ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥

Humbly request you to share with all you know on the planet!

ਹਰਿ ਹਾਰੁ ਕੰਠਿ ਜਿਨੀ ਪਹਿਰਿਆ
ਗੁਰ ਚਰਣੀ ਚਿਤੁ ਲਾਇ॥
ਤਿਨਾ ਪਿਛੈ ਰਿਧਿ ਸਿਧਿ ਫਿਰੈ                    
ਓਨਾ ਤਿਲੁ ਨ ਤਮਾਇ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 26

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ                
ਓਨਾ ਤਿਲੁ ਨ ਤਮਾਇ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 755

ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ 

ਨਿਮਰਤਾ ਤੇ ਗਰੀਬੀ ਸਾਰੇ ਗੁਣਾਂ ਦਾ, ਸਾਰੀਆਂ ਚੰਗਿਆਈਆਂ ਦਾ ਤੱਤ ਹੈ, ਮੂਲ ਹੈ।

ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਨੇ ਕਿਹਾ ਕਿ-

ਨਿਮਰਤਾ ਤੇ ਗਰੀਬੀ ਉਹ ਪਾਵਨ ਬੀਜ ਹੈ, ਉਹ ਤੱਤ, ਉਹ ਮੂਲ ਹੈ ਜਿਸ ਬੀਜ ਤੋਂ ਸਾਰੇ ਦਰਗਾਹੀ ਗੁਣਾਂ ਦੇ ਅੰਕੁਰ ਪ੍ਰਗਟ ਹੁੰਦੇ ਹਨ।

ਬਾਬਾ ਨੰਦ ਸਿੰਘ ਸਾਹਿਬ, ਇਕ ਨੂਰੀ ਜੋਤ ਇਸ ਸੰਸਾਰ ਦੇ ਵਿੱਚ, ਪ੍ਰਕਾਸ਼ ਵਿੱਚ ਲਿਪਟੀ ਆਈ ਹੈ। ਫਿਰ ਪੰਜ ਸਾਲ ਦੀ ਆਯੂ ਵਿੱਚ ਬਚਪਨ ਤੋਂ ਹੀ ਅਤਿ ਨਿਮਰਤਾ ਤੇ ਗਰੀਬੀ ਦੀ ਅਵਸਥਾ ਵਿੱਚ, ਉਹ ਗੁਰੂ ਨਾਨਕ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਅਜ਼ਮਤ, ਪਰਮ ਸ਼ਾਨ ਤੇ ਪਰਮ ਭਗਵਤਾ ਨੂੰ ਪ੍ਰਕਾਸ਼ਿਤ ਕਰਨਾ, ਉਨ੍ਹਾਂ ਨੂੰ ਪ੍ਰਗਟ ਕਰਨਾਂ ਆਰੰਭ ਕਰਦੀ ਹੈ। ਸਾਧ ਸੰਗਤ ਜੀ, ਮੇਰੇ ਸਰਤਾਜ ਗੁਰੂ ਨਾਨਕ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੀ ਆਪਣਾ ਇਕ ਅਤੀ ਪਿਆਰਾ ਜਨ, ਆਪਣੇ ਚਰਨ ਕਮਲਾਂ ਦਾ ਪ੍ਰੇਮ ਪ੍ਰਕਾਸ਼ ਇਸ ਸੰਸਾਰ ਵਿੱਚ ਭੇਜਿਆ ਹੈ।

