ਮੁਕਤੀਆਂ ਤਾਂ ਬਾਬਾ ਨੰਦ ਸਿੰਘ ਸਾਹਿਬ ਦੇ ਕੁੱਤੇ ਵੀ ਬਖਸ਼ ਸਕਦੇ ਹਨ

Humbly request you to share with all you know on the planet!

ਇਕ ਵਾਰ ਦਾਸ ਪਿਤਾ ਜੀ ਦੇ ਨਾਲ ਤੁਰਿਆ ਜਾ ਰਿਹਾ ਸੀ। ਸਮਾਗਮ ਤੋਂ ਇਕ ਦਿਨ ਪਹਿਲੋਂ ਦੀ ਗੱਲ ਹੈ। ਜਿਸ ਵਕਤ ਬਾਬਿਆਂ ਦੀ ਕੁਟੀਆ ਦੇ ਠਾਠ ਤੇ ਪਹੁੰਚੇ ਤਾਂ ਅੱਗੇ ਬਾਬਾ ਨੰਦ ਸਿੰਘ ਸਾਹਿਬ ਦਾ ਕਾਲੂ ਕੁੱਤਾ ਬੈਠਾ ਸੀ। ਉਸ ਵਕਤ ਬਾਬਾ ਨੰਦ ਸਿੰਘ ਸਾਹਿਬ ਖੇਡ ਵਰਤਾ ਗਏ ਸਨ। ਪਿਤਾ ਜੀ ਇਕ ਦਮ ਖੜ੍ਹੇ ਹੋ ਗਏ। ਉਨ੍ਹਾਂ ਨੇ ਬੜੇ ਪਿਆਰ ਨਾਲ ਕਾਲੂ ਨੂੰ ਚੁੱਕਿਆ ਹੈ ਅਤੇ ਉਸਦੇ ਦੋਨੋਂ ਚਰਨ ਆਪਣੇ ਮਸਤਕ ਤੇ ਲਾਏ। ਸੰਤ ਸੁਜਾਨ ਸਿੰਘ ਜੀ ਵੀ ਨਾਲ ਜਾ ਰਹੇ ਸਨ। ਇਹ ਦੇਖ ਕੇ ਉਹ ਹੱਸ ਪਏ। ਉਨ੍ਹਾਂ ਕਿਹਾ ਕਪਤਾਨ ਸਾਹਿਬ ਇਹ ਕੀ ਕਰ ਰਹੇ ਹੋ?

ਪਿਤਾ ਕਹਿਣ ਲੱਗੇ-

ਇਹ ਬਾਬਾ ਨੰਦ ਸਿੰਘ ਸਾਹਿਬ ਦਾ ਕਾਲੂ ਕੁੱਤਾ ਹੈ ਜਿਹੜਾ ਹਰ ਵੇਲੇ ਉਨ੍ਹਾਂ ਦੇ ਦਰ ਨੂੰ ਛੱਡ ਕੇ ਕਦੀ ਨਹੀਂ ਗਿਆ। ਜਿਸ ਵਕਤ ਸਾਹਿਬ ਬਾਹਰ ਤਸ਼ਰੀਫ ਲਿਆਉਂਦੇ ਸੀ ਤਾਂ ਇਹ ਭੌਂਕਦਾ ਸੀ, ਦੁੰਮ ਹਲਾ ਕੇ ਉਨ੍ਹਾਂ ਦੇ ਚਰਨਾਂ ਤੇ ਡਿੱਗਦਾ ਸੀ ਅਤੇ ਉਹ ਆਪਣੀ ਸੋਟੀ ਲਾ ਕੇ ਇਹਨੂੰ ਪਿਆਰ ਕਰਦੇ ਸੀ, ਇਸ ਕਰਕੇ ਮੈਂ ਇਹਦੇ ਚਰਨਾਂ ਨੂੰ ਮਸਤਕ ਤੇ ਲਾ ਰਿਹਾ ਹਾਂ।

