ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ

Humbly request you to share with all you know on the planet!

ਸਾਧ ਸੰਗਤ ਜੀ, ਇਕ ਪਿੰਡ ਤੋਂ ਸੰਗਤ ਹਰ ਪੂਰਨਮਾਸ਼ੀ ਤੇ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੀ ਸੀ। ਇਕ ਬੀਬੀ ਬਿਰਧ ਸੀ ਉਸਦਾ ਇਕਲੌਤਾ ਪੁੱਤ ਸੀ। ਬਾਰ-ਬਾਰ ਉਹ ਬੱਚਾ ਜਿਦ ਕਰੇ ਕਿ ਮੈਨੂੰ ਵੀ ਭੇਜ ਦਿਉ। ਉਹ ਭੇਜੇ ਨਾ, ਉਸ ਨੇ ਸੰਗਤ ਦੀ ਮਿੰਨਤ (ਤਰਲਾ) ਕੀਤੀ। ਸੰਗਤ ਨੇ ਆਪਣੀ ਜ਼ਿੰਮੇਵਾਰੀ ਤੇ ਉਸ ਮਾਤਾ ਕੋਲੋਂ ਇਜਾਜ਼ਤ ਲੈ ਲਈ। ਇਸ ਬੱਚੇ ਦੇ ਅਸੀਂ ਜ਼ਿੰਮੇਵਾਰ ਹਾਂ, ਤੇਰਾ ਬੱਚਾ ਤੈਨੂੰ ਇਸੇ ਤਰ੍ਹਾਂ ਹੀ ਵਾਪਸ ਦੇਵਾਂਗੇ। ਉਹ ਬੱਚਾ ਕਦੇ ਵੀ ਪਿਡੋਂ ਬਾਹਰ ਨਹੀਂ ਸੀ ਗਿਆ। ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਗੱਡੀ ਫੜਨੀ ਸੀ। ਜਿਸ ਤਰ੍ਹਾਂ ਲੋਕ ਪਿੱਛੇ ਭੱਜ ਪੈਂਦੇ ਹਨ, ਬਸ ਵਗੈਰਾ ਦੇ, ਉੱਦਾਂ ਹੀ ਉਹ ਲੋਕ  ਗੱਡੀ ਦੇ ਪਿੱਛੇ ਭੱਜ ਪਏ। ਕੁਝ ਲੋਕ ਭੱਜੇ ਤੇ ਉਹ ਵੀ ਭੱਜ ਪਿਆ, ਗੱਡੀ ਤੇ ਕਦੇ ਚੜ੍ਹਿਆ ਨਹੀਂ ਸੀ। ਚਲਦੀ ਗੱਡੀ ਦਾ ਹੈਂਡਲ ਫੜ੍ਹਿਆ ਹੈ ਜਦੋਂ ਚੜ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਪਲੇਟਫਾਰਮ ਅਤੇ ਗੱਡੀ ਦੇ ਵਿੱਚ ਡਿੱਗ ਪਿਆ ਹੈ। ਜਦੋਂ ਗਿਰਿਆ ਹੈ ਤੇ ਸਾਰੀ ਸੰਗਤ ਦਹਲ ਗਈ, ਹੋਇਆ ਕੀ! ਅਸੀਂ ਤਾਂ ਲੈ ਕੇ  ਆਏ ਸੀ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਤੇ, ਹੁਣ ਇੱਥੋਂ ਹੀ ਮੁੜਨਾ ਪਵੇਗਾ। ਇਸ ਦੀ ਲੋਥ ਉਸ ਦੀ ਮਾਂ ਨੂੰ ਸਪੁਰਦ ਕਰਨੀ ਪਵੇਗੀ। ਇਹ ਸੋਚ ਹੀ ਰਹੇ ਹਨ, ਅੱਖਾਂ ਤੇ ਹੱਥ ਰਖੇ ਹੋਏ ਹਨ, ਜਿਸ  ਵਕਤ ਅੱਖਾਂ ਖੋਲ੍ਹੀਆਂ ਤੇ ਗੱਡੀ ਖੜ੍ਹੀ ਹੋ ਗਈ ਹੈ। ਬੱਚਾ ਗੱਡੀ ਦੇ ਡੱਬਿਆਂ ਦੇ ਥੱਲਿਉਂ ਦੀ ਹੁੰਦਾ ਹੋਇਆ ਅੱਗੇ ਇੰਜਣ ਦੇ ਪਿੱਛੇ ਤੋਂ ਨਿਕਲ ਕੇ ਪਲੇਟਫਾਰਮ ਤੇ ਆ ਗਿਆ।  ਗਦ-ਗਦ ਹੋ ਗਏ, ਬੜੇ ਹੈਰਾਨ ਹੋ ਗਏ, ਬੜੇ ਖੁਸ਼ ਹੋਏ। ਬੱਚੇ ਨੂੰ ਗਲਵੱਕੜੀ ਵਿੱਚ ਲਿਆ ਅਤੇ ਪੁੱਛ ਰਹੇ ਹਨ ਕਿ ਤੂੰ ਤਾਂ ਥੱਲੇ ਗਿਰ ਗਿਆ ਸੀ ਤੇ ਰੇਲ ਦਾ ਪਹੀਆਂ ਤੇਰੇ ਉੱਤੇ ਨਹੀਂ ਚੜਿਆ?

