ਸੱਚੇ ਪਾਤਸ਼ਾਹ ਇਹ ਸਾਰੇ ਦੁੱਖ ਮੇਰੀ ਝੋਲੀ ਵਿੱਚ ਪਾ ਦਿਓ।

Humbly request you to share with all you know on the planet!

ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਸ਼ੁਰੂ ਕਰਦੇ ਹੋਏ ਸਾਰੇ ਸੁੱਖਾਂ ਦਾ ਤਿਆਗ ਕਰ ਦਿੱਤਾ ਸੀ।

  • ਸ੍ਰੀ ਗੁਰੂ ਅੰਗਦ ਸਾਹਿਬ ਜੀ ਜਿਸ ਵਕਤ ਸੇਵਾ ਵਿੱਚ ਆਏ ਹਨ, ਸਾਰੇ ਸੰਸਾਰ ਦਾ ਸੁੱਖ ਤਿਆਗ ਕੇ ਆਏ ਹਨ ਅਤੇ ਦੁੱਖਾਂ ਨੂੰ ਗਲੇ ਲਗਾ ਲਿਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਵਿਛੋੜਾ ਹੋਇਆ ਹੈ ਤਾਂ ਜਿਸ ਤਰ੍ਹਾਂ ਬਿਰਹਾ ਦੇ ਵਿੱਚ ਤੜਪੇ ਹਨ।
  • ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਸਾਰੇ ਸੁੱਖ ਦੁਨੀਆਂ ਦੇ ਤਿਆਗ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ, ਉਨ੍ਹਾਂ ਦੇ ਚਰਨ ਕਮਲਾਂ 'ਚ ਢਹਿ ਪਏ ਸਨ।
    ਜਿਸ ਬਿਰਧ ਅਵਸਥਾ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸੁੱਖ ਤਿਆਗ ਦਿੱਤੇ। ਜੋ ਮਹਾਨ ਕਠਿਣ ਤਪੱਸਿਆ ਆਪਣੇ ਸਾਹਿਬ ਸਤਿਗੁਰੂ ਦੀ ਸੇਵਾ ਵਿੱਚ ਕੀਤੀ ਹੈ, ਉਸ ਅਧੇੜ ਉਮਰ ਵਿੱਚ ਪੁੱਠੇ ਪੈਰੀ ਇਸ਼ਨਾਨ ਦਾ ਜਲ ਲੈਣ ਵਾਸਤੇ ਜਾਂਦੇ ਹਨ ਤਾਂ ਕਿ ਗੁਰੂ ਵੱਲ ਪਿੱਠ ਨਾ ਹੋ ਜਾਏ। ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੂੰ ਪਿਆਰਿਆ ਸਤਿਕਾਰਿਆ ਹੈ, ਜਿਸ ਨਿਰੰਕਾਰ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਪੂਜਿਆ ਹੈ, ਰਿਝਾਇਆ ਹੈ ਉਸ ਵੇਲੇ ਉਨ੍ਹਾਂ ਨੇ ਸੁੱਖ ਤਾਂ ਸਾਰੇ ਤਿਆਗੇ ਹੋਏ ਸਨ।