ਸੰਤ ਸੁਜਾਨ ਸਿੰਘ ਜੀ ਪਿਤਾ ਨਾਲ ਮਜਾਕ ਕਰ ਬੈਠੇ।
ਉਨ੍ਹਾਂ ਕਿਹਾ- ਕਪਤਾਨ ਸਾਹਿਬ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਆਪ ਹੀ ਬਣ ਕੇ ਬੈਠ ਜਾਓ।
ਫਿਰ ਪਿਤਾ ਜੀ ਨੇ ਅੱਗੋਂ ਜੋ ਜਵਾਬ ਦਿੱਤਾ ਹੈ, ਫੁਰਮਾਇਆ- ਦੇਖੋ! ਮੈਂ ਇਕ ਹੀ ਅਰਦਾਸ ਕਰਦਾ ਹਾਂ (ਉਨ੍ਹਾਂ ਦੇ ਸਾਮ੍ਹਣੇ ਕੀਤੀ ਵੀ ਹੈ) ਕਿ ਮੈਨੂੰ ਆਪਣਾ ਕੁੱਤਾ ਬਣਾ ਲਓ। ਫਿਰ ਕਾਲੂ ਕੁੱਤੇ ਦੇ ਚਰਨਾਂ ਨੂੰ ਮਸਤਕ ਤੇ ਲਾ ਕੇ ਕਹਿਣ ਲੱਗੇ ਕਿ ਇਹ ਕਿੱਡੇ ਭਾਗਾਂ ਵਾਲਾ ਹੈ ਕਿ ਇਹ ਬਣਿਆ ਬੈਠਾ ਹੈ।

ਅਗਲੇ ਦਿਨ ਸਵੇਰੇ ਹੀ ਸੰਤ ਸੁਜਾਨ ਸਿੰਘ ਜੀ ਜਿੱਥੇ ਅਸੀਂ ਠਹਿਰੇ ਹੋਏ ਸੀ ਉੱਥੇ ਪਹੁੰਚ ਗਏ। ਆ ਕੇ ਹੱਥ ਜੋੜ ਕੇ ਪਿਤਾ ਜੀ ਕੋਲੋਂ ਮਾਫ਼ੀਆਂ ਮੰਗਣ ਲੱਗੇ। ਪਿਤਾ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕਿਹਾ ਭਾਈ ਸਾਹਿਬ ਬੈਠੋ। ਪਿਤਾ ਜੀ ਕਹਿਣ ਲੱਗੇ ਕੀ ਹੋਇਆ? ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਹੋ? ਸੰਤ ਸੁਜਾਨ ਸਿੰਘ ਜੀ ਕਹਿਣ ਲੱਗੇ ਜੋ ਕਲ ਵਾਕਿਆ ਹੋਇਆ ਸੀ ਤੇ ਜੋ ਮੈਨੂੰ ਅਜ ਦਰਸ਼ਨ ਹੋਏ ਹਨ ਮੈਂ ਆਪਨੂੰ ਦਸਦਾ ਹਾਂ।