ਜਿਹੜੇ ਦਰਗਾਹੀ ਗੁਣਾਂ ਦੇ ਅੰਕੁਰ ਇਸ ਨਿਮਰਤਾ ਤੇ ਗਰੀਬੀ ਦੇ ਬੀਜ ਤੋਂ, ਪਾਵਨ ਬੀਜ ਤੋਂ ਪ੍ਰਗਟ ਹੁੰਦੇ ਹਨ, ਉਹ ਗੁਣ ਕਿਹੜੇ ਹਨ? ਗੁਰੂ ਸਾਹਿਬਾਨ ਆਪਣੀ ਅੰਮ੍ਰਿਤ ਬਾਣੀ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਗੁਣਾਂ ਦਾ ਵੇਰਵਾ ਦਿੰਦੇ ਹਨ। ਉਹ ਦਰਗਾਹੀ ਗੁਣ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਜਨ ਦੀ, ਉਨ੍ਹਾਂ ਦੇ ਅਤੀ ਪਿਆਰੇ ਭਗਤ ਅਤੇ ਅਤੀ ਪਿਆਰੇ ਗੁਰਮੁਖ ਦੀ ਪਛਾਣ ਹੋ ਸਕਦੀ ਹੈ। ਜਿਹੜੇ ਉਸ ਦੇ ਪਰਮ ਲਕਸ਼ ਹੋਣਗੇ, ਜਿਹੜੇ ਉਸ ਅਤੀ ਪਿਆਰੇ ਜਨ ਦੇ ਪਰਮ ਗੁਣ ਹੋਣਗੇ ਉਹ ਆਪ ਹੀ ਉਸ ਦਾ ਵੇਰਵਾ ਦਿੰਦੇ ਹਨ।

ਇਕ ਦਫ਼ਾ ਦਾ ਜ਼ਿਕਰ ਹੈ ਇਸੇ ਘਰ ਵਿੱਚ ਸੰਗਰਾਂਦ ਦੇ ਮੁਬਾਰਕ ਦਿਹਾੜੇ ਤੇ ਬਾਰਹ ਮਾਹਾਂ ਦੇ ਪਾਠ ਦਾ ਕੀਰਤਨ ਹੋਇਆ। ਫਲਗੁਣਿ ਦਾ ਮਹੀਨਾ ਸੀ ਜਦੋਂ ਕੀਰਤਨ ਦੇ ਅਖ਼ੀਰ ਤੇ ਮਹੀਨਾ ਪੜ੍ਹਿਆ ਗਿਆ ਅਤੇ ਮਹੀਨੇ ਦੀਆਂ ਆਖਰੀ ਪਾਵਨ ਤੁੱਕਾਂ, ਪੰਕਤੀਆਂ ਪੜ੍ਹੀਆਂ ਗਈਆਂ, ਉਸ ਵੇਲੇ ਪਿਤਾ ਜੀ ਨੇ ਜੋ ਪਾਵਨ ਬਚਨ ਕੀਤੇ ਹਨ ਉਨ੍ਹਾਂ ਦੀ ਜੁਬਾਨੀ ਆਪ ਨਾਲ ਸਾਂਝੇ ਕਰਦਾ ਹਾਂ।

ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥

ਫਲਗੁਣਿ ਨਿਤ ਸਲਾਹੀਐ
ਜਿਸ ਨੋ ਤਿਲੁ ਨ ਤਮਾਇ॥

ਸ੍ਰੀ ਗੁਰੂ ਅਰਜਨ ਜੇਵ ਜੀ

ਸਾਹਿਬ ਫੁਰਮਾਉਂਦੇ ਹਨ-

ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥

ਉਸ ਦਾ ਇਕ ਸ੍ਰੇਸ਼ਟ ਗੁਣ, ਵਿਸ਼ੇਸ਼ ਗੁਣ ਦਸਦੇ ਹਨ ਕਿ ਉਹ ਨਿਰੰਕਾਰ ਦੀ ਸਭ ਤੋਂ ਵੱਡੀ ਸਿਫ਼ਤ ਹੈ ਕਿ ਉਸ ਨੂੰ ਤਿੱਲ ਦੀ ਵੀ ਤਮਾ ਨਹੀਂ ਹੈ।  ਉਹ ਦਿੰਦਾਂ ਹੀ ਦਿੰਦਾਂ ਹੈ ਲੈਂਦਾ ਕੁਝ ਨਹੀਂ। ਸਾਹਿਬ ਸਤਿਗੁਰੂ ਦਾ ਵੀ ਉਹੀ ਗੁਣ ਦਸਦੇ ਹਨ। ਫਿਰ ਜਿਸ ਵਕਤ ਮਹਾਂਪੁਰਖ ਤੇ ਆਉਂਦੇ ਹਨ, ਗੁਰਮੁਖ ਤੇ ਆਉਂਦੇ ਹਨ ਉਸ ਦਾ ਵੀ ਸਭ ਤੋਂ ਵਿਸ਼ੇਸ਼, ਸ੍ਰੇਸ਼ਟ ਗੁਣ ਇਹੀ ਦਸਦੇ ਹਨ ਕਿ ਉਸ ਨੂੰ ਵੀ ਤਿੱਲ ਦੀ ਤਮਾ ਨਹੀਂ ਹੈ।