ਉਸੇ ਬਿਰਧ ਅਵਸਥਾ ਦੇ ਵਿੱਚ ਉਹਨਾਂ ਦੀ ਸਪੁੱਤਰੀ ਮਾਤਾ ਭਾਨੀ ਜੀ ਆਪਣੇ ਨਿਰੰਕਾਰ ਪਿਤਾ ਜੀ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦਾ ਉਸ ਬਿਰਧ ਅਵਸਥਾ ਦੇ ਵਿੱਚ ਇਸ਼ਨਾਨ ਕਰਵਾ ਰਹੇ ਹਨ। ਮਾਤਾ ਭਾਨੀ ਜੀ ਨੇ ਅਚਾਨਕ ਦੇਖਿਆ ਕਿ ਜਿਸ ਚੌਕੀ ਦੇ ਉਪਰ ਬੈਠ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਇਸ਼ਨਾਨ ਕਰ ਰਹੇ ਹਨ, ਉਸ ਚੌਕੀ ਦਾ ਇੱਕ ਪਾਵਾ ਟੁੱਟਣ ਵਾਲਾ ਹੈ। ਸਾਧ ਸੰਗਤ ਜੀ ਮਾਤਾ ਭਾਨੀ ਜੀ ਨੇ ਇਕ ਦਮ ਆਪਣਾ ਹੱਥ (ਹਥੇਲੀ) ਉਸ ਜਗ੍ਹਾਂ ਕਰ ਦਿੱਤਾ ਤਾਕਿ ਸਾਹਿਬ ਆਰਾਮ ਨਾਲ ਇਸ਼ਨਾਨ ਕਰ ਸਕਣ। ਸਾਹਿਬ ਦੇ ਇਸ਼ਨਾਨ ਦੇ ਬਾਅਦ ਜਿਸ ਵਕਤ ਸਾਹਿਬ ਆਪਣੀ ਲੀਨਤਾ 'ਚੋਂ ਬਾਹਰ ਆਏ ਹਨ, ਨੇਤਰ ਖੋਲ੍ਹੇ ਤਾਂ ਦੇਖਿਆ ਕਿ ਜਿਹੜਾ ਇਸ਼ਨਾਨ ਦੇ ਬਾਅਦ ਦਾ ਜਲ ਚੁਬਚੇ ਵਿੱਚ ਜਾ ਰਿਹਾ ਸੀ ਉਸ ਦਾ ਰੰਗ ਖੂਨ ਦੀ ਮਿਲਾਵਟ ਕਰਕੇ ਲਾਲ ਸੀ। ਫਿਰ ਜਦੋਂ ਮਾਤਾ ਭਾਨੀ ਜੀ ਵੱਲ ਦੇਖਦੇ ਹਨ ਤਾਂ ਉਨ੍ਹਾਂ ਦੇ ਇਕ ਹੱਥ ਵਿੱਚੋਂ ਲਹੂ ਵਗ ਰਿਹਾ ਹੈ। ਇਹ ਦੇਖਕੇ ਸੱਚੇ ਪਾਤਸ਼ਾਹ ਬੜੀ ਪ੍ਰਸੰਨਤਾ 'ਚ ਆਏ ਹਨ ਤੇ ਫੁਰਮਾਇਆ-

ਪੁੱਤ ਮੰਗ ਕੀ ਮੰਗਦੀ ਹੈ। ਮਾਤਾ ਭਾਨੀ ਜੀ ਦੇ ਮੁੱਖੋਂ ਨਿਕਲਿਆ ਕਿ-ਇਹ ਜਿਹੜੀ ਗੁਰੂ ਨਾਨਕ ਨਿਰੰਕਾਰ ਦੀ ਬਖਸ਼ਿਸ਼ ਹੈ ਘਰ ਦੇ ਵਿੱਚ ਹੀ ਰਹੇ।

ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਅੱਗੋਂ ਫੁਰਮਾਉਂਣ ਲੱਗੇ ਕਿ-

ਇਹ ਤਾਂ ਸਾਰੀ ਬਖਸ਼ਿਸ਼ ਦੁੱਖਾਂ ਭਰੀ ਹੋਵੇਗੀ, ਦੁੱਖ ਹੀ ਦੁੱਖ ਹੋਣਗੇ।

ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕਿਸੇ ਦੇ ਦੁੱਖ ਨਹੀਂ ਦੇਖ ਸਕਦੇ। ਗੁਰੂ ਨਾਨਕ ਦਯਾ ਅਤੇ ਤਰਸ ਦਾ ਸਮੁੰਦਰ ਹੈ। ਆਪ ਹੀ ਅਰਦਾਸ ਕਰ ਰਹੇ ਹਨ ਕਿ-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 853

