ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ
ਸਾਧ ਸੰਗਤ ਜੀ, ਪਿਤਾ ਜੀ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਇਕ ਦਫ਼ਾ ਪੇਸ਼ ਹੋਏ ਉਸ ਵੇਲੇ ਪੂਰਨਮਾਸ਼ੀ ਦਾ ਮੁਬਾਰਕ ਦਿਹਾੜਾ ਸੀ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ ਕੀਰਤਨ ਦੇ ਵਿੱਚ ਸੰਗਤ ਝੂਮ ਰਹੀ ਹੈ। ਜਿਸ ਵਕਤ ਅਰਦਾਸ ਦਾ ਵਕਤ ਆਇਆ ਹੈ, ਬਾਬਾ ਨੰਦ ਸਿੰਘ ਸਾਹਿਬ ਨੇ ਫਿਰ ਜਿਸ ਤਰ੍ਹਾਂ ਅਰਦਾਸ ਕੀਤੀ ਹੈ, ਜਿਸ ਤਰ੍ਹਾਂ ਸੱਦ ਮਾਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਸ ਨਿਰੰਕਾਰ ਦੀ ਜੋਤ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ। ਜਿਸ ਤਰ੍ਹਾਂ ਫਿਰ ਬਚਨ ਬਿਲਾਸ ਹੋਏ ਹਨ, ਪ੍ਰਤੱਖ ਬਾਬਾ ਨੰਦ ਸਿੰਘ ਸਾਹਿਬ, ਗੁਰੂ ਨਾਨਕ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਅਰਦਾਸ ਕੰਨਾਂ ਵਿੱਚ ਹੁਣ ਵੀ ਗੂੰਝ ਰਹੀ ਹੈ।
ਸਾਧ ਸੰਗਤ ਜੀ ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਨਿਮਰਤਾ ਵਿੱਚ ਗਿੜਗਿੜਾ ਕੇ ਅਰਦਾਸ ਕੀਤੀ ਹੈ ਕਿ-
- ਤੇਰਾ ਨਿੱਤ ਦਾ ਮੰਗਤਾ, ਹੇ ਸੱਚੇ ਪਾਤਸ਼ਾਹ ਝੋਲੀ ਅੱਡੀ ਤੇਰੇ ਦਰ ਤੇ ਖੜ੍ਹਾ ਹੈ, ਤੇਰੇ ਚਰਨ ਕਮਲਾਂ ਵਿੱਚ ਖੜ੍ਹਾ ਹੈ।
ਫਿਰ ਸੱਚੇ ਪਾਤਸ਼ਾਹ ਦੇ ਅੱਗੇ ਕਹਿ ਕੀ ਰਹੇ ਹਨ ਕਿ-
- ਹੇ ਗੁਰੂ ਨਾਨਕ, ਹੇ ਦੀਨ-ਦੁਨੀਂ ਦੇ ਵਾਲੀ ਸੱਚੇ ਪਾਤਸ਼ਾਹ, ਹੇ ਨਿਰੰਕਾਰ ਸਰੂਪ ਗੁਰੂ ਨਾਨਕ ਅੱਜ ਤਾਂ ਤੇਰਾ ਪ੍ਰਕਾਸ਼ ਉਤਸਵ ਹੈ, ਜਿਸ ਵਕਤ ਦੁਨੀਆਂ ਦੇ ਬਾਦਸ਼ਾਹ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਕੈਦੀਆਂ ਨੂੰ, ਬੰਦੀਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ।
