ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ

Humbly request you to share with all you know on the planet!

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਂਦਿਆਂ ਗੁਰ ਬਿਨੁ ਘੋਰ ਅੰਧਾਰ॥

ਗੁਰੂ ਨਾਨਕ ਪਾਤਸ਼ਾਹ ਤਸ਼ਰੀਫ ਲਿਆਉਂਦੇ ਹਨ।

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥

ਸਤਿਗੁਰੁ ਨਾਨਕ ਦੇਉ ਹੈ ਪਰਮੇਸਰ ਸੋਈ॥

ਸਾਹਿਬ ਤਸ਼ਰੀਫ ਲਿਆਉਂਦੇ ਹਨ। ਸਾਹਿਬ ਦੇ ਚਰਨਾਂ ਦੇ ਵਿੱਚ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਪੇਸ਼ ਹੋ ਗਏ। ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਮਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਸਿੱਖੀ ਦੇ ਪੂਰਨੇ ਪਾਉਣੇ ਸ਼ੁਰੂ ਕਰ ਦਿੱਤੇ। ਗੁਰੂ ਅੰਗਦ ਸਾਹਿਬ ਉਸ ਪ੍ਰੇਮ ਦਾ ਇੱਕ ਐਸਾ ਨਿਰਾਲਾ ਸਰੂਪ ਪੇਸ਼ ਕਰਦੇ ਹਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਖੇਡ ਵਰਤਾ ਜਾਂਦੇ ਹਨ, ਗੁਰੂ ਅੰਗਦ ਸਾਹਿਬ ਉਨ੍ਹਾਂ ਦਾ ਵਿਛੋੜਾ ਨਹੀਂ ਝੱਲ ਸਕਦੇ, ਨਾ ਹੀ ਉਹ ਜਰ ਸਕੇ। ਸਾਹਿਬ ਬਾਣੀ ਵਿੱਚ ਉਚਾਰਦੇ ਹਨ-

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥
ਮੈਂ ਗੁਰੂ ਨਾਨਕ ਪਾਤਸ਼ਾਹ ਦੇ ਅਲੋਪ ਹੋਣ ਤੋਂ ਪਹਿਲਾਂ ਮਰ ਕਿਉਂ ਨਹੀਂ ਗਿਆ।
ਇਹ ਮੇਰੇ ਸਾਹਿਬ ਦੂਜੇ ਗੁਰੂ ਨਾਨਕ ਉਸ ਪ੍ਰੇਮ ਵਿੱਚ ਫੁਰਮਾ ਰਹੇ ਹਨ।
ਧ੍ਰਿਗ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥
ਹੁਣ ਇਸ ਸੰਸਾਰ ਵਿੱਚ ਜੀਉਣਾ ਧ੍ਰਿਗ ਹੈ।

ਗੁਰੂ ਅਮਰਦਾਸ ਜੀ ਤਸ਼ਰੀਫ ਲੈ ਆਏ। ਅਧੇੜ ਉਮਰ ਵਿੱਚ ਦੂਜੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਪੇਸ਼ ਹੋ ਗਏ ਹਨ। ਆਪਣੇ ਆਪ ਨੂੰ ਅਰਪਣ ਕਰ ਦਿੰਦੇ ਹਨ। ਕਿਸ ਤਰ੍ਹਾਂ ਦਾ ਪ੍ਰੇਮ ਉਹ ਸਾਨੂੰ ਕਰ ਕੇ ਦਿਖਾਉਂਦੇ ਹਨ, ਕਿਸ ਤਰ੍ਹਾਂ ਦੀਆਂ ਮਿਸਾਲਾਂ ਪਾਉਂਦੇ ਹਨ, ਕਿਸ ਤਰ੍ਹਾਂ ਦੇ ਨਮੂਨੇ ਸਾਨੂੰ ਦੱਸਦੇ ਹਨ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਆਪਣੇ ਗੁਰੂ ਵੱਲ ਪਿੱਠ ਨਹੀਂ ਕਰਦੇ। ਪੁਠੇ ਪੈਰੀਂ, ਹਨੇਰੀਆਂ ਰਾਤਾਂ, ਝਖੜ ਚਲਦੇ ਹਨ, ਕੀ ਕੜਾਕੇ ਦੀ ਸਰਦੀ, ਕੀ ਕੜਾਕੇ ਦੀ ਗਰਮੀ, ਸਾਹਿਬ ਦੇ ਇਸ਼ਨਾਨ ਦਾ ਜਲ ਲੈਣ ਵਾਸਤੇ ਕਈ ਕੋਹ ਜਾਂਦੇ ਹਨ ਪਰ ਪਿੱਠ ਨਹੀਂ ਕਰਦੇ। ਪੁੱਠੇ ਪੈਰੀ ਜਾਂਦੇ ਹਨ। ਪਰ ਕਿਸ ਤਰ੍ਹਾਂ ਦਾ ਪ੍ਰੇਮ ਕਰਦੇ ਹਨ। ਗੁਰੂ ਅਮਰਦਾਸ ਜੀ ਆਪਣੀ ਬਾਣੀ ਵਿੱਚ ਆਪ ਹੀ ਫੁਰਮਾਉਂਦੇ ਹਨ-