ਅੱਜ ਸਵੇਰੇ ਅੰਮ੍ਰਿਤ ਵੇਲੇ ਮੈਂ ਆਪਣਾ ਭਜਨ ਕਰ ਰਿਹਾ ਸੀ। ਉਸ ਵੇਲੇ ਭਜਨ ਕਰਦੇ ਹੋਏ ਮੈਂ ਕੀ ਦੇਖਿਆ ਕਿ ਇਕ ਮੁਰਦੇ ਨੂੰ ਜਮ ਨਰਕਾਂ ਵੱਲ ਲਜਾ ਰਹੇ ਹਨ। ਅਚਾਨਕ ਮੁਰਦੇ ਉਪਰ ਕੁੱਝ ਡਿੱਗਿਆ ਹੈ। ਮੈਂ ਸੋਚ ਰਿਹਾ ਹਾਂ ਕਿ ਇਹ ਮੈਂ ਦੇਖ ਕੀ ਰਿਹਾ ਹਾਂ? ਡਿਗਦੇ ਸਾਰ ਹੀ ਉਸ ਮੁਰਦੇ ਨੂੰ ਜਮ ਇਕ ਦਮ ਛੱਡ ਕੇ ਭੱਜ ਗਏ ਹਨ। ਫਿਰ ਇਕ ਦਮ ਉਸ ਮੁਰਦੇ ਨੂੰ ਲਿਜਾਨ ਵਾਸਤੇ ਦੇਵਤੇ ਬਬਾਨ (ਜਹਾਜ) ਲੈ ਕੇ ਆ ਗਏ। ਮੈਂ ਦੇਖੀ ਜਾ ਰਿਹਾ ਹਾਂ ਕਿ ਕਿੰਨੇ ਸਤਿਕਾਰ ਅਤੇ ਅਦਬ ਦੇ ਨਾਲ ਦੇਵਤੇ ਉਸਨੂੰ ਬੈਕੁੰਠ ਨੂੰ ਲੈ ਕੇ ਜਾ ਰਹੇ ਹਨ। ਫਿਰ ਅਕਾਸ਼ਬਾਣੀ ਹੁੰਦੀ ਹੈ ਅਤੇ ਮੈਨੂੰ ਮੁਖ਼ਾਤਬ ਕਰਕੇ ਕਹਿ ਰਹੇ ਹਨ ਕਿ ਇਹਦੇ ਉੱਤੇ ਜੋ ਕੁੱਝ ਡਿੱਗਿਆ ਹੈ ਤੈਨੂੰ ਪਤਾ ਹੈ ਕੀ ਡਿੱਗਿਆ ਹੈ? ਫੁਰਮਾਇਆ ਇਕ ਇੱਲ ਦੇ ਪੰਜਿਆਂ ਵਿੱਚ ਕੋਈ ਚੀਜ਼ ਸੀ ਤੇ ਉਹ ਉਪਰ ਉੱਡੀ ਜਾ ਰਹੀ ਸੀ। ਬਾਬਾ ਨੰਦ ਸਿੰਘ ਸਾਹਿਬ ਦੇ ਕਾਲੂ ਕੁੱਤੇ ਦੇ ਪੰਜਿਆਂ ਵਿੱਚੋਂ ਰੋਟੀ ਦਾ ਟੁੱਕੜਾ ਜਿਹੜਾ ਉਹ ਖਾ ਰਿਹਾ ਸੀ ਇਹ ਇੱਲ ਖੋਹ ਕੇ ਲੈ ਆਈ। ਉਸ ਮੁਰਦੇ ਦੇ ਉਪਰੋਂ ਉੱਡੀ ਜਾ ਰਹੀ ਹੈ ਤੇ ਜਿਸ ਵੇਲੇ ਉਸਦੇ ਮੂੰਹ ਵਿੱਚੋਂ ਇਹ ਰੋਟੀ ਦਾ ਟੁੱਕੜਾ ਡਿੱਗਿਆ ਹੈ ਤਾਂ ਉਸੇ ਵੇਲੇ ਜਿਹੜੀ ਕਾਲੂ ਕੁੱਤੇ ਦੇ ਚਰਨਾਂ ਦੀ ਧੂੜ ਇਸ ਰੋਟੀ ਦੇ ਟੁੱਕੜੇ ਨੂੰ ਲੱਗੀ ਹੋਈ ਸੀ ਉਸ ਚਰਨ ਧੂੜੀ ਦੇ ਨਾਲ ਉਸ ਮੁਰਦੇ ਦਾ ਨਿਸਤਾਰਾ ਹੋ ਗਿਆ। ਉਹ ਮੁਕਤ ਹੋ ਗਿਆ ਤੇ ਜਮ ਛੱਡ ਕੇ ਭੱਜ ਗਏ। ਮੈਂ ਸਵੇਰ ਦਾ ਕਾਲੂ ਨੂੰ ਲੱਭ ਰਿਹਾ ਹਾਂ ਪਰ ਉਹ ਨਹੀਂ ਲੱਭਾ।

ਸੰਤ ਸੁਜਾਨ ਸਿੰਘ ਜੀ ਹੱਥ ਜੋੜ ਕੇ ਮਾਫ਼ੀਆਂ ਮੰਗ ਰਹੇ ਹਨ ਕਿ ਮੇਰੇ ਕੋਲੋਂ ਬੜੀ ਬੇ-ਅਦਬੀ ਹੋ ਗਈ ਅਤੇਮੈਂ' ਕੀ ਕਰ ਬੈਠਾ ਹਾਂ। ਫਿਰ ਪਿਤਾ ਜੀ ਨੇ ਇਕ ਹੀ ਗੱਲ ਕਹੀ-

ਭਾਈ ਸਾਹਿਬ, ਭਾਈ ਸਾਹਿਬ ਇਹ ਮੁੱਕਤੀਆਂ ਤਾਂ ਬਾਬਾ ਨੰਦ ਸਿੰਘ ਸਾਹਿਬ ਦੇ ਕੁੱਤੇ ਵੀ ਬਖਸ਼ ਸਕਦੇ ਹਨ।

ਜਦੋਂ ਪਿਤਾ ਜੀ ਨੇ ਸਲਾਮੀ ਦੇਣੀ ਤੇ ਇਹ ਕਹਿਣਾ-

ਸੱਭ ਦਾ ਕੁੱਤਾ, ਤੇਰੇ ਕੁੱਤਿਆਂ ਦਾ ਵੀ ਕੁੱਤਾ, ਤੇਰੇ ਕਾਲੂ ਕੁੱਤੇ ਦਾ ਵੀ ਕੁੱਤਾ।

ਫਿਰ ਅੱਗੇ ਵੀ ਉਹ ਐਸੇ ਲਫ਼ਜ ਕਹਿੰਦੇ ਸੀ ਜਿਹੜੇ ਨੀਚਤਾ ਦੇ ਪ੍ਰਕਾਸ਼ 'ਚ ਹਮੇਸ਼ਾ ਹੀ ਸੁਨੈਹਰੀ ਲਫ਼ਜਾਂ ਵਿੱਚ ਦਰਗਾਹ 'ਚ ਲਿਖੇ ਰਹਿਣਗੇ।

ਪਿਤਾ ਜੀ ਨੇ ਜਿਹੜਾ ਇਹ ਕੁੱਤਾ ਮਾਰਗ ਅਪਨਾਇਆ ਹੈ ਫਿਰ ਇਹ ਕੁੱਤਾ ਹੀ ਉਨ੍ਹਾਂ ਦਾ ਪਰਿਚੈ ਹੈ। ਆਖ਼ਰੀ ਦਮ ਤਕ ਹਰ ਜਗ੍ਹਾ ਆਪਣੇ ਆਪਨੂੰ ਬਾਬਾ ਨੰਦ ਸਿੰਘ ਸਾਹਿਬ ਦਾ ਕੁੱਤਾ ਹੀ ਕਿਹਾ।

ਫਿਰ ਇਹ ਕੁੱਤਾ ਮਾਰਗ ਹੈ ਕੀ?

ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਵਿੱਚ ਫੁਰਮਾਉਣਾ ਕਿ-

ਗੁਰੂ ਨਾਨਕ ਦਾ ਪਟਾ ਆਪਣੇ ਗਲ ਵਿੱਚ ਪਾ ਲਓ।

ਉਸ ਵਕਤ ਕਿਸੇ ਨੂੰ ਕੀ ਸਮਝ ਸੀ ਕਿ ਇਸ ਦਾ ਕੀ ਮਤਲਬ ਹੈ।

ਜਦੋਂ ਖੂਨੀ ਨਾਲੇ ਵਿੱਚ ਇਕ ਦਫ਼ਾ ਸਾਹਿਬ ਗਏ ਹਨ, (ਬਾਬਾ ਨੰਦ ਸਿੰਘ ਸਾਹਿਬ ਖ਼ੂਨੀ ਨਾਲੇ 'ਚ ਜਾ ਕੇ ਕਯਾਮ ਕਰਦੇ ਸਨ) ਸਾਹਿਬ ਉੱਥੇ ਬੈਠੇ ਹਨ। ਦਿੱਲੀ ਦੀ ਸੰਗਤ ਉੱਥੇ ਹੁੰਮ-ਹੁੰਮਾ ਕੇ ਆਉਂਦੀ ਸੀ। ਪਰ ਉੱਥੇ ਪਹੁੰਚਣ ਦੇ ਸਾਧਨ ਇੱਕ-ਦੋ ਹੀ ਸਨ। ਜ਼ਿਆਦਾਤਰ ਸੰਗਤ ਤਾਂ ਪੈਦਲ ਆਉਂਦੀ ਸੀ। ਕੁੱਝ ਸਾਈਕਲਾਂ ਅਤੇ ਟਾਗਿਆਂ ਤੇ ਆਉਂਦੀ ਸੀ।

ਕੁੱਝ ਮੁੰਡੇ ਪੈਦਲ ਤੁਰੇ ਜਾ ਰਹੇ ਸਨ । ਇਕ ਮੁੰਡਾ ਦੂਜਿਆਂ ਨੂੰ ਆਖਦਾ ਹੈ ਯਾਰ ਇਹ ਸਾਧ ਕਾਹਦਾ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਵੜਦਾ ਹੀ ਨਹੀਂ, ਨਗਰਾਂ ਵਿੱਚ ਵੜਦਾ ਹੀ ਨਹੀ। ਜੰਗਲ ਵਿੱਚ ਠਹਰਿਆ ਹੋਇਆ ਹੈ। ਸਾਨੂੰ ਸ਼ਹਿਰੀਆਂ ਨੂੰ ਜਿਹੜੇ ਹਜ਼ਾਰਾਂ ਦੀ ਤਾਦਾਦ 'ਚ ਆਉਂਦੇ ਹਾਂ ਕਿੰਨੀ ਤਕਲੀਫ ਬੱਚ ਸਕਦੀ ਹੈ ਅਤੇ ਸਾਰੇ ਉੱਥੇ ਹੀ ਦਰਸ਼ਨ ਕਰ ਸਕਦੇ ਹਾਂ।

ਜਿਸ ਵਕਤ ਉਹ ਮੁੰਡੇ ਪਹੁੰਚੇ ਹਨ ਤਾਂ ਕੀਰਤਨ ਦਾ ਭੋਗ ਪੈ ਚੁੱਕਿਆ ਸੀ। ਬਾਬਾ ਜੀ ਦੇ ਪਾਵਨ ਬਚਨਾਂ ਦਾ ਵਕਤ ਆਇਆ। ਜਿਸ ਵਕਤ ਇਹ ਮੁੰਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਸਨ ਤਾਂ ਉਸ ਵਕਤ ਬਾਬਾ ਨੰਦ ਸਿੰਘ ਸਾਹਿਬ ਕੀ ਬਚਨ ਕਰ ਰਹੇ ਸਨ?

ਕਈ ਕਹਿੰਦੇ ਹਨ ਕਿ ਇਹ ਸਾਧ ਕਾਹਦਾ ਜਿਹੜਾ ਸ਼ਹਿਰ 'ਚ ਨਹੀਂ ਵੜਦਾ, ਨਗਰ 'ਚ ਨਹੀਂ ਵੜਦਾ। ਸਾਨੂੰ ਸਾਰਿਆਂ ਨੂੰ ਇਨ੍ਹਾਂ ਪਾਸ ਆਉਣ ਦੀ ਬਹੁਤ ਤਕਲੀਫ਼ ਹੁੰਦੀ ਹੈ। ਹੁਣ ਬਾਬਾ ਨੰਦ ਸਿੰਘ ਸਾਹਿਬ ਅੱਗੇ ਕੀ ਫੁਰਮਾ ਰਹੇ ਹਨ ਕਿ-

ਅਗਰ ਕਿਸੇ ਕੁੱਤੇ ਨੂੰ ਕੋੜ੍ਹ ਹੋ ਜਾਏ, ਮੂੰਹ ਦਾ ਕੋੜ੍ਹ ਹੋ ਜਾਏ ਤਾਂ ਉਹ ਨਗਰ ਵਿੱਚ ਵੜਦਾ ਹੀ ਨਹੀਂ, ਬਾਹਰ ਬੂਝਿਆਂ ਵਿੱਚ ਛਿੱਪਦਾ ਫਿਰਦਾ ਹੈ। ਆਪਣੇ ਵੱਲ ਉਂਗਲੀ ਲਗਾ ਕੇ ਫੁਰਮਾਉਂਣ ਲੱਗੇ ਕਿ ਸਾਡੀ ਹਾਲਤ ਉਸ ਕੁੱਤੇ ਵਰਗੀ ਹੈ, ਸਾਨੂੰ ਵਿਸ਼ੇ ਵਿਕਾਰਾਂ ਦਾ ਕੋੜ੍ਹ ਹੋਇਆ-ਹੋਇਆ ਹੈ, ਅਸੀਂ ਕੋੜ੍ਹੀ ਹਾਂ। ਅਸੀਂ ਤਾਂ ਇਹ ਨਗਰਾਂ ਤੋਂ ਸ਼ਹਿਰਾਂ ਤੋਂ ਬਾਹਰ ਆਪਣਾ ਮੁੱਖ ਲੁਕਾਂਦੇ ਫਿਰਦੇ ਹਾਂ, ਅਸੀਂ ਆਪਣੇ ਆਪ ਨੂੰ ਛਿਪਾਂਦੇ ਫਿਰਦੇ ਹਾਂ, ਅਸੀਂ ਕਿੱਥੇ ਨਗਰ, ਸ਼ਹਿਰ ਵਿੱਚ ਜਾ ਸਕਦੇ ਹਾਂ।

ਉਨ੍ਹਾਂ ਮੁੰਡਿਆਂ ਦੀਆਂ ਭੁੱਬਾਂ ਨਿਕਲ ਗਈਆਂ। ਬਾਬਾ ਨੰਦ ਸਿੰਘ ਸਾਹਿਬ ਦੇ ਤੇਰਾਂ (13) ਨੇਮਾਂ ਦਾ ਪ੍ਰਕਾਸ਼ ਉਸ ਇਕ ਹੀ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਉਸ ਵੇਲੇ ਪ੍ਰਗਟ ਹੋ ਰਿਹਾ ਹੈ ਕਿ ਬਾਬਾ ਨੰਦ ਸਿੰਘ ਸਾਹਿਬ ਕਿਸੇ ਨਗਰ 'ਚ, ਕਿਸੇ ਸ਼ਹਿਰ ਵਿੱਚ ਕਿਉਂ ਨਹੀਂ ਗਏ।

ਬਿਰਲੇ ਨੂੰ ਮੁਖ਼ਾਤਬ ਕਰਕੇ ਫੁਰਮਾਉਣ ਲੱਗੇ ਕਿ-

ਬਿਰਲਿਆ ਰਾਜੇ ਪਾਸ ਜਾਂਦਾ ਕੌਣ ਹੈ? ਫੁਰਮਾਇਆ ਜਿਹੜਾ ਤਮਈ ਹੁੰਦਾ ਹੈ, ਜਾਂ ਗੁਨਾਹਗਾਰ ਹੋਵੇ, ਜਿਸਨੂੰ ਆਪਣਾ ਕੋਈ ਲਾਲਚ ਹੈ, ਜਿਸਨੇ ਕੋਈ ਜੁਰਮ ਕੀਤਾ ਹੈ ਉਹਦੇ ਬਖਸ਼ਾਉਣ ਵਾਸਤੇ ਰਾਜੇ ਪਾਸ ਜਾਂਦਾ ਹੈ। ਫੁਰਮਾਇਆ ਗੁਰੂ ਨਾਨਕ ਦਾ ਸਿੱਖ ਹੋਵੇ ਤੇ ਕਿਸੇ ਪਾਸ ਚਲਾ ਜਾਵੇ?

ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