ਹਰਿ ਹਾਰੁ ਕੰਠਿ  ਜਿਨੀ ਪਹਿਰਿਆ
ਗੁਰ ਚਰਣੀ ਚਿਤੁ ਲਾਇ॥

ਤਿਨਾ ਪਿਛੈ ਰਿਧਿ ਸਿਧਿ ਫਿਰੈ
ਓਨਾ ਤਿਲੁ ਨ ਤਮਾਇ॥

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ
ਓਨਾ ਤਿਲੁ ਨ ਤਮਾਇ॥

ਸ੍ਰੀ ਗੁਰੂ ਅਮਰਦਾਸ ਜੀ

ਸਾਧ ਸੰਗਤ ਜੀ, ਫਿਰ ਪਿਤਾ ਜੀ ਕਹਿਣ ਲੱਗੇ ਕਿ-

ਹਾਂ ਅਸੀਂ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਦਾ ਸਭ ਤੋਂ ਵਿਸ਼ੇਸ਼ ਗੁਣ, ਪਰਮ ਗੁਣ ਅਸੀਂ ਜਿਹੜਾ ਦੇਖਿਆ ਹੈ ਕਿ ਉਨ੍ਹਾਂ ਨੂੰ ਤਿੱਲ ਦੀ ਤਮਾ ਨਹੀਂ ਸੀ।

ਪਿਤਾ ਜੀ ਨੇ ਇਕ ਪਾਵਨ ਸਾਖਾ ਸੁਣਾਇਆ।

ਪੂਰਨਮਾਸ਼ੀ ਦਾ ਮੁਬਾਰਿਕ ਦਿਹਾੜਾ ਸੀ। ਬਾਬਾ ਨੰਦ ਸਿੰਘ ਸਾਹਿਬ ਜੰਗਲ ਵਿੱਚ ਤੱਪਸਿਆ ਕਰ ਰਹੇ ਸੀ ਪਰ ਪੂਰਨਮਾਸ਼ੀ ਵਾਲੇ ਦਿਨ ਸੰਗਤ ਪਹੁੰਚ ਜਾਂਦੀ ਸੀ। ਉੱਥੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਹੁੰਚੀ ਹੋਈ ਸੀ। ਉਸੇ ਜੰਗਲ ਵਿੱਚ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਸੀ, ਪੂਰਨਮਾਸ਼ੀ ਦਾ ਚੰਦਰਮਾ ਸ਼ੀਤਲਤਾਈ ਬਿਖੇਰ ਰਿਹਾ ਸੀ। ਉੱਥੇ ਜਦੋਂ ਇਹ ਹੋ ਰਿਹਾ ਸੀ ਉਸ ਵੇਲੇ ਇਕ ਮਹਾਤਮਾ ਪਹੁੰਚ ਗਏ। ਭਗਵੇਂ ਕਪੜੇ ਪਾਏ ਹੋਏ ਹਨ ਤੇ ਹਸਬ ਦਸਤੂਰ ਸੇਵਕਾਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦਾ ਆਸਣ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਆਸਣ ਦੇ ਨੇੜੇ ਹੀ ਸੱਜੇ ਪਾਸੇ ਲਗਾ ਦਿੱਤਾ।

