ਇੱਕ ਬੱਚਾ ਪ੍ਰਕਾਸ਼ ਵਿੱਚ ਲਿਪਟਿਆ ਹੋਇਆ ਆਇਆ

Humbly request you to share with all you know on the planet!

ਬਹੁਤ ਮੁੱਦਤ ਹੋ ਗਈ, ਬਹੁਤ ਅਰਸਾ ਲੰਘ ਗਿਆ, ਅਵਤਾਰ ਪੈਦਾ ਹੋਇਆ। ਇੱਕ ਬੱਚਾ ਪੈਦਾ ਹੋਇਆ। ਦਾਈ ਬੜੀ ਹੈਰਾਨ ਹੋਈ। ਕਮਰੇ ਵਿੱਚ ਹਨੇਰਾ ਹੈ ਪਰ ਬੱਚਾ ਜਿਸ ਪ੍ਰਕਾਸ਼ ਵਿੱਚ ਪੈਦਾ ਹੋਇਆ ਹੈ, ਜਿਸ ਪ੍ਰਕਾਸ਼ ਵਿੱਚ ਉਸ ਨੇ ਅਵਤਾਰ ਧਾਰਿਆ ਹੈ, ਦਾਈ ਚਕਾ ਚੌਂਦ ਹੋ ਗਈ। ਬਾਹਰ ਗਈ ਹੈ, ਜਾ ਕੇ ਇੱਕ ਦਮ ਮਾਂ-ਪਿਉ ਨੂੰ ਵਧਾਈ ਦਿਤੀ ਹੈ ਲੜਕਾ ਪੈਦਾ ਹੋਇਆ ਹੈ ਪਰ ਕੋਈ ਰੱਬੀ ਹਸਤੀ ਹੈ, ਕੋਈ ਇਲਾਹੀ ਜੋਤ ਹੈ, ਉਹ ਪ੍ਰਕਾਸ਼ ਦੇ ਵਿੱਚ ਹੀ ਲਿਪਟਿਆ ਆਇਆ ਹੈ। ਪ੍ਰਕਾਸ਼ ਧੁਰੋ ਹੀ ਉਸ ਦੇ ਨਾਲ ਤੁਰਿਆ ਆਇਆ ਹੈ ਅਤੇ ਉਸ ਕਮਰੇ ਵਿੱਚ ਉਸ ਪ੍ਰਕਾਸ਼ ਨਾਲ ਰੋਸ਼ਨੀ ਹੋ ਗਈ ਬੜੀ ਹੈਰਾਨ ਹੋ ਗਈ। ਉਹ ਗੱਲ ਸੁਣੀ ਸੁਣਾਈ ਹੋ ਗਈ।

ਪੰਜ ਸਾਲ ਦੀ ਆਯੂ ਹੈ ਬੱਚਾ ਆਪਣੇ ਮੰਜੇ ਤੇ ਹੈ ਹੀ ਨਹੀਂ। ਅੱਧੀ ਰਾਤ ਦਾ ਵਕਤ ਹੈ, ਬੜੇ ਹੈਰਾਨ ਹੋਏ ਆਲੇ-ਦੁਆਲੇ ਵੇਖਿਆ ਥੋੜ੍ਹੀ ਦੇਰ ਬਾਅਦ ਭਾਲ ਸ਼ੁਰੂ ਕਰ ਦਿੱਤੀ। ਥੋੜ੍ਹੇ ਬਜੁਰਗ ਵੀ ਨਾਲ ਲਏ, ਬਾਹਰ ਭਾਲਣ ਚਲੇ ਗਏ। ਪਿੰਡ ਦੇ ਬਾਹਰ ਖੂਹ ਹੈ, ਬੜਾ ਡੂੰਘਾ ਖੂਹ ਹੈ ਉਸ ਦੀ ਬੜੀ ਤੰਗ ਲਟੈਨ ਹੈ, ਮੰਡੇਰ ਹੈ। ਦੇਖਿਆ ਕਿ ਉਹ ਬੱਚਾ ਜਿਸ ਨੇ ਇਸ਼ਨਾਨ ਕਰਕੇ ਉਸ ਮੰਡੇਰ ਉੱਤੇ, ਲਟੈਨ ਉੱਤੇ, ਚੌਂਕੜਾ ਮਾਰ ਕੇ ਸਮਾਧੀ ਲਾਈ ਹੋਈ ਹੈ। ਉੱਥੇ ਬੈਠਣਾ ਬੜਾ ਮੁਸ਼ਕਿਲ ਸੀ, ਬਹੁਤ ਤੰਗ ਲਟੈਨ ਸੀ, ਉੱਥੇ ਸਮਾਧੀ ਲਾਈ, ਚੌਂਕੜਾ ਲਾਈ ਬੈਠਾ ਹੈ। ਬੜੇ ਹੈਰਾਨ ਹੋਏ ਕਿ ਇਹ ਬੱਚਾ ਇੱਥੇ ਬੈਠਾ ਹੈ। ਆਪਸ ਵਿੱਚ ਸਲਾਹ ਕੀਤੀ ਕਿ ਜ਼ਰਾ ਰੌਲਾ ਪਿਆ ਤਾਂ ਹੋ ਸਕਦਾ ਹੈ ਕਿ ਖੂਹ ਵਿੱਚ ਡਿੱਗ ਪਵੇ। ਹੌਲੀ-ਹੌਲੀ ਜਾ ਕੇ ਉਸ ਬੱਚੇ ਨੂੰ ਗੋਦੀ ਚੁੱਕ ਲਿਆ। ਸਾਧ ਸੰਗਤ ਜੀ ਉਹ ਬੱਚਾ ਕੋਈ ਹੋਰ ਨਹੀਂ ਸੀ ਉਹ ਮੇਰੇ ਬਾਬਾ ਨੰਦ ਸਿੰਘ ਸਾਹਿਬ ਸਨ। ਬਾਬਾ ਨੰਦ ਸਿੰਘ ਸਾਹਿਬ ਨੂੰ ਗੋਦੀ ਚੁੱਕ ਲਿਆ। ਪੁੱਛਦੇ ਹਨ ਕਿ ਬੇਟੇ ਤੂੰ ਇਸ਼ਨਾਨ ਕਰਕੇ ਏਥੇ ਬੈਠਾ ਹੈ ਸਮਾਧੀ ਲਾਈ, (ਰੋਜ਼ ਆਉਂਦੇ ਸਨ ਰੋਜ਼ 12 ਵਜੇ ਰਾਤ ਨੂੰ ਆ ਕੇ ਇਸ਼ਨਾਨ ਕਰਕੇ ਖੂਹ ਦੀ ਮੰਡੇਰ ਤੇ ਸਵੇਰੇ ਚਾਰ ਵਜੇ ਤਕ ਬੈਠੇ ਰਹਿੰਦੇ ਸੀ ਸਮਾਧੀ ਲਾ ਕੇ ਅਤੇ ਰੋਸ਼ਨੀ ਹੋਣ ਤੋਂ ਪਹਿਲੋ ਹੀ ਵਾਪਸ ਚਲੇ ਜਾਂਦੇ ਸੀ)। ਪੁੱਛਿਆ ਕਿ ਖੂਹ ਦੀ ਤੰਗ ਅਤੇ ਉੱਚੀ ਲਟੈਨ ਦੇ ਉੱਤੇ ਬੈਠਾ ਹੈ, ਜ਼ਰਾ ਨੀਂਦ ਦਾ ਝੋਕਾ ਆ ਜਾਏ ਇੱਕ ਦਮ ਡੂੰਘੇ ਖੂਹ ਦੇ ਵਿੱਚ ਡਿੱਗ ਕੇ ਮਰਨ ਵਾਲੀ ਗੱਲ ਹੈ।