- ਹੇ ਸਾਹਿਬ ਸੱਚੇ ਪਾਤਸ਼ਾਹ, ਹੇ ਸੱਚਖੰਡ ਦੇ ਮਾਲਕ ਅੱਜ ਤਾਂ ਤੇਰਾ ਪ੍ਰਕਾਸ਼ ਉਤਸਵ ਹੈ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਅੱਜ ਜਿੰਨੇ ਵੀ ਜੀਵ-ਜੰਤ, ਜਿਸ ਵਕਤ ਜੀਵ-ਜੰਤ ਕਿਹਾ ਉਸ ਦੇ ਬਾਅਦ ਉੱਥੇ ਕੀ ਸੁਣ ਰਹੇ ਹਾਂ, ਪਸ਼ੂ-ਪੰਖੀ, ਕੀਟ- ਪਤੰਗਾ ਜੋ ਵੀ ਇਸ ਵੇਲੇ ਤੇਰੇ ਦਰਬਾਰ ਵਿੱਚ ਹਾਜ਼ਿਰ ਹੈ ਸੱਚੇ ਪਾਤਸ਼ਾਹ ਉਹ ਬੰਦੀਆਂ ਨੂੰ, ਉਹ ਕੈਦੀਆਂ ਨੂੰ ਰਿਹਾ ਕਰ ਦੇ, ਉਨ੍ਹਾਂ ਦੇ ਬੰਧਨ ਕੱਟ ਦੇ।
ਇਕ ਦਿਲ ਨੂੰ ਹਿਲਾਉਣ ਵਾਲੀ ਉਸ ਸਮੇਂ ਅਰਦਾਸ ਸੁਣੀ ਹੈ ਜਿਸ ਵਿੱਚ ਮੇਰੇ ਮਾਲਕ, ਮੇਰੇ ਮੁਰਸ਼ੱਦ, ਮੇਰੇ ਸਾਹਿਬ, ਮੇਰੇ ਪ੍ਰੀਤਮ ਬਾਬਾ ਨੰਦ ਸਿੰਘ ਸਾਹਿਬ ਗੁਰੂ ਨਾਨਕ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਕੀ ਮੰਗ ਕਰ ਰਹੇ ਹਨ? ਜਿੱਥੇ ਖੜ੍ਹੇ ਹਨ, ਜਿੱਥੇ ਜੰਗਲ ਵਿੱਚ ਦਰਬਾਰ ਸੱਜਿਆ ਹੋਇਆ ਹੈ ਉੱਥੇ ਇੱਕਲੇ ਇਨਸਾਨ ਤਾਂ ਨਹੀਂ ਸੀ, ਉੱਥੇ ਤਾਂ ਕੀਟ-ਪਤੰਗਾਂ, ਪੰਖੀ-ਪੰਖੇਰੂ, ਪਸ਼ੂ-ਪੰਛੀ ਸਾਰੇ ਉਸ ਦਰਬਾਰ ਦੇ ਵਿੱਚ ਸਨ ਉਹ ਸਾਰਿਆਂ ਨੂੰ, ਬਖਸ਼ਵਾਂ ਰਹੇ ਹਨ।
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 608
ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੂੰ ਇਕ ਤਿੱਲ ਦੀ ਤਮਾਂ ਨਹੀਂ, ਉਸ ਵੇਲੇ ਕਰੋੜਾਂ ਦਾ ਉਧਾਰ ਕਿੱਦਾਂ ਕਰ ਰਹੇ ਹਨ ਅਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਕੋਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਕਰਵਾ ਰਹੇ ਹਨ ਕਿਉਂਕਿ ਆਪਣਾ ਨਾਮ ਤੇ ਨਿਸ਼ਾਨ ਉਨ੍ਹਾਂ ਨੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਮਿਟਾ ਦਿੱਤਾ ਸੀ।