ਸਮਾਗਮ ਚਲ ਰਿਹਾ ਹੈ, ਜਿਸ ਵਕਤ ਕੀਰਤਨ ਦਾ ਭੋਗ ਪਿਆ ਹੈ ਤਾਂ ਬਾਬਾ ਜੀ ਨੇ ਆਪਣੇ ਪਾਵਨ   ਨੇਤਰ ਖੋਲ੍ਹੇ ਹਨ। ਜਦੋਂ ਰਾਗੀ ਸਿੰਘਾਂ ਵੱਲ ਦੇਖਿਆ ਫਿਰ ਮਹਾਂਪੁਰਖ ਤੇ ਨਜ਼ਰ ਪਈ ਹੈ ਅਤੇ ਪੁੱਛਿਆ ਕਿ ਮਹਾਂਪੁਰਖੋ ਕਿਵੇਂ ਆਉਣਾ ਹੋਇਆ। ਹੁਣ ਉਸ ਮਹਾਤਮਾ ਦੇ ਦਿਲ ਵਿੱਚ ਕੀ ਬੀਤ ਰਹੀ ਹੈ। ਮਹਾਂਪੁਰਖ ਸੁਣ ਕੇ ਆਏ ਸੀ ਕਿ ਬਾਬਾ ਨੰਦ ਸਿੰਘ ਸਾਹਿਬ ਇਕ ਮਹਾਨ ਤਿਆਗੀ ਹਨ, ਉਨ੍ਹਾਂ ਵਰਗਾ ਤਿਆਗੀ ਕੋਈ ਨਹੀਂ। ਜਦੋਂ ਆਏ ਤਾਂ ਦੇਖਿਆ ਕਿ ਜੰਗਲ ਦੇ ਵਿੱਚ ਐਸਾ ਦਰਬਾਰ ਸੱਜਿਆ ਹੋਇਆ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਬੈਠੀ ਝੂਮ ਰਹੀ ਹੈ ਅਤੇ ਕੀਰਤਨ ਦਰਬਾਰ ਲਗਿਆ ਹੋਇਆ ਹੈ। ਅਨਗਿਣਤ ਸੇਵਾਦਾਰ, ਉੱਥੇ   ਸੇਵਾ ਵਿੱਚ ਭੱਜਦੇ ਨਜ਼ਰ ਆ ਰਹੇ ਹਨ। ਖਿਆਲ ਆ ਗਿਆ ਕਿ ਤਿਆਗ ਦੇ ਵਿੱਚ ਐਦਾਂ ਦਾ ਦਰਬਾਰ, ਉਹ ਵੀ ਜੰਗਲ ਵਿੱਚ ਸੱਜਿਆ ਹੋਇਆ ਹੈ। ਪ੍ਰਸ਼ਨ ਪੁੱਛ ਬੈਠੇ ਕਿ ਗਰੀਬ ਨਿਵਾਜ਼! ਤਿਆਗ ਦੇ ਅਰਥ ਸਮਝਣ ਵਾਸਤੇ ਆਇਆ ਹਾਂ। ਉਹ ਦਿਲਾਂ ਦੇ ਜਾਣਨ ਵਾਲੇ, ਦਿਲਾਂ ਦੇ ਜਾਨਣਹਾਰ ਬਾਬਾ ਨੰਦ ਸਿੰਘ ਸਾਹਿਬ ਨੇ ਉਨ੍ਹਾਂ ਵੱਲ ਦੇਖਿਆ ਪਰ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ।