ਅੱਗੋ ਕੀ ਫੁਰਮਾਉਂਦੇ ਹਨ-

ਗੁਰੂ ਨਾਨਕ ਪਾਤਸ਼ਾਹ ਦੇ ਪ੍ਰੇਮ ਵਿੱਚ ਜੇ ਨੀਂਦ ਆ ਜਾਏ ਤਾਂ ਉਸ ਦੇ ਨਾਲੋਂ ਤਾਂ ਖੂਹ ਵਿੱਚ ਡਿੱਗ ਕੇ ਮਰ ਜਾਣਾ ਜਿਆਦਾ ਚੰਗਾ ਹੈ।

ਬਾਬਾ ਨੰਦ ਸਿੰਘ ਦੇ ਬਚਨ ਸੁਣ ਕੇ ਬੜੇ ਹੈਰਾਨ ਹੋਏ, ਅਸਚਰਜ ਹੋਏ। ਸਮਝਾ ਰਹੇ ਹਨ ਕਿ ਬੱਚਾ ਇਹ ਇਸ਼ਨਾਨ ਘਰ ਹੀ ਕਰ ਲਿਆ ਕਰ। ਤੂੰ ਮੰਜੇ ਤੇ ਬੈਠ ਕੇ ਜਿੰਨੀ ਮਰਜ਼ੀ ਬੰਦਗੀ ਕਰ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਗੁਰੂ ਨਾਨਕ ਦਾ ਆਸ਼ਿਕ ਹੈ। ਦੁਨੀਆਂ ਵਿੱਚ ਇਸ ਤਰ੍ਹਾਂ ਦੀ ਹਸਤੀ ਨਾ ਕਦੀ ਆਈ ਹੈ ਨਾ ਕਦੇ ਆਏਗੀ। ਇਸ ਤਰ੍ਹਾਂ ਦਾ ਪ੍ਰੇਮ ਕਰਨ ਵਾਲਾ ਬੱਚਾ ਪੰਜ ਸਾਲ ਦੀ ਆਯੂ ਵਿੱਚ ਪੂਰਨੇ ਪਾ ਰਿਹਾ ਹੈ। ਮੌਤ ਦੀ ਕੋਈ ਪਰਵਾਹ ਨਹੀਂ, ਥੱਪੜ ਮਾਰ ਰਿਹਾ ਹੈ ਮੌਤ ਨੂੰ। ਕਿਉਂਕਿ ਗੁਰੂ ਨਾਨਕ ਦੇ ਪਿਆਰ ਦੇ ਅੱਗੇ ਮੌਤ ਨੂੰ ਸਮਝਦਾ ਹੀ ਕੁੱਝ ਨਹੀਂ ਇਹ ਗੁਰੂ ਨਾਨਕ ਦਾ ਮਹਾਨ ਆਸ਼ਿਕ ਪੰਜ ਸਾਲ ਦੀ ਉਮਰ ਵਿੱਚ ਹੀ ਮੌਤ ਨੀਂਦ ਤੇ ਭੁੱਖ ਨੂੰ ਫਤਹਿ ਕਰੀ ਬੈਠਾ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।