ਸੱਚੇ ਪਾਤਸ਼ਾਹ ਇਸ ਸੜਦੇ-ਬਲਦੇ ਸੰਸਾਰ ਨੂੰ ਰੱਖ ਲੈ।

ਫਿਰ ਆਪਣੇ ਹੀ ਪੰਜਵੇਂ, ਗੁਰੂ ਨਾਨਕ ਦੇ ਸਰੂਪ ਵਿੱਚ ਅੱਗ ਦੇ ਵਿੱਚ ਆਸਨ ਲਾ ਕੇ ਉਨ੍ਹਾਂ ਦਾ ਭੁਗਤਾਨ ਕਰਦੇ ਹਨ। ਜਗਤ ਜਲੰਦੇ ਦੇ ਕਸ਼ਟਾਂ ਨੂੰ ਆਪਣੇ ਉੱਤੇ  ਲੈ ਕੇ ਉਸਦਾ ਭੁਗਤਾਨ ਕਰ ਦਿੰਦੇ ਹਨ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਜਿਸ ਵਕਤ ਉਸਨੇ ਇਸ ਲੁਕਾਈ ਦੇ, ਆਪਣੇ ਬੱਚਿਆ ਦੇ ਦੁੱਖ ਤੇ ਕਸ਼ਟ ਆਪਣੇ ਉੱਤੇ ਲੈ ਕੇ ਉਸਦਾ ਭੁਗਤਾਨ ਕਰਨਾ ਹੋਵੇ ਤਾਂ ਉਹ ਆਪ ਹੀ ਆ ਜਾਂਦਾ ਹੈ ਕਿਉਂਕਿ ਇਸ ਜਗਤ ਦੇ ਦੁੱਖਾਂ ਤੇ ਕਸ਼ਟਾਂ ਦਾ ਭੁਗਤਾਨ ਤਾਂ ਰੱਬ ਆਪ ਹੀ ਕਰ ਸਕਦਾ ਹੈ, ਸਾਧ ਸੰਗਤ ਜੀ ਕੋਈ ਹੋਰ ਨਹੀਂ ਕਰ ਸਕਦਾ।

ਅੱਗੋਂ ਮਾਤਾ ਭਾਨੀ ਜੀ ਆਪਣੀ ਝੋਲੀ ਅੱਡ ਕੇ ਮੰਗ ਕੀ ਰਹੇ ਹਨ ਕਿ ਸੱਚੇ ਪਾਤਸ਼ਾਹ ''ਇਹ ਸਾਰੇ ਦੁੱਖ ਮੇਰੀ ਝੋਲੀ ਵਿੱਚ ਪਾ ਦਿਓ।

ਅੱਜ ਜਗਤ ਮਾਤਾ ਖੇਡ ਕੀ ਖੇਡ ਰਹੀ ਹੈ। ਸਾਧ ਸੰਗਤ ਜੀ ਉਨ੍ਹਾਂ ਦੁੱਖਾਂ ਦਾ ਅਖ਼ੀਰ ਤੇ ਜਦੋਂ ਸਿਖ਼ਰ ਆਇਆ ਹੈ ਤਾਂ ਜਗਤ ਮਾਤਾ, ਮਾਤਾ ਗੁਜ਼ਰੀ ਜੀ ਦੇ ਰੂਪ ਵਿੱਚ ਸਾਰੇ ਦੁੱਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਚਾਰੋਂ ਸਾਹਿਬਜ਼ਾਦਿਆਂ ਤਕ ਆਪਣੀ ਝੋਲੀ ਵਿੱਚ ਖਿੜੇ ਮੱਥੇ ਕਿਸ ਤਰ੍ਹਾਂ ਪਵਾਂਦੇ ਹਨ, ਤੁਸੀਂ ਤਵਾਰੀਖ ਤੋਂ ਵਾਕਫ਼ ਹੋ।