ਮਾਨੁਖ ਬਨੁ ਤਿਨੁ ਪਸੂ ਪੰਖੀ
ਸਗਲ ਤੁਝਹਿ ਅਰਾਧਤੇ॥
ਦਇਆਲ ਲਾਲ ਗੋਬਿੰਦ ਨਾਨਕ
ਮਿਲੁ ਸਾਧਸੰਗਤਿ ਹੋਇ ਗਤੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 455
ਗਣ ਗੰਧਰਬ ਦੇਵ ਮਾਨੁਖ੍ਯ੍ਯੰ
ਪਸੁ ਪੰਖੀ ਬਿਮੋਹਨਹ॥
ਹਰਿ ਕਰਣਹਾਰੰ ਨਸਮਕਾਰੰ
ਸਰਣਿ ਨਾਨਕ ਜਗਦੀਸ੍ਵਰਹ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1358
ਸਿਮਰਹਿ ਪਸੁ ਪੰਖੀ ਸਭਿ ਭੂਤਾ॥
ਸਿਮਰਹਿ ਬਨ ਪਰਬਤ ਅਉਧੂਤਾ॥
ਸਿਮਰਹਿ ਥੂਲ ਸੂਖਮ ਸਭਿ ਜੰਤਾ॥
ਸਿਮਰਹਿ ਸਿਧ ਸਾਧਿਕ ਹਰਿ ਮੰਤਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1079
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ
ਜਨ ਦੇ ਬਾਰੇ ਵਿੱਚ ਗੁਰੂ ਸਾਹਿਬ ਫੁਰਮਾ ਰਹੇ ਹਨ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਨਿਰੋਲ ਤੇ ਨਿਰਮਲ ਪ੍ਰੇਮ ਪ੍ਰਕਾਸ਼ ਸੀ ਅਤੇ ਜਿਸ ਨਿਮਰਤਾ ਦੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਗੁਰੂ ਨਾਨਕ ਪਾਤਸ਼ਾਹ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਆਪਣਾ ਨਾਮ ਤੇ ਨਿਸ਼ਾਨ ਮਿਟਾ ਗਏ ਹਨ, ਜਿਸ ਨਿਮਰਤਾ ਅਤੇ ਗਰੀਬੀ ਦੇ ਵਿੱਚ ਉਨ੍ਹਾਂ ਨੇ ਆਪਣਾ ਨਾਮ ਵਿੱਚ ਹੀ ਨਹੀਂ ਆਉਣ ਦਿੱਤਾ। ਇਹ ਉਹ ਪ੍ਰਕਾਸ਼ ਸੀ ਨਿਮਰਤਾ ਤੇ ਗਰੀਬੀ ਦਾ, ਇਹ ਉਹ ਜਨ ਦਾ ਪ੍ਰਕਾਸ਼, ਨਿਰੰਕਾਰ ਦਾ ਪ੍ਰਕਾਸ਼ ਸੀ।
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 295