ਕਹਿਣ ਲੱਗਾ ਕਿ ਜਦੋਂ ਮੈ ਪਹੀਏ ਦੇ ਅੱਗੇ ਗਿਰਿਆਂ ਹਾਂ, ਪਹੀਆ ਮੈਨੂੰ ਘਸੀਟਦਾ ਅੱਗੇ ਲੈ ਆਇਆ ਪਰ ਪਹੀਆ ਮੇਰੇ ਉੱਤੇ ਨਹੀਂ  ਚੜਿਆ।

ਉੱਥੇ (ਬਾਬਾ ਜੀ ਦੇ) ਕੀ ਹੋਇਆ? ਬਾਬਾ ਨੰਦ ਸਿੰਘ ਸਾਹਿਬ ਦੇ ਇਸ਼ਨਾਨ ਦਾ ਵਕਤ ਆਇਆ। ਹਜ਼ੂਰੀਆ ਕੀ ਦੇਖਦਾ ਹੈ ਕਿ ਸਾਰੇ ਸ਼ਰੀਰ ਤੇ ਆਲੇ-ਦੁਆਲੇ ਚੱਕਰਾਂ ਦੇ ਨਿਸ਼ਾਨ ਪਏ ਹੋਏ ਹਨ ਤੇ ਸਾਰਾ ਸ਼ਰੀਰ ਜ਼ਖ਼ਮਾਂ ਨਾਲ ਭਰਿਆ ਹੋਇਆ ਹੈ। ਉਸਨੇ ਸੰਗਤ ਨੂੰ ਬਾਹਰ ਆ ਕੇ ਦਸਿਆ ਕਿ ਬਾਬਾ ਜੀ ਦੇ ਸ਼ਰੀਰ ਤੇ ਚੱਕਰਾਂ ਦੇ ਨਿਸ਼ਾਨ ਹਨ ਅਤੇ ਜਖਮਾਂ ਨਾਲ ਭਰਿਆ ਹੋਇਆ ਹੈ। ਕਿਸੇ ਦੀ ਹਿੰਮਤ ਨਾਂ ਪਈ ਕਿ ਬਾਬਾ ਜੀ ਨੂੰ ਪੁੱਛੀਏ ਕਿ ਗਰੀਬ ਨਿਵਾਜ਼ ਇਹ ਕੀ ਕੌਤਕ ਹੈ। ਜਿਸ ਵਕਤ ਸੰਗਤ ਪਹੁੰਚੀ, ਸੰਗਤ ਨੇ ਦਸਿਆ ਕਿ ਸਾਡੇ ਨਾਲ ਇਹ ਕੌਤਕ ਵਰਤਿਆ ਹੈ, ਕਿਸ ਤਰ੍ਹਾਂ ਇਸ ਬੱਚੇ ਨੂੰ ਬਾਬਿਆਂ ਨੇ ਬਚਾਇਆ ਹੈ।

ਉੱਤਰ ਵਿੱਚ ਬਾਬਾ ਜੀ ਦੇ ਸੇਵਾਦਾਰਾਂ ਨੇ ਕਿਹਾ ਕਿ ਭਲੇ ਲੋਕੋਂ! ਉਹ ਤਾਂ ਸਾਰਾ ਕਸ਼ਟ ਬਾਬਾ ਜੀ ਨੇ ਆਪਣੇ ਉਪਰ ਲੈ ਕੇ ਕੱਟਿਆ ਹੈ। ਬਾਬਾ ਜੀ ਨੂੰ ਪੁੱਛੇ  ਬਗੈਰ ਰਹਿ ਨਹੀਂ ਸਕੇ, ਗਰੀਬ ਨਿਵਾਜ਼ ਬਹੁਤ ਹੀ ਮਿਹਰ ਕੀਤੀ ਹੈ, ਤੁਸੀਂ ਸਾਰਾ ਕਸ਼ਟ ਉਸ ਬੱਚੇ ਦਾ ਆਪਣੇ ਉੱਤੇ ਲੈ ਲਿਆ ਹੈ। ਬਾਬਿਆਂ ਨੇ ਦੇਖਿਆ ਉਨ੍ਹਾਂ ਵੱਲ ! ਫਿਰ ਇਕ ਬਚਨ ਕੈਸਾ ਕੀਤਾ ਹੈ?