ਜਿਸ ਵਕਤ ਸਮਾਗਮ ਦਾ ਭੋਗ ਪਿਆ ਹੈ, ਬਾਬਾ ਨੰਦ ਸਿੰਘ ਸਾਹਿਬ ਆਪਣੇ ਨਿਮਰਤਾ ਦੇ ਆਸਣ ਤੋਂ ਉੱਠੇ ਹਨ, ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਦੀ ਕਦੀ ਬਰਾਬਰੀ ਨਹੀਂ ਕੀਤੀ, ਰਾਗੀਆਂ ਦੀ ਕਦੀ ਬਰਾਬਰੀ ਨਹੀਂ ਕੀਤੀ। ਹਮੇਸ਼ਾਂ ਸੰਗਤ ਦੇ ਵਿੱਚ ਸਭ ਤੋਂ ਨੀਵੇਂ ਅਸਥਾਨ ਤੇ ਟੋਇਆ ਪੁੱਟਿਆ ਹੁੰਦਾ ਸੀ ਜਿੱਥੇ ਬਾਬਾ ਨੰਦ ਸਿੰਘ ਸਾਹਿਬ ਨਿਮਰਤਾ ਦੇ ਆਸਣ ਤੇ ਬਿਰਾਜਮਾਨ ਹੁੰਦੇ ਸਨ। ਉੱਥੋਂ ਉੱਠੇ ਹਨ ਫਿਰ ਸਾਰੇ ਪਾਸੇ ਦੇਖ ਕੇ, ਹੱਥ ਜੋੜ ਕੇ ਜਿੱਦਾਂ ਹਸਬ ਦਸਤੂਰ ਬਾਬਾ ਨੰਦ ਸਿੰਘ ਸਾਹਿਬ ਆਗਿਆ ਲੈ ਰਹੇ ਹਨ। ਜਿਸ ਵਕਤ ਦੀਵਾਨ ਤੋਂ ਜਾਂਦੇ ਸੀ ਬਾਬੇ ਇਸੇ ਤਰ੍ਹਾਂ ਜਾਂਦੇ ਸੀ। ਜਿਸ ਵਕਤ ਉੱਥੋਂ ਚਲੇ ਗਏ ਹਨ ਤੇ ਕੁੱਝ ਘੰਟਿਆਂ ਦੇ ਬਾਅਦ ਸੇਵਕ ਭੱਜੇ ਨੱਠੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਿ ਬਾਬੇ ਪਤਾ ਹੀ ਨਹੀਂ ਕਿਸ ਪਾਸੇ ਨਿਕਲ ਗਏ ਹਨ, ਬਾਬੇ ਤਾਂ ਮੁੜੇ ਨਹੀਂ, ਪਰਤੇ ਹੀ ਨਹੀਂ। ਜਿਸ ਵਕਤ ਇਹ ਬਚਨ ਹੋ ਰਹੇ ਹਨ ਅੰਮ੍ਰਿਤ ਵੇਲਾ ਹੋ ਗਿਆ, ਦਿਨ ਚੜ੍ਹ ਗਿਆ। ਹੁਣ ਆਪਸ ਦੇ ਵਿੱਚ ਵਿਚਾਰ ਕਰ ਰਹੇ ਹਨ ਕਿ ਬਾਬੇ ਚਲੇ ਕਿੱਥੇ ਗਏ? ਹੁਕਮ ਸੀ ਕਿ ਜਿਸ ਵਕਤ ਅਸੀਂ ਅਸਥਾਨ ਛੱਡ ਜਾਈਏ ਉਸ ਵੇਲੇ ਜੋ ਕੁੱਛ ਪਿਆ ਹੋਇਆ ਹੋਏ ਸਭ ਨੂੰ ਅਗਨੀਂ ਭੇਟ ਕਰ ਦਿਓ। ਇਕ ਵੱਡਾ ਢੇਰ ਬਣਾਇਆ ਗਿਆ ਅਤੇ ਉਸਨੂੰ ਅਗਨੀਂ ਭੇਟ ਕਰ ਦਿੱਤਾ।

ਮਹਾਂਪੁਰਖ ਦੇਖ ਰਹੇ ਹਨ, ਮਹਾਤਮਾ ਦੇਖ ਰਹੇ ਹਨ ਫਿਰ ਰੋਣਾ ਨਿਕਲ ਗਿਆ। ਜਿਸ ਵਕਤ ਮਹਾਤਮਾ ਨੇ ਬਾਬਾ ਨੰਦ ਸਿੰਘ ਸਾਹਿਬ ਨੂੰ ਪ੍ਰਸ਼ਨ ਪੁੱਛਿਆ ਹੈ ਤੇ ਸੇਵਕਾਂ ਨੇ ਤੇ ਕੁਝ ਸੰਗੀਆਂ ਨੇ ਵੀ ਉਹ ਸੁਣਿਆ ਸੀ। ਰੋ ਪਿਆ, ਕਹਿੰਦਾ ਮੈਂ ਪੁੱਛ ਕੀ ਬੈਠਾ ਹਾਂ ਮੈਂ ਬਾਬਾ ਜੀ ਨੂੰ ਕੀ ਪੁੱਛ ਬੈਠਾ ਹਾਂ ਰੋਂਦਾ ਹੋਇਆ ਜੋ ਕਹਿੰਦਾ ਹੈ...ਪਿਤਾ ਜੀ ਫਿਰ ਦਸ ਰਹੇ ਹਨ ਕਿ ਫਿਰ ਕਹਿ ਰਿਹਾ ਹੈ ਕਿ-

