ਬੈਂਡ ਨਾਲ ਸਲਾਮੀ

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ ਖੇਡ ਵਰਤਾ ਗਏ। ਉਸ ਦਿਨ ਤੋਂ ਜੋ ਪਿਤਾ ਜੀ ਦੀ ਉਸ ਬਿਰਹਾ ਵਿੱਚ ਤੜਪਦੇ ਹੋਏ ਹਾਲਤ ਦੇਖੀ ਹੈ। ਜਿੱਦਾਂ ਬਿਰਹਾ ਦੀ ਅੱਗ ਵਿੱਚ ਉਹ ਭਖੇ ਹਨ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਾਬਾ ਨੰਦ ਸਿੰਘ ਸਾਹਿਬ ਦੇ ਸਲਾਨਾ ਸਮਾਗਮਾਂ ਤੇ ਤੇਰਾਂ ਭਾਦਰੋਂ ਨੂੰ ਜਿਸ ਦਿਨ ਖੇਡ ਵਰਤਾ ਕੇ ਗਏ ਹਨ ਅਤੇ ਤੇਰਾਂ ਕੱਤਕ ਨੂੰ ਉਨ੍ਹਾਂ ਦਾ ਜਨਮ ਦਿਨ ਸੀ। ਦੋਨੋਂ ਵਕਤ ਪਿਤਾ ਜੀ ਦੇ ਨਾਲ ਜਾਣਾ। ਬੜੀ ਜਗ੍ਹਾ ਮਿਲਟਰੀ ਦੇ ਵਿੱਚ ਬਦਲੀ ਹੋਈ। ਪਰ ਪਤਾ ਨਹੀਂ ਹਰ ਵਾਰੀ ਦਾਸ ਨੇ ਛੁੱਟੀ ਲੈ ਕੇ ਪਹੁੰਚਨਾ ਜਦੋਂ ਪਿਤਾ ਜੀ ਬਾਬਾ ਨੰਦ ਸਿੰਘ ਸਾਹਿਬ ਨੂੰ ਸਲਾਨਾ ਸਮਾਗਮ ਤੇ ਸਲਾਮੀ ਦਿੰਦੇ ਸਨ।

ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ'ਚ ਬੈਠਿਆਂ, ਬਾਬਾ ਨੰਦ ਸਿੰਘ ਸਾਹਿਬ ਦੇ ਜੋ ਦਰਸ਼ਨ ਕੀਤੇ, ਉਨ੍ਹਾਂ ਦੀ ਕਈ ਵਾਰੀ ਅਰਦਾਸ ਸੁਨਣ ਦਾ ਮੌਕਾ ਮਿਲਿਆ ਅਤੇ ਜੋ ਉਸ ਵੇਲੇ ਉਹ ਬਖਸ਼ਿਸ਼ਾਂ ਮਾਣੀਆਂ ਉਹ ਇਕ ਇਕ ਚੀਜ਼ ਅੱਖਾਂ ਦੇ ਸਾਮ੍ਹਣੇ ਹੈ। ਪਰ ਉਸਦੇ ਬਾਅਦ ਉਹ ਜਿਹੜੀ ਚੀਜ਼ ਸੀ ਉਹ ਅਗਰ ਮਾਣੀ ਹੈ ਤਾਂ ਪਿਤਾ ਜੀ ਦੀ ਉਹ ਸਲਾਮੀ ਹਮੇਸ਼ਾ ਚਿੱਤ ਵਿੱਚ ਰਹਿੰਦੀ ਹੈ। ਕੋਈ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਮੈਂ ਉਸ ਸਲਾਮੀ ਨੂੰ ਮੱਥਾ ਨਾ ਟੇਕਾਂ। ਕੋਈ ਰਾਤ ਡੇਢ ਵਜੇ ਦੇ ਕਰੀਬ ਸਲਾਮੀ ਦੇਣ ਜਾਂਦੇ ਸੀ। ਬਾਅਦ ਵਿੱਚ ਦਾਸ ਵੀ ਮਿਲਟਰੀ ਬੈਂਡ ਲੈ ਕੇ ਜਾਂਦਾ ਸੀ। ਇਕ ਦਿਨ ਪਹਿਲੋਂ ਰੈਣ-ਸਬਾਈ ਕੀਰਤਨ ਹੁੰਦਾ ਸੀ। ਪਿਤਾ ਜੀ ਉਸ ਵੇਲੇ ਕਿਸ ਮਸਤੀ ਵਿੱਚ ਹੁੰਦੇ ਸੀ, ਮੇਰੀਆਂ ਦੋਵੇਂ ਭੈਣਾਂ ਵੀ ਨਾਲ ਹੁੰਦੀਆਂ ਸਨ। ਦਾਸ ਵੀ ਨਾਲ ਹੁੰਦਾ ਸੀ। ਹੋਰ ਪਰਿਵਾਰ ਦੇ ਕਈਜਣੇ ਨਾਲ ਹੁੰਦੇ ਸਨ। ਪਰ ਕੀ ਮਜਾਲ ਹੈ ਪਿਤਾ ਜੀ ਦਾ ਕਦੀ ਧਿਆਨ ਵੀ ਸਾਡੇ ਵੱਲ ਗਿਆ ਹੋਵੇ। ਰਾਤ ਡੇਢ ਵਜੇ ਪਿਤਾ ਜੀ ਕੇਸੀ ਇਸ਼ਨਾਨ ਕਰਕੇ ਇੱਕਲੇ ਨਿਕਲ ਜਾਂਦੇ ਸਨ ਅਤੇ ਜਦੋਂ ਬੈਂਡ ਨੇ ਉਨ੍ਹਾਂ ਨੂੰ ਦੇਖਨਾ ਤੇ ਉਸੇ ਵਕਤ ਉਨ੍ਹਾਂ ਦੇ ਪਿੱਛੇ ਲਗ ਜਾਣਾ ਅਤੇ ਵਜਾਂਦੇ ਹੋਏ ਜਾਣਾ। ਸਿੱਧੇ ਜਾ ਕੇ ਉਨ੍ਹਾਂ ਨੇ ਦੋ ਵਜੇ ਬਾਬਾ ਨੰਦ ਸਿੰਘ ਸਾਹਿਬ ਨੂੰ ਸਲਾਮੀ ਦੇਣੀ। ਸਲਾਮੀ ਦੇਂਦੇ ਹੋਏ ਪਿਤਾ ਜੀ ਨੇ ਕਹਿਣਾ-

ਹੇ ਮੇਰੇ ਸਾਹਿਬ! ਆਪਦੇ ਚਰਨਾਂ 'ਚ ਆਪਦਾ ਇਹ ਕੁੱਤਾ,
ਆਪਦੇ ਦਰ ਦਾ ਕੁੱਤਾ,

(ਜਿੰਨੀ ਸੰਗਤ ਉੱਥੇ ਹਾਜ਼ਰ ਹੁੰਦੀ ਸੀ ਸੱਭ ਨੇ ਸਲਾਮੀ ਤੇ ਪਹੁੰਚ ਜਾਣਾ ਤੇ ਕਹਿਣਾ ਇਹ ਰੁਵਾਉਣ ਵਾਲੇ ਬਾਬਾ ਜੀ ਆ ਗਏ ਹਨ ਤੇ ਇਨ੍ਹਾਂ ਨੇ ਸੱਭ ਨੂੰ ਰੁਵਾਉਣਾ ਹੈ) ਫਿਰ ਸਾਰਿਆਂ ਵੱਲ ਇਸ਼ਾਰਾ ਕਰਕੇ ਜਿਹੜੀ ਸੰਗਤ ਆਲੇ-ਦੁਆਲੇ ਖੜ੍ਹੀ ਹੁੰਦੀ ਸੀ ਕਹਿਣਾ ਕਿ-

ਆਪਦੀ ਸਾਧ ਸੰਗਤ ਦਾ ਕੁੱਤਾ,
ਆਪਦੇ ਕੁੱਤਿਆ ਦਾ ਵੀ ਕੁੱਤਾ,
ਆਪਦੇ ਕਾਲੂ ਕੁੱਤੇ ਦਾ ਵੀ ਕੁੱਤਾ।

ਜਦੋਂ ਪਿਤਾ ਜੀ ਨੇ ਰੋ ਕੇ ਇਸ ਤਰ੍ਹਾਂ ਦੇ ਬਚਨ ਕਰਨੇ ਕਿ-

ਸੱਚੇ ਪਾਤਸ਼ਾਹ! ਇਹ ਕੁੱਤਾ ਆਪਣੇ ਮਾਲਕ ਦੇ ਚਰਨਾਂ 'ਚ ਖੜ੍ਹਾ ਹੈ ਇਕ ਫਰਿਆਦ ਹੈ।
ਇਕ ਹੀ ਪੁਕਾਰ ਹੈ, ਇਕ ਹੀ ਦੁਹਾਈ ਹੈ ਗਰੀਬ ਨਿਵਾਜ਼ ! ਇਹ ਕੁੱਤਾ ਆਪਣੇ ਮਾਲਕ ਬਗੈਰ ਨਹੀਂ ਜੀਅ ਸਕਦਾ।
ਸੱਚੇ ਪਾਤਸ਼ਾਹ ਆਪਣੇ ਮਾਲਕ ਕੋਲੋਂ ਇਕ ਹੀ ਚੀਜ਼ ਮੰਗਦਾ ਹੈ, ਆਪਣੇ ਮਾਲਕ ਨੂੰ ਮੰਗਦਾ ਹੈ।
ਬਾਬਾ ਨੰਦ ਸਿੰਘ ਸਾਹਿਬ ਕੋਲੋਂ, ਬਾਬਾ ਨੰਦ ਸਿੰਘ ਸਾਹਿਬ ਦਾ ਕੁੱਤਾ, ਬਾਬਾ ਨੰਦ ਸਿੰਘ ਸਾਹਿਬ ਨੂੰ ਹੀ ਮੰਗਦਾ ਹੈ।
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ॥

ਜਦੋਂ ਇਹ ਕਹਿਣਾ ਸਾਧ ਸੰਗਤ ਜੀ ਆਪ ਤਾਂ ਉਹ ਇੰਨੇ ਵੈਰਾਗ ਵਿੱਚ ਹੁੰਦੇ ਸਨ ਪਰ ਉਨ੍ਹਾਂ ਦੇ ਰੋਣ ਨੂੰ ਦੇਖ ਕੇ ਦੂਜੇ ਭੁੱਬਾਂ ਮਾਰਕੇ ਰੋਣ ਲੱਗ ਪੈਂਦੇ ਸਨ। ਉਸ ਵਕਤ ਹਾਜ਼ਰੀ ਕਿਹਦੀ ਲਗਦੀ ਸੀ, ਜਿਸ ਨਿਮਰਤਾ-ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਤੇ ਉਸ ਵਕਤ ਬਾਬਾ ਨੰਦ ਸਿੰਘ ਸਾਹਿਬ ਤੁੱਠਦੇ ਸਨ ਇਹ ਤਾਂ ਸਿਰਫ਼ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਦੀ, ਬਾਬਾ ਨੰਦ ਸਿੰਘ ਸਾਹਿਬ ਦੀ ਨਿਮਰਤਾ ਨੂੰ ਸਮਝਣ ਵਾਲੇ ਹੀ ਜਾਣ ਸਕਦੇ ਸੀ।

ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