ਉਹ ਜਨ, ਉਹ ਨਿਰੰਕਾਰ ਦਾ ਪ੍ਰਕਾਸ਼ ਪੂਰਨ ਨਾਮ ਦਾ ਪ੍ਰਕਾਸ਼ ਹੋਏਗਾ। ਬਾਬਾ ਨੰਦ ਸਿੰਘ ਸਾਹਿਬ ਜੇ ਉਹ ਨਾਮ ਦਾ ਪੂਰਨ ਪ੍ਰਕਾਸ਼ ਸੀ ਤੇ ਫਿਰ ਉਹ ਨਾਮ ਦੀ ਹਰ ਇਕ ਜਗ੍ਹਾ ਇਕ ਕਣੀਂ ਦਿੰਦੇ ਹੋਏ ਕਿਸ ਤਰ੍ਹਾਂ ਇਸ ਸੰਸਾਰ ਨੂੰ ਮੁਕਤੀਆਂ ਪ੍ਰਦਾਨ ਕਰ ਰਹੇ ਹਨ। ਕਿਸ ਤਰ੍ਹਾਂ ਉਸ ਮੁਕਤੀ ਦੀ ਬਰਖਾ ਕਰ ਰਹੇ ਹਨ ਪਰ ਇਕ ਤਿੱਲ ਦੀ ਤਮਾ ਨਹੀਂ ਹੈ ਕਿਉਂਕਿ ਆਪਣਾ ਨਾਮ ਤੇ ਨਿਸ਼ਾਨ ਮਿਟਾ ਦਿੱਤਾ ਹੈ ਉਧਰ ਦੇਖਦੇ ਵੀ ਨਹੀਂ। ਜਿਸ ਧਰਤੀ ਤੋਂ ਵੀ ਲੰਘ ਜਾਂਦੇ ਹਨ ਉਸ ਧਰਤੀ ਨੂੰ ਵੀ ਭਾਗ ਲਾਈ ਜਾਂਦੇ ਹਨ ਕਿਉਂਕਿ ਇਹ ਉਹ ਜਨ ਹੈ ਜਿਹਦੇ ਵਿੱਚ ਪੂਰਨ ਸਮਰਥਾ ਹੈ ਸਾਰੇ ਸੰਸਾਰ ਨੂੰ ਮੁਕਤੀ ਪ੍ਰਦਾਨ ਕਰਨ ਦੀ।
"ਆਪਿ ਮੁਕਤੁ ਮੁਕਤੁ ਕਰੈ ਸੰਸਾਰੁ" ਸਾਰੇ ਸੰਸਾਰ ਨੂੰ ਮੁਕਤੀ ਪ੍ਰਦਾਨ ਕਰਨ ਵਾਲੀ ਸ਼ਕਤੀ ਨਿਰੰਕਾਰ ਦੇ ਜਿਸ ਜਨ ਦੇ ਵਿੱਚ, ਜਿਸ ਪ੍ਰਕਾਸ਼ ਦੇ ਵਿੱਚ ਹੁੰਦੀ ਹੈ ਇਹ ਉਹ ਜਨ ਹੈ। ਸਾਧ ਸੰਗਤ ਜੀ ਇਕ ਲੇਸ ਮਾਤਰ ਵੀ ਮਾਣ ਨਹੀਂ ਕੀਤਾ, ਇਕ ਲੇਸ ਮਾਤਰ ਵੀ ਤਮਾ ਨਹੀਂ ਹੈ, ਉਸ ਪਾਸੇ ਦੇਖਿਆ ਹੀ ਨਹੀਂ, ਪਿੱਛੇ ਮੁੜ ਕੇ ਦੇਖਿਆ ਹੀ ਨਹੀਂ। ਸਾਰੇ ਸੰਸਾਰ ਨੂੰ ਮੁਕਤੀਆਂ ਬਖਸ਼ਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ ਤੁਰੇ ਜਾਂ ਰਹੇ ਹਨ। ਆਪਣੇ ਲਕਸ਼ ਵੱਲ ਹੀ ਤੁਰੇ ਜਾ ਰਹੇ ਹਨ, ਕੀ ਮਜਾਲ ਹੈ ਕਿਸੇ ਪਾਸੇ ਧਿਆਨ ਵੀ ਗਿਆ ਹੋਵੇ। ਧੰਨ ਹਨ ਬਾਬਾ ਨੰਦ ਸਿੰਘ ਸਾਹਿਬ ਉਸ ਮੁਕਤੀ ਦੇ, ਉਸ ਤਿਆਗ ਦੇ ਪੂਰਨ ਪ੍ਰਕਾਸ਼ ਹਨ।
ਛੈਨੀ ਪਕੜ ਕੇ ਹਥ ਮਿਆਨ ਵਾਲੀ,
ਬਾਬੇ ਸੰਗਲ ਚੌਰਾਸੀ ਦੇ ਕਟ ਦਿੰਦੇ।
ਮਲ੍ਹਮ ਲਾ ਕੇ ਰੱਬੀ ਪਿਆਰ ਵਾਲੀ,
ਮੇਲ ਦੁਈ ਦਵੈਤ ਦੇ ਫਟ ਦਿੰਦੇ।
ਚੌਰਾਸੀ ਲੱਖ ਜੂਨ ਉਪਾਈ,
ਉਸਦੇ ਖੇਲ ਨਿਆਰੇ।
ਬਹੁਰੰਗੀ ਹੈ ਰਚਨਾ ਉਸਦੀ,
ਭਗਤੀ ਕਰਦੇ ਸਾਰੇ।
ਜਿੱਥੇ ਬਾਬੇ ਚਰਨ ਛੁਹਾਏ,
ਉਧਾਰ ਸਭਨਾ ਕੀਤਾ॥
ਪਸ਼ੂ-ਪੰਖੀ ਕੀ ਕੀਟ ਪਤੰਗਾ,
ਸਭਨੂੰ ਬਖਸ਼ ਦਿੱਤਾ।
ਸੁਣੋ ਮੇਰੇ ਵੀਰ ਜੀਉ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