹੋ। ਨਿੰਦਕ ਜਿਹੜਾ ਹੈ ਉਹ ਨਿੰਦਿਆ ਕਰੀ ਜਾਏਗਾ, ਯਾਦ ਤੁਹਾਡੇ ਤੋਂ ਜ਼ਿਆਦਾ ਕਰਦਾ ਹੈ ਪਰ ਮੰਗਦਾ ਕੁੱਛ ਵੀ ਨਹੀਂ।
 
ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਇਕ ਜਨੇ ਨੂੰ ਵੀ ਆਪਣੇ ਨਾਲ ਨਹੀਂ ਜੋੜਿਆ। ਜਿਨ੍ਹਾਂ ਨੇ ਵੀ ਸਤਿਕਾਰ ਵਿੱਚ ਮੱਥਾ ਟੇਕਿਆ ਹੈ ਕੀ ਮਜਾਲ ਹੈ ਉਨ੍ਹਾਂ ਦਾ ਮੱਥਾ ਕੁੱਛ ਦੇਰ ਹੀ ਆਪਣੇ ਪਾਸ ਰਖਿਆ ਹੋਵੇ।
ਜੇ ਅੰਮ੍ਰਿਤਸਰ ਸਾਹਿਬ ਤੋਂ ਆਈ ਸੰਗਤ ਜਿਸ ਵਕਤ ਉਨ੍ਹਾਂ ਮੱਥਾ ਟੇਕਿਆ ਹੈ ਤਾਂ ਬਾਬਿਆਂ ਮੁੱਖੋਂ ਧੰਨ ਗੁਰੂ ਰਾਮਦਾਸ ਕਿਹਾ ਤੇ ਧਿਆਨ ਦਰਬਾਰ ਸਾਹਿਬ ਦਾ ਕਰਕੇ ਉਨ੍ਹਾਂ ਦਾ ਮੱਥਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪਹੁੰਚਾ ਦਿੱਤਾ। ਇਸੇ ਤਰ੍ਹਾਂ ਜਿੱਥੋਂ ਕੋਈ ਆਇਆ ਉਸੇ ਗੁਰੂ ਸਾਹਿਬ ਦੇ ਚਰਨਾਂ 'ਚ ਉਨ੍ਹਾਂ ਦਾ ਮੱਥਾ ਪਹੁੰਚਾ ਦਿੱਤਾ ਹੈ। ਜਿੰਦਗੀ ਵਿੱਚ ਕੋਈ 'ਮਾਣ' ਆਪਣੇ ਉਪਰ ਨਹੀਂ ਲਿਆ।

ਇਸੇ ਨਿੱਜੀ ਸੰਗੀ ਨੇ ਦੂਜਾ ਬਚਨ ਸੁਣਾਇਆ ਕਿ-

ਮੈਂ' ਰੋਜ ਸੇਵਾ ਵਿੱਚ ਜਾਂਦਾ ਸੀ। ਕੁੱਛ ਦਿਨ ਹੋ ਗਏ ਬਾਬੇ ਮੇਰੇ ਨਾਲ ਗੱਲ ਹੀ ਨਾ ਕਰਨ। ਮੇਰੇ ਵੱਲ ਮੁੱਖ ਹੀ ਨਾ ਕਰਨ। ਸੱਤ ਦਿਨ ਲੰਘ ਗਏ ਪਰ ਬਾਬੇ ਗੱਲ ਹੀ ਨਾ ਕਰਨ। ਫਿਰ ਇਕ ਦਿਨ ਮੈਂ ਪ੍ਰਸ਼ਾਦ ਬਣਾ ਲੈ ਆਇਆ। ਜਾ ਕੇ ਬਾਬਿਆਂ ਦੇ ਕਾਫੀ ਦੂਰ ਪ੍ਰਸ਼ਾਦ ਰੱਖ ਦਿੱਤਾ ਤੇ ਬੈਠ ਗਿਆ, ਬਾਬਿਆਂ ਨੇ ਮੁੱਖ ਦੂਜੇ ਪਾਸੇ ਕਰ ਲਿਆ। ਫਿਰ ਕਹਿਣ ਲੱਗਾ ਕਿਮੈਂ' ਤਦ ਤੱਕ ਇੱਥੋਂ ਨਹੀਂ ਉਠਣਾ ਜਦ ਤੱਕ ਮੈਂ'ਨੂੰ ਆਪਣੇ ਕਸੂਰ ਦਾ ਪਤਾ ਨਹੀਂ ਲਗਦਾ ਕਿ ਮੇਰੇ ਤੋਂ ਕਿਹੜੀ ਭੁੱਲ ਹੋ ਗਈ, ਤੁਸੀਂ ਮੇਰੇ ਵੱਲ ਮੁੱਖ ਕਰਨਾ ਹੀ ਛੱਡ ਦਿੱਤਾ ਹੈ। ਫਿਰ ਬਾਬਿਆਂ ਨੇ ਉਹਦੇ ਵੱਲ ਮੁੱਖ ਕੀਤਾ ਤੇ ਬਾਬੇ ਹੱਸ ਪਏ।

ਨਾਮ ਲੈਕੇ ਪੁੱਛਿਆ ਕਿ ਸਿੱਖ ਕੌਣ ਹੈ? ਹੱਥ ਜੋੜ ਕੇ ਖੜ੍ਹਾ ਰਿਹਾ।

ਫਿਰ ਆਪ ਹੀ ਫੁਰਮਾਇਆ ਕਿ-

ਸਿੱਖ ਉਹ ਹੈ ਜਿਹੜਾ ਭੁੱਲ ਕਰੇ ਕੋਈ ਨਾ ਪਰ ਆਪਣੇ ਆਪ ਨੂੰ ਅਤੀ ਭੁੱਲਣਹਾਰ ਸਮਝੇ ਅਤੇ ਆਪਣੀਆਂ ਭੁੱਲਾਂ ਬਖਸ਼ਵਾਉਣ ਦੀ ਹਮੇਸ਼ਾ ਅਰਦਾਸ ਕਰਦਾ ਰਹੇ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥

ਬਾਬਾ ਨੰਦ ਸਿੰਘ ਸਾਹਿਬ ਦੀ ਅਰਦਾਸ ਵਿੱਚ ਨਿਮਰਤਾ-ਗਰੀਬੀ ਤੇ ਨੀਚਤਾ ਦੇ ਤੇਜ ਦਾ ਪ੍ਰਕਾਸ਼ ਹੁੰਦਾ ਸੀ। ਉਸ ਵੇਲੇ ਇਕ ਐਸਾ ਵਾ-ਵਰੋਲਾ ਉੱਠਦਾ ਸੀ ਜਿਸਨੂੰ ਕੋਈ ਮਧਮ ਨਹੀਂ ਕਰ ਸਕਦਾ ਸੀ।

ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਦੀ ਅਰਦਾਸ ਕਿ ਸਾਰੇ ਬੰਧੀਆਂ ਨੂੰ ਰਿਹਾ ਕਰਦੇ।
ਪਰ ਮੁੱਕਤੀ ਦਾ ਮਤਲਬ ਕੀ ਹੈ?

ਪਿਤਾ ਜੀ ਨੇ ਸਮਝਾਇਆ ਕਿ-

ਜਿਸ ਵੇਲੇ ਉਹ ਮੁੱਕਤੀ ਬਖਸ਼ਦਾ ਹੈ....

ਕਿਉਂਕਿ ਉਹਦੇ ਦਰਸ਼ਨਾ ਦਾ ਫਲ ਹੀ ਮੁਕਤੀ ਹੈ, ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਪੂਰਨ ਹਨ ਉਨ੍ਹਾਂ ਦੇ ਦਰਸ਼ਨਾਂ ਦਾ ਫਲ ਹੀ ਮੁੱਕਤੀ ਹੈ।

ਮੁੱਕਤੀ ਕਿਸ ਚੀਜ਼ ਤੋਂ ਮਿਲਦੀ ਹੈ?

ਜਿੰਨੇ ਪਿੱਛਲੇ ਜਨਮਾਂ ਦੇ ਗੁਨਾਹ ਹਨ ਉਨ੍ਹਾਂ ਤੋਂ ਮੁੱਕਤੀ ਮਿਲ ਗਈ ਪਰ ਜਿਹੜੇ ਉਸ ਵੇਲੇ ਤਕ ਕੀਤੇ ਹੋਏ ਹਨ। ਜਿਸ ਵਕਤ ਮੁੱਕਤੀ ਮਿਲੀ ਤੇ ਉਸ ਜਗ੍ਹਾ ਤੋਂ ਆਦਮੀ ਚਲਾ ਗਿਆ।

ਫਿਰ ਦੋ ਚੀਜ਼ਾਂ ਬਾਬਿਆਂ ਨੇ ਸਮਝਾਈਆਂ, ਫੁਰਮਾਇਆ-

ਆਪਣੀਆਂ ਭੁੱਲਾਂ ਬਖ਼ਸ਼ਾਉਣ ਦੀ ਅਰਦਾਸ ਕਰੇ। ਕੋਈ ਇਨਸਾਨ ਐਸਾ ਨਹੀਂ ਹੈ ਜਿਸਨੂੰ ਪਿੱਛਲੇ ਜਨਮਾਂ ਦੀਆਂ ਭੁੱਲਾਂ ਯਾਦ ਹੋਣ। ਪਰ ਕੋਈ ਐਸਾ ਵੀ ਨਹੀਂ ਹੈ ਜਿਸਨੂੰ ਇਸ ਜਨਮ ਵਿੱਚ ਕੀਤੀਆਂ ਭੁੱਲਾਂ ਯਾਦ ਨਾ ਹੋਣ। ਜਿਹੜੀਆਂ ਕਰੈਹਿਤਾਂ ਵੀ ਕੀਤੀਆਂ ਹਨ ਉਹ ਕਦੀ ਨਹੀਂ ਭੁੱਲਦਾ।

ਫਿਰ ਪਿਤਾ ਜੀ ਸਮਝਾਉਂਦੇ ਹੋਏ ਕਹਿਣ ਲੱਗੇ ਕਿ-

ਜਦੋਂ ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ ਕਹਿਣ ਦਾ ਫਲ ਮਿਲਿਆ ਤਾਂ ਉਸ ਵਕਤ ਉਨ੍ਹਾਂ ਭੁੱਲਾਂ ਤੋਂ ਮੁਕਤੀ ਮਿਲ ਗਈ। ਪਰ ਅਗਰ ਉਸਨੇ ਉਹ ਭੁੱਲਾਂ ਤੋਂ ਤੋਬਾ ਨਹੀਂ ਕੀਤੀ, ਉਹ ਭੁੱਲਾਂ ਨਹੀਂ ਛੱਡੀਆਂ, ਉਹ ਭੁੱਲਾਂ ਦੁਬਾਰਾ ਕਰੀ ਜਾਂਦਾ ਹੈ ਉਹ ਤਾਂ ਫਿਰ ਇਸ ਜੋਗਾ ਵੀ ਨਹੀਂ ਕਿ ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ ਕਹਿ ਸਕੇ।
 
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