 ਬੜੇ ਜਣੇ ਕਿਤਾਬਾਂ ਲਿਖ ਗਏ ਹਨ ਕਿ ਤਿਆਗ ਕੀ ਹੈ? ਬੜੀ ਕਥਾ ਕਰ ਗਏ ਹਨ ਕਿ ਤਿਆਗ ਕੀ ਹੈ? ਕਿਤਾਬਾਂ ਪੜ੍ਹੀਆਂ, ਬੜੇ ਸਾਧੂਆਂ ਦੀ, ਮਹਾਤਮਾ ਦੀ ਕਥਾ ਸੁਣੀ, ਤਿਆਗ ਕੀ ਹੈ? ਬਾਬਾ ਨੰਦ ਸਿੰਘ ਸਾਹਿਬ ਨੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਪਰ ਜਿਸ ਤਰ੍ਹਾਂ ਉੱਠੇ ਸੀ ਉਸੇ ਤਰ੍ਹਾਂ ਬਾਹਰ ਨੂੰ ਚਲੇ ਗਏ ਹਨ। ਇਕ ਚੀਜ਼, ਇਕ ਬਸਤਰ ਤਕ ਨਾਲ ਨਹੀਂ ਲਿਆ, ਇਕ ਸੇਵਕ ਤਕ ਨਾਲ ਨਹੀਂ ਲਿਆ ਅਤੇ ਵਾਪਸ ਨਹੀਂ ਪਰਤੇ। ਅੱਜ ਤਿਆਗ ਦੇ ਦਰਸ਼ਨ ਹੋਏ ਹਨ, ਬਾਬਾ ਨੰਦ ਸਿੰਘ ਸਾਹਿਬ ਕਥਨੀਂ ਵਿੱਚ ਨਹੀਂ ਹਨ। ਮੈ ਵਿਚਾਰ ਜੋਗਾ ਹੁੰਦਾ ਤੇ ਹੁਣ ਤਕ ਜਿੰਨੀਆਂ ਕਿਤਾਬਾਂ ਪੜ੍ਹੀਆਂ ਹਨ ਬੜੇ-ਬੜੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਹਨ ਅਤੇ ਉਨ੍ਹਾਂ ਤੋਂ ਤਿਆਗ ਦੀ ਕਥਾ ਸੁਣੀ ਹੈ, ਬਚਨ ਸੁਣੇ ਹਨ ਪਰ

"ਅਗਰ ਤਿਆਗ ਦੇ ਦਰਸ਼ਨ ਕੀਤੇ ਹਨ ਤਾਂ ਬਾਬਾ ਨੰਦ ਸਿੰਘ ਸਾਹਿਬ ਉਹਦੇ ਅਰਥ ਹੀ ਨਹੀਂ ਹਨ ਬਲਕਿ ਬਾਬਾ ਨੰਦ ਸਿੰਘ ਸਾਹਿਬ ਆਪ ਤਿਆਗ ਦੇ ਅਵਤਾਰ ਹਨ, ਤਿਆਗ ਹੀ ਤਿਆਗ ਹਨ"।

ਫਿਰ ਸਾਧ ਸੰਗਤ ਜੀ ਰੋ ਰੋ ਕੇ ਸੰਗਤ ਕੋਲੋਂ ਮਾਫੀ ਮੰਗ ਰਿਹਾ ਹੈ ਕਿ ਮੈਨੂੰ ਮਾਫ਼ ਕਰ ਦਿਓ ਜਿਹੜਾ ਪ੍ਰਸ਼ਨ ਮੈਂ ਕੀਤਾ ਹੈ ਉਹਦਾ ਜਵਾਬ ਜੋ ਬਾਬਾ ਨੰਦ ਸਿੰਘ ਸਾਹਿਬ ਨੇ ਕਿਸ ਤਰ੍ਹਾਂ ਦਿਤਾ ਹੈ।

