ਆਪੁ ਤਿਆਗਿ ਹੋਈਐ ਸਭ ਰੇਣਾ

Humbly request you to share with all you know on the planet!

ਪਿਤਾ ਜੀ ਨੇ ਇਹ ਗੁਝੀਆਂ ਰਮਜ਼ਾਂ, ਇਹ ਗੁਝੇ ਰਹਿਸਾਂ ਦੇ ਉੱਤੇ ਪ੍ਰਕਾਸ਼ ਪਾਇਆ ਹੈ, ਆਪ ਨਾਲ ਉਹ ਵੀ ਸਾਂਝੇ ਕਰਦਾ ਹਾਂ।  ਪਿਤਾ ਜੀ ਕਹਿਣ ਲਗੇ-

ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥

ਸ੍ਰੀ ਗੁਰੂ ਅਰਜਨ ਦੇਵ ਜੀ

ਬ੍ਰਹਮ ਗਿਆਨੀ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਤੇ ਉਸ ਨਿਮਰਤਾ ਤੇ ਗਰੀਬੀ ਦੀ ਅਵਸਥਾ ਦੇ ਵਿੱਚ ਆਤਮ ਰਸ ਮਾਣਦਾ ਹੈ। ਆਤਮ ਰਸ ਕੀ ਹੋਇਆ? ਸਾਹਿਬ ਫੁਰਮਾਉਂਦੇ ਹਨ,

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1102

"ਪਹਿਲਾ ਮਰਣੁ ਕਬੂਲਿ" ਪਹਿਲਾਂ ਮਰ ਜਾ,

"ਜੀਵਨ ਕੀ ਛਡਿ ਆਸ" ਜੀਵਤਿਆਂ ਹੀ ਮਰ ਜਾ

"ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥" ਸਾਡਾ ਦਰ ਉਸ ਵੇਲੇ ਖੁਲੇਗਾ ਜਦ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਏਂਗਾ।

ਨਿਮਰਤਾ, ਗਰੀਬੀ ਤੇ ਹੋਰ ਪ੍ਰਕਾਸ਼ ਪਾਉਂਦੇ ਹੋਏ ਸਾਹਿਬ ਫੁਰਮਾਉਂਦੇ ਹਨ-

ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 750

ਪਿਤਾ ਜੀ ਕਹਿਣ ਲਗੇ-

ਜਿਸ ਵਕਤ ਨਿਮਰਤਾ ਤੇ ਗਰੀਬੀ ਦੀ ਇਹ ਅਵਸਥਾ ਆ ਜਾਏ ਉਸ ਵੇਲੇ ਜਿਹੜੀ ਭੀਤਰ ਦੀ, ਅੰਦਰ ਦੀ ਨਿਮਰਤਾ ਤੇ ਗਰੀਬੀ ਹੈ, ਜਿਸ ਵਕਤ ਮਨ ਉਸ ਨਿਮਰਤਾ ਤੇ ਗਰੀਬੀ ਵਿੱਚ ਭਿੱਜ ਜਾਏ ਉਸ ਵਕਤ ਨਿਮਰਤਾ ਤੇ ਗਰੀਬੀ ਵਿੱਚ ਮਨ ਮਰ ਚੁੱਕਿਆ ਹੈ। ਉਹ ਨਿਮਰਤਾ ਤੇ ਗਰੀਬੀ ਰਿਦੈ ਦੇ ਵਿੱਚ ਸਮਾ ਚੁੱਕੀ ਹੈ। ਐਸੀ ਨਿਮਰਤਾ ਤੇ ਗਰੀਬੀ ਸਤਿਗੁਰੂ ਦੀ ਬਖਸ਼ਿਸ਼ ਦੇ ਵਿੱਚ ਸਿੱਖ ਪੂਰਨ ਤੌਰ ਤੇ ਨਿਮਾਣਾ ਹੋਇਆ ਸਾਹਿਬ ਦੇ ਚਰਨਾਂ ਵਿੱਚ ਨਿਮਾਣਾ ਹੋ ਕੇ ਮੂਧਾ ਹੋ ਕੇ ਢਹਿ ਪਿਆ ਹੈ। ਉਸ ਵੇਲੇ ਸਾਹਿਬ ਸਤਿਗੁਰੂ ਬਖਸ਼ਿਸ਼ ਕੀ ਕਰਦੇ ਹਨ ? ਜਿਸ ਵਕਤ ਉਸ ਨਿਮਰਤਾ ਤੇ ਗਰੀਬੀ ਤੇ ਸਾਹਿਬ ਤੁੱਠਦੇ ਹਨ, ਉਸ ਵੇਲੇ ਆਤਮ ਦਾ ਦਰਵਾਜ਼ਾ ਖੋਲ੍ਹ ਦਿੰਦੇ ਹੈ। ਜਿਸ ਵਕਤ ਆਤਮ ਦਾ ਦਰਵਾਜ਼ਾ ਖੁਲ੍ਹਦਾ ਹੈ ਉਸ ਵੇਲੇ ਸਾਹਿਬ ਲੈ ਕਿੱਥੇ ਜਾਂਦੇ ਹਨ, ਸਿੱਧੇ ਆਤਮ ਦੇ ਪ੍ਰਕਾਸ਼ ਵਿੱਚ ਲੈ ਜਾਂਦੇ ਹਨ। ਜਿਸ ਵਕਤ ਉਸ ਨਿਮਰਤਾ ਤੇ ਗਰੀਬੀ ਦੀ ਹਾਲਤ ਵਿੱਚ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਸਾਹਿਬ ਉਸ ਪ੍ਰਕਾਸ਼ ਦੇ ਵਿੱਚ, ਉਸ ਆਤਮ ਦੇ ਪ੍ਰਕਾਸ਼ ਵਿੱਚ ਲੈ ਜਾਂਦੇ ਹਨ, ਜਿਸ ਵਕਤ ਉਸ ਪ੍ਰਕਾਸ਼ ਦੇ ਵਿੱਚ ਸਿੱਖ ਸਮਾਉਂਦਾ ਹੈ ਜਿਹੜੇ ਉਸ ਸੁਨਹਿਰੀ ਪ੍ਰਕਾਸ਼ ਦੇ ਵਿੱਚ, ਨਿਰੰਕਾਰ ਦੇ ਪ੍ਰਕਾਸ਼ ਵਿੱਚ ਹੁਲਾਰੇ ਆਉਂਦੇ ਹਨ, ਜਿਹੜਾ ਉਸ ਵੇਲੇ ਉਹ ਆਨੰਦ ਮਾਣਦਾ ਹੈ, ਜਿਹੜਾ ਰਸ ਉਸ ਵੇਲੇ ਪੀਂਦਾ ਹੈ ਉਸ ਨੂੰ ਆਤਮ ਰਸ ਕਹਿੰਦੇ ਹਨ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