ਫੁਰਮਾਇਆ ਕਿ-

ਜਿਸ ਵਕਤ ਵੀ ਕੋਈ ਸਾਡੇ ਵਲ ਮੁੱਖ ਕਰਕੇ ਤੁਰਦਾ ਹੈ ਅਸੀਂ ਉਸੇ ਵੇਲੇ ਉਸਦੇ ਨਾਲ ਹੀ ਤੁਰ ਪੈਂਦੇਂ ਹਾਂ।

ਸਾਧ ਸੰਗਤ ਜੀ ਹੁਣ ਸੋਚ ਕੇ ਦਸੋ ਕਿ ਜਦੋਂ ਕਾਬਲ ਦੀ ਸੰਗਤ ਤੁਰੀ ਹੈ ਤੇ ਤੁਰੀ ਕਿਸ ਵਲ ਹੈ?

ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ ॥
ਸਤਿਗੁਰੁ ਕੋਟਿ ਪੈਂਡਾ ਆਗੇ ਹੋਇ ਲੇਤ ਹੈ ॥

ਭਾਈ ਗੁਰਦਾਸ ਜੀ

ਇਕ ਹੀ ਪਹਿਲਾ ਕਦਮ ਰੱਖਿਆ ਹੈ ਤਾਂ ਉਨ੍ਹਾਂ ਨਾਲ ਉਸ ਵੇਲੇ ਤੁਰਿਆ ਕੌਣ ਆ ਰਿਹਾ ਹੈ, ਮੇਰੇ ਸਾਹਿਬ ਮੇਰੇ ਗੁਰੂ ਅਰਜਨ ਪਾਤਸ਼ਾਹ 'ਪਰਤਖ] ਹਰਿ'।  ਉਹ ਗੁਰੂ, ਨਿਰੰਕਾਰ  ਸਰੂਪ, ਗੁਰੂ ਨਾਨਕ ਉਸੇ ਵੇਲੇ ਉੱਥੋਂ ਹੀ ਉਨ੍ਹਾਂ ਨਾਲ ਤੁਰ ਪਿਆ। ਫਿਰ ਉਨ੍ਹਾਂ ਦਾ ਸਾਰੇ ਰਸਤੇ ਖਿਆਲ ਕੌਣ ਰੱਖਦਾ ਸੀ? ਉਨ੍ਹਾਂ ਦੀ ਭੁੱਖ ਦਾ, ਆਰਾਮ ਦਾ, ਉਨ੍ਹਾਂ ਦੀ ਹਿਫ਼ਾਜ਼ਤ ਕੌਣ ਕਰ ਰਿਹਾ ਸੀ? ਉਨ੍ਹਾਂ ਨਾਲ ਤੁਰਿਆ ਕੌਣ ਆ ਰਿਹਾ ਸੀ? ਸਾਧ ਸੰਗਤ ਜੀ ਉਸ ਵੇਲੇ ਫਿਰ ਇਕ ਚੀਜ਼ ਦਾ ਪਤਾ ਲਗਦਾ ਹੈ ਕਿ ਸਭ ਕੁਝ ਉਸ ਦੇ ਵੱਸ ਹੈ ਪਰ ਉਹ ਪ੍ਰੇਮ ਵੱਸ ਹੈ। ਸਿੱਖ ਨੂੰ ਸੰਭਾਲ ਕੇ ਕਿੱਥੇ ਰੱਖਦਾ ਹੈ?

ਸਤਿਗੁਰ ਸਿਖ ਕਾ ਹਲਤੁ ਪਲਤੁ ਸਵਾਰੈ ॥
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥

ਸ੍ਰੀ ਗੁਰੂ ਅਰਜਨ ਦੇਵ ਜੀ

ਸਤਿਗੁਰੁ ਸਿੱਖ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ, ਕਿਉਂਕਿ ਸਿੱਖ ਦਾ ਅਸਥਾਨ, ਭਗਤ ਦਾ ਅਸਥਾਨ, ਪ੍ਰੇਮੀ ਦਾ ਅਸਥਾਨ ਆਪਣੇ ਇਸ਼ਟ, ਸਤਿਗੁਰੂ, ਭਗਵਾਨ ਦੇ ਹਿਰਦੇ ਵਿੱਚ ਹੁੰਦਾ ਹੈ।

ਉਹ ਪ੍ਰੇਮ ਵੱਸ ਹੈ ਅਤੇ ਉਹ ਜਿਸਦੇ ਪ੍ਰੇਮ ਵੱਸ ਹੋ ਜਾਂਦਾ ਹੈ ਉਸ ਦੇ ਅਧੀਨ ਹੋ ਜਾਂਦਾ ਹੈ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