ਜਿਸ ਵਕਤ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਵਾਏ ਹਨ ਉਸ ਵਕਤ ਮਹਾਨ ਜਗਤ ਮਾਤਾ ਇਕ ਬਚਿੱਤਰ ਖੇਡ-ਖੇਡ ਰਹੀ ਹੈ। ਜਗਤ ਮਾਤਾ ਉਸ ਵੇਲੇ ਆਪਣੇ ਬੱਚਿਆਂ ਦੇ ਹੀ ਦੁੱਖ ਆਪਣੇ ਉੱਤੇ ਲੈ ਰਹੀ ਹੈ। ਜਗਤ ਮਾਤਾ ਆਪਣੇ ਹੀ ਨਿਰੰਕਾਰ ਸਰੂਪ ਬੱਚੇ ਨੂੰ ਜਿਹੜੇ ਗੁਰੂ ਨਾਨਕ ਦੇ ਪੰਜਵੇਂ ਸਰੂਪ ਵਿੱਚ ਤਸ਼ਰੀਫ ਲਿਆਏ ਹਨ।

ਜਗਤੁ ਗੁਰੂ ਗੁਰੁ ਨਾਨਕ ਦੇਉ॥

ਭਾਈ ਗੁਰਦਾਸ ਜੀ, ਵਾਰ 24

ਜਗਤ ਗੁਰੂ, ਜਿਹੜਾ ਸਾਰੇ ਹੀ ਜਗਤ ਦੇ ਦੁੱਖ ਆਪਣੇ ਉੱਤੇ ਲੈ ਕੇ ਅੱਗ ਦੇ ਉੱਤੇ ਆਸਣ ਲਾਈ ਬੈਠਾ ਹੈ। ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਲਾਹੋਰ ਜਾ ਰਹੇ ਸਨ ਤਾਂ ਉਸ ਵੇਲੇ ਮਾਤਾ ਭਾਨੀ ਜੀ ਨੇ ਕਿਸ ਤਰ੍ਹਾਂ ਦੀ ਆਸੀਸ ਦਿੱਤੀ ਹੈ।

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ
ਪਿਤਰੀ ਹੋਇ ਉਧਾਰੋ॥
ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ
ਜਾ ਕਾ ਅੰਤੁ ਨ ਪਾਰੋ ॥

ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ
ਸਦਾ ਭਜਹੁ ਜਗਦੀਸ ॥੧॥ ਰਹਾਉ ॥

ਸਤਿਗੁਰੁ ਤੁਮੑ ਕਉ ਹੋਇ ਦਇਆਲਾ
ਸੰਤਸੰਗਿ ਤੇਰੀ ਪ੍ਰੀਤਿ ॥
ਕਾਪੜੁ ਪਤਿ ਪਰਮੇਸਰੁ ਰਾਖੀ
ਭੋਜਨੁ ਕੀਰਤਨੁ ਨੀਤਿ ॥ ੨॥

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ
ਹਰਿ ਸਿਮਰਤ ਅਨਦ ਅਨੰਤਾ॥
ਰੰਗ ਤਮਾਸਾ ਪੂਰਨ ਆਸਾ
ਕਬਹਿ ਨ ਬਿਆਪੈ ਚਿੰਤਾ॥ ੩॥

ਭਵਰੁ ਤੁਮੑਾਰਾ ਇਹੁ ਮਨੁ ਹੋਵਉ
ਹਰਿ ਚਰਣਾ ਹੋਹੁ ਕਉਲਾ ॥
ਨਾਨਕ ਦਾਸੁ ਉਨਿ ਸੰਗਿ ਲਪਟਾਇਓ
ਜਿਉ ਬੂੰਦਹਿ ਚਾਤ੍ਰਿਕੁ ਮਉਲਾ॥  ੩॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 496

ਫਿਰ ਸੱਚੇ ਪਾਤਸ਼ਾਹ ਨੇ ਉਸ ਆਸੀਸ ਨੂੰ ਰਹਿੰਦੀ ਦੁਨੀਆਂ ਤਕ, ਆਉਣ ਵਾਲੇ ਜਗਤ ਮਾਤਾ ਦੇ ਸਾਰੇ ਬੱਚਿਆਂ ਵਾਸਤੇ ਪ੍ਰਸ਼ਾਦ ਦੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