ਸਾਧ ਸੰਗਤ ਜੀ ਇਹ ਬਾਬਾ ਨੰਦ ਸਿੰਘ ਸਾਹਿਬ ਸਨ, ਇਹ ਉਨ੍ਹਾਂ ਦਾ ਜੀਵਨ ਸੀ। ਕਈ ਮਹੀਨਿਆਂ ਬਾਅਦ ਪਤਾ ਲੱਗਾ ਕਿ ਇਕ ਮਹਾਂਰਿਸ਼ੀ ਹੜੱਪੇ ਦੇ ਸੰਘਣੇ ਜੰਗਲਾਂ ਵਿੱਚ ਅਖੰਡ ਸਮਾਧੀ ਲਾਈ ਬੈਠਾ ਹੈ। ਪੱਤੋਕੀ ਦੀ ਸੰਗਤ ਨੇ ਜਾ ਲੱਭਿਆ, ਉੱਥੇ ਜਦੋਂ ਲੱਭਿਆ ਹੈ ਤਾਂ ਉਹ ਕੋਈ ਹੋਰ ਨਹੀਂ ਸੀ ਉਹ ਮੇਰੇ ਬਾਬਾ ਨੰਦ ਸਿੰਘ ਸਾਹਿਬ ਹੀ ਸਨ।

ਇਕ ਤਿੱਲ ਦੀ ਤਮਾ ਨਾ ਰੱਖਣ ਬਾਬੇ,
ਜੋਤ ਨੂਰੋ ਨੂਰ ਹੁੰਦੇ।
ਕਦੇ ਮਾਇਆ ਨੂੰ ਹੱਥ ਨਾ ਲਾਉਣ ਬਾਬੇ,
ਐਨੇ ਬੇਪਰਵਾਹ ਹਜ਼ੂਰ ਹੁੰਦੇ।

ਸੂਈ ਦੇ ਨੱਕੇ ਜਿੰਨੀ ਸ਼ੈ,
ਬਣਾਈ ਨਹੀਂ ਅਪਣਾਈ ਨਹੀਂ।
ਐਸੀ ਖੇਡ ਰਚਾ ਗਏ ਨੇ,
ਵਾਹ ਵਾਹ ਬਾਬਾ ਨੰਦ ਸਿੰਘ ਜੀ

ਕੋਈ ਨਿਸ਼ਾਨੀ ਪਾਈ ਨਹੀਂ,
ਭੋਰੇ ਤਕ ਵੀ ਢੁਵਾ ਗਏ ਨੇ।
ਗੁਰੂ ਗ੍ਰੰਥ  ਦੇ ਨਾਮ ਤੋਂ,
ਆਪਣਾ ਨਾਮ ਤੇ ਨਿਸ਼ਾਨ ਮਿਟਾ ਗਏ ਨੇ।

ਬਾਬਾ ਨੰਦ ਸਿੰਘ ਜੀ ਦੇ ਦਰ ਤੇ,
ਕਾਮਨੀ ਕੰਚਨ ਦਾ ਅਸਥਾਨ ਨਹੀਂ ਹੈ।
ਬਾਬੇ ਨੰਦ ਸਿੰਘ ਜੀ ਦੇ ਦਰ ਤੇ,
ਕੋਈ ਮਾਇਆ ਪਰਵਾਨ ਨਹੀਂ ਹੈ।

ਏਥੇ ਜੋ ਵੀ ਸਵਾਲੀ ਆਏ,
ਕੋਈ ਹਥੋਂ ਨਾ ਖਾਲੀ ਜਾਏ।
ਕਾਮਧੇਨ ਤੇ ਕਲਪ ਬਿਰਛ ਵੀ,
ਇੱਥੋਂ ਮੰਗਾਂ ਮੰਗਣ ਆਏ।

ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ॥

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