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥
ਇੱਕ ਛਿੰਨ ਵੀ ਮੇਰਾ ਪਿਆਰਾ ਮੇਰੇ ਕੋਲੋਂ ਵਿਸਰ ਜਾਏ ਉਹ ਕਿਹੜੀ ਭਗਤੀ ਉਹ ਕਿਹੜਾ ਪ੍ਰੇਮ।
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥
ਮੇਰਾ ਮਨ ਤਨ ਆਪਣੇ ਪਿਆਰੇ ਦੇ ਰੰਗ ਵਿੱਚ ਰੰਗਿਆ ਪਿਆ ਹੈ, ਮੇਰਾ ਇੱਕ ਸਵਾਸ ਵੀ ਬ੍ਰਿਥਾ ਨਹੀਂ ਜਾ ਸਕਦਾ।

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਤਸ਼ਰੀਫ ਲਿਆਏ ਤੇ ਪ੍ਰੇਮ ਕੀਤਾ, ਕਮਾਲ ਕਰ ਦਿੱਤੀ। ਬਚਪਨ ਵਿੱਚ ਹੀ ਆ ਗਏ। ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਪ੍ਰੇਮ ਦਾ ਪਰਚਾ ਪਾ ਦਿੰਦੇ ਹਨ। ਥੜ੍ਹੇ ਬਣਾਉਣ ਦਾ ਹੁਕਮ ਦਿੰਦੇ ਹਨ। ਸਾਹਿਬ ਥੜ੍ਹਾ ਬਣਾਉਂਦੇ ਹਨ। ਸਾਹਿਬ ਫਿਰ ਹੁਕਮ ਕਰ ਦਿੰਦੇ ਹਨ ਢਾਹ ਦਿਓ ਵਿੰਗਾ ਬਣਿਆ ਹੈ। ਬਣਾਈ ਜਾਂਦੇ ਹਨ, ਢਾਈ ਜਾਂਦੇ ਹਨ।

ਪੁੱਛਿਆ- ਜੇਠਾ ਜੀ, ਥੱਕੇ ਨਹੀਂ ਇਹ ਵਿੰਗਾ ਕਿਉਂ ਬਣਦਾ ਹੈ?
-ਗਰੀਬ ਨਿਵਾਜ (ਹਾਲਾਂ ਕਿ ਵਿੰਗਾ ਨਹੀਂ ਸੀ ਬਣਿਆ ਉਹ ਬਿਲਕੁਲ ਸਿੱਧਾ ਬਣਾ ਰਹੇ ਸੀ) ਸਾਹਿਬ ਸੱਚੇ ਪਾਤਸ਼ਾਹ ਮੇਰਾ ਮਨ ਵਿੰਗਾ ਹੈ। ਗਰੀਬ ਨਿਵਾਜ ਜਦੋਂ ਤੱਕ ਮੇਰਾ ਮਨ ਵਿੰਗਾ ਹੈ ਇਹ ਵਿੰਗਾ ਹੀ ਬਣੇਗਾ। ਜਿਸ ਦਿਨ ਇਹ ਸਿੱਧਾ ਹੋ ਜਾਏਗਾ ਉਸ ਦਿਨ ਸਿੱਧਾ ਬਣ ਜਾਏਗਾ।

-ਫਿਰ ਜੇਠਾ ਜੀ ਥੱਕੇ ਨਹੀਂ।

ਗਰੀਬ ਨਿਵਾਜ ਸੱਚੇ ਪਾਤਸ਼ਾਹ ਉਸ ਪਿਆਰ ਵਿੱਚ ਆਪਣੀ ਸੁੱਧ-ਬੁੱਧ ਹੋਵੇ ਤਾਂ ਪਤਾ ਲਗਦਾ ਹੈ ਕਿ ਇਹ ਬਣਾਉਣ ਵਾਸਤੇ ਕਹਿ ਰਹੇ ਹਨ, ਢਾਹੁਣ ਵਾਸਤੇ ਕਹਿ ਰਹੇ ਹਨ। 

ਕਹਿਣ ਲੱਗੇ- ਗਰੀਬ ਨਿਵਾਜ ਸਾਹਿਬ ਤੁਸੀਂ ਆਪਣੀ ਮਿਹਰ ਦ੍ਰਿਸਟੀ ਕਰ ਰਹੇ ਹੋ, ਥੜ੍ਹਾ ਦੇਖ ਰਹੇ ਹੋ ਆ ਕੇ ਮੇਰੇ ਵੱਲ ਤੱਕਣੀ ਪਾਉਂਦੇ ਹੋ, ਥੜ੍ਹਾ ਢਾਹ ਦਿਓ ਤੁਸੀ ਹੁਕਮ ਕਰਦੇ ਹੋ, ਮੈਂ' ਢਾਹ ਦਿੰਦਾ ਹਾਂ। ਤੁਸੀਂ ਹੁਕਮ ਕਰਦੇ ਹੋ ਬਣਾ ਦਿਓ, ਮੈਂ ਬਣਾ ਦਿੰਦਾ ਹਾਂ। ਗਰੀਬ ਨਿਵਾਜ ਮੈਨੂੰ ਤਾਂ ਤੇਰੇ ਹੁਕਮ ਦਾ, ਤੇਰੇ ਪ੍ਰੇਮ ਦਾ ਨਸ਼ਾ ਚੜ੍ਹਿਆ ਹੈ। ਮੈਨੂੰ ਜੋ ਬਣਾਉਣ ਵਿੱਚ ਨਸ਼ਾ ਆ ਰਿਹਾ ਹੁੰਦਾ ਹੈ, ਉਹੀਂ ਢਾਹੁਣ ਵਿੱਚ ਆ ਰਿਹਾ ਹੁੰਦਾ ਹੈ। ਤੇਰਾ ਪ੍ਰੇਮ ਤੇ ਹੁਕਮ ਮੇਰੇ ਸਭ ਸਿਰ-ਮੱਥੇ ਹਨ। ਸੱਚੇ ਪਾਤਸ਼ਾਹ, ਤੁਸੀ ਮੇਰੀ ਸਾਰੀ ਜਿਦੰਗੀ ਜੋ ਬਾਕੀ ਬਚੀ ਹੈ ਇਸੇ ਤਰ੍ਹਾਂ ਹੁਕਮ ਕਰੀ ਜਾਓ ਮੈਂ ਬਣਾਈ ਜਾਵਾਂ ਤੇ ਢਾਈ ਜਾਵਾਂ।

ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਪ੍ਰੇਮ ਵੱਸ ਹੋਏ ਗੁਰੂ ਰਾਮਦਾਸ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦੇ ਹਨ। ਚਰਨਾਂ ਵਿੱਚ ਮਸਤਕ ਰੱਖ ਕੇ ਉਹ ਪ੍ਰੇਮ ਵਾਲਾ ਸਰੂਪ ਜਿਹੜਾ ਨਿਰੰਕਾਰ ਦਾ ਹੈ, 'ਪਾਰਬ੍ਰਹਮ ਲਿਵ ਏਕੰ' ਨਿਰਾ ਪ੍ਰੇਮ ਹੀ ਪ੍ਰੇਮ ਹੈ। ਉਹ ਸਰੂਪ ਫਿਰ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਨੂੰ ਬਖਸ਼ ਦਿੰਦੇ ਹਨ।

ਗੁਰੂ ਰਾਮਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਉਚਾਰਦੇ ਹੋਏ ਕੀ ਫੁਰਮਾਉਂਦੇ ਹਨ?

ਜਨ ਨਾਨਕ ਉਤਮ ਪਦੁ ਪਾਇਆ
ਸਤਿਗੁਰ ਕੀ ਲਿਵ ਲਾਇ॥

ਗੁਰੂ ਅਮਰਦਾਸ ਜੀ ਨਾਲ, ਜਿਹੜਾ ਪਿਆਰ ਕੀਤਾ ਹੈ ਕਹਿੰਦੇ ਸਭ ਤੋਂ ਉੱਚਾ ਪਦ ਮਿਲਦਾ ਹੈ, ਸਤਿਗੁਰ ਕੀ ਲਿਵ ਲਾਇ, ਸਤਿਗੁਰੂ ਦੀ ਲਿਵ ਲਾ ਕੇ।

ਫਿਰ ਸਾਧ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਤਸ਼ਰੀਫ ਲੈ ਕੇ ਆਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਕੀਤੀ ਹੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਆਰ ਕਰਕੇ ਪ੍ਰਕਾਸ਼ ਕੀਤਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਵਿੱਚ ਜਿਹੜਾ ਅਸਥਾਨ ਗੁਰੂ ਨਾਨਕ ਪਾਤਸ਼ਾਹ ਦਾ ਸੀ ਉੱਥੇ ਉਨ੍ਹਾਂ ਨੂੰ ਬਿਰਾਜਮਾਨ ਕਰਕੇ 'ਪੋਥੀ ਪਰਮੇਸਰ ਕਾ ਥਾਨੁ' ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੋਥੀ ਸਾਹਿਬ ਕਹਿੰਦੇ ਸਨ ਉਸ ਵੇਲੇ, ਪਰਮੇਸਰ ਕਾ ਥਾਨੁ ਫੁਰਮਾ ਰਹੇ ਹਨ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ॥

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕਰ ਕੇ, ਬਿਰਾਜਮਾਨ ਕਰ ਕੇ ਆਪ ਚਰਨਾਂ ਵਿੱਚ ਬੈਠ ਗਏ। ਸਾਧ ਸੰਗਤ ਜੀ ਧੰਨ ਹਨ...।

ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਹੋਣੀ, ਇੱਕ ਦਿਨ ਕਹਿਣ ਲੱਗੇ-

ਜਿਸ ਵਕਤ ਰੱਬ ਕੋਈ ਗ੍ਰੰਥ ਲਿਖਦਾ ਹੈ ਜਾਂ ਲਿਖਾਉਂਦਾ ਹੈ ਤਾਂ ਆਪ ਵਿੱਚ ਸਮਾਅ ਜਾਂਦਾ ਹੈ।
ਧੰਨ ਹਨ ਮੇਰੇ ਗੁਰੂ ਅਰਜਨ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਕਰ ਰਹੇ ਹਨ ਅਤੇ ਆਪ ਵਿੱਚ ਸਮਾਅ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਨਿਰੰਕਾਰ ਦੀ ਗੱਦੀ ਤੇ ਬਿਰਾਜਮਾਨ ਹਨ। ਪਹਿਲੇ ਤਾਂ ਸਾਹਿਬ ਸਾਹਮਣੇ ਬੈਠੇ ਹੁੰਦੇ ਸਨ। ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਪਿਆਰ ਹੋ ਰਿਹਾ ਹੈ। ਗੁਰੂ ਅੰਗਦ ਸਾਹਿਬ ਨਾਲ ਪਿਆਰ ਹੋ ਰਿਹਾ ਹੈ। ਹੁਣ ਪੋਥੀ ਸਾਹਿਬ ਇਸ ਪਰਮੇਸਰ ਦੀ ਥਾਂ ਤੇ ਬਿਰਾਜਮਾਨ ਹਨ। ਪਹਿਲੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਮਾਈ ਜਾ ਰਹੀ ਸੀ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਤੱਖ ਸਿੱਖੀ ਕਮਾਈ ਜਾ ਰਹੀ ਹੈ। ਪ੍ਰਤੱਖ ਪ੍ਰੇਮ ਦੇ ਪੂਰਨੇ ਪਾਏ ਜਾ ਰਹੇ ਹਨ। ਹੁਣ 'ਗੁਰੂ' ਸ੍ਰੀ ਗ੍ਰੰਥ ਸਾਹਿਬ ਬਿਰਾਜਮਾਨ ਹਨ। ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਿਸ ਤਰ੍ਹਾ ਕਮਾਉਣੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸ ਤਰ੍ਹਾਂ ਪ੍ਰੇਮ ਕਰਨਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦੇ ਅਤੇ ਪ੍ਰੇਮ ਦੇ ਕੀ ਪੂਰਨੇ ਹਨ?

ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।