ਗੁਰੂ ਨਾਨਕ ਦੇ ਦਰ ਤੇ ਮੁਰਦੇ ਪਰਵਾਣ ਹਨ।

Humbly request you to share with all you know on the planet!

ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਿਆ ਹੈ, ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਪੋਥੀ ਪਰਮੇਸਰ ਕਾ ਥਾਨੁ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1226

ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-

ਵਾਹੁ ਵਾਹੁ ਬਾਣੀ ਨਿਰੰਕਾਰ ਹੈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 515

ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

ਉਹ ਹੈ ਜੀਵਨ ਮੁਕਤ ਜਿਹੜਾ ਮਰ ਕੇ ਜੀਅ ਰਿਹਾ ਹੈ ਤੇ ਜੀਉਂਦਾ ਮਰਿਆ ਹੋਇਆ ਹੈ।

ਧੰਨ ਹਨ ਬਾਬਾ ਨੰਦ ਸਿੰਘ ਸਾਹਿਬ ਫੁਰਮਾ ਰਹੇ ਹਨ-

ਗੁਰੂ ਨਾਨਕ ਦੇ ਦਰ ਤੇ ਮੁਰਦੇ ਪਰਵਾਨ ਹਨ ਸਾਧ ਮੁਰਦਾ ਹੀ ਹੋਣਾ ਚਾਹੀਦਾ ਹੈ।
ਸਾਧ ਕੀ ਤੇ 'ਮਾਨ' ਕੀ, ਸਾਧ ਕੀ ਤੇ ਉਸਤੱਤ ਨਿੰਦਿਆ ਕੀ।

ਦਸਮੇਸ਼ ਪਿਤਾ ਜੀ ਫੁਰਮਾ ਰਹੇ ਹਨ-

ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਕਿਸ ਵੇਲੇ ਫੁਰਮਾਇਆ ਹੈ ਜਿਸ ਵੇਲੇ ਉਸ ਮਹਾਨ ਸਰਬੰਸਦਾਨੀ ਨੇ ਆਪਣਾ ਪੂਰੇ ਦਾ ਪੂਰਾ ਸਰਬੰਸ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕਰੁਬਾਨ ਕਰ ਦਿੱਤਾ ਸੀ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ। ਫਿਰ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਉਸ ਵੇਲੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਗੁਰੂ ਅਰਜਨ ਪਾਤਸ਼ਾਹ ਦੇ ਚਰਨ ਕਮਲਾਂ ਦੇ ਚਿਨ੍ਹਾਂ ਨੂੰ ਪ੍ਰਕਾਸ਼ਿਤ ਕੀਤਾ ਹੈ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੁੰਥ ਸਾਹਿਬ ਨੂੰ ਪਰਮੇਸ਼ਰ ਰੂਪ ਨੂੰ, ਉਸ ਨਿਰੰਕਾਰ ਦੀ ਜਾਗਦੀ ਜੋਤ ਨੂੰ ਪ੍ਰਤੱਖ ਕਰਕੇ ਸਾਹਮਣੇ ਬਿਠਾ ਲਿਆ ਹੈ, ਆਕਾਰ ਸਰੂਪ ਵਿੱਚ ਬਿਠਾ ਲਿਆ ਹੈ। ਜੇ ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਫੁਰਮਾ ਰਹੇ ਹਨ-

ਵਾਹੁ ਵਾਹੁ ਬਾਣੀ ਨਿਰੰਕਾਰ ਹੈ॥

ਤਾਂ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ, ਉਸੇ ਅੰਮ੍ਰਿਤ ਬਾਣੀ ਨੂੰ, ਉਸ ਨਿਰੰਕਾਰ ਸਰੂਪ ਨੂੰ ਸਾਹਮਣੇ ਪ੍ਰਤੱਖ ਕਰ ਲਿਆ ਹੈ, ਆਕਾਰ ਸਰੂਪ ਵਿੱਚ ਕੀਤਾ ਹੈ। ਜੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਹਨ ਪ੍ਰਗਟ ਗੁਰਾਂ ਕੀ ਦੇਹ ਤੇ ਉਸ ਦੇਹ ਦੇ ਵਿੱਚੋਂ ਪ੍ਰਗਟ ਕਿਹਨੇ ਕੀਤਾ ਹੈ? ਬਾਬਾ ਨੰਦ ਸਿੰਘ ਸਾਹਿਬ ਨੇ ਕੀਤਾ ਹੈ। ਬਾਬਾ ਨੰਦ ਸਿੰਘ ਸਾਹਿਬ ਗੁਰੂ ਸਾਹਿਬਾਨ ਦੇ ਮਹਾਨ ਬਚਨਾਂ ਉੱਤੇ ਫੁੱਲ ਚੜ੍ਹਾ ਗਏ ਹਨ ਬਾਬਾ ਨੰਦ ਸਿੰਘ ਸਾਹਿਬ ਹੀ ਗੁਰੂ ਨਾਨਕ ਦੀ ਨਿਮਰਤਾ ਤੇ ਗਰੀਬੀ ਵਿੱਚ ਦਸਾਂ ਪਾਤਸ਼ਾਹੀਆਂ ਨੂੰ ਪ੍ਰਤੱਖ ਕਰਦੇ ਹਨ ਉਹ ਕਮਾਲ ਹੀ ਕਮਾਲ ਹੈ, ਉਸ ਦੀ ਕੋਈ ਮਿਸਾਲ ਹੀ ਨਹੀਂ। ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਉਹ ਹਨ ਜਿਨ੍ਹਾਂ ਨੇ ਰਹਿੰਦੀ ਦੁਨੀਆਂ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰੂ ਨਾਨਕ ਪ੍ਰਤੀ, ਦਸੋਂ ਪਾਤਸ਼ਾਹੀਆਂ ਪ੍ਰਤੀ, ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਇਕ ਵੀ ਸੰਸਾ ਨਹੀਂ ਛੱਡਿਆ ਇਕ ਵੀ ਸ਼ੰਕਾ, ਅੰਦੇਸ਼ਾ ਨਹੀਂ ਛੱਡਿਆ, ਸਦਾ ਲਈ ਸਾਰੇ ਸੰਸੇ ਨਿਵਿਰਤ ਕਰ ਦਿੱਤੇ ਹਨ। ਧੰਨ ਹਨ ਬਾਬਾ ਨੰਦ ਸਿੰਘ ਸਾਹਿਬ, ਆਪ ਜੀ ਦੇ ਚਰਨ ਕਮਲਾਂ 'ਚ ਡੰਡੌਤ ਬੰਦਨਾ।

ਅਮਰ ਕਥਾ ਬਾਬੇ ਨੰਦ ਸਿੰਘ ਦੀ,
ਗੁਰੂ ਪਿਆਰਿਓ ਰਲ ਮਿਲ ਗਾ ਲਈਏ।
ਸਮਸਤ ਇਲਾਈ ਜੋਤ ਦੇ ਚਰਨਾਂ 'ਚ,
ਸਵਾਸਾਂ ਨੂੰ ਲੇਖੇ ਲਾ ਲਈਏ।

ਬਾਬਿਆਂ ਦੀ ਚਰਨ ਧੂੜੀ ਨੂੰ,
ਅਸੀਂ ਮਸਤਕ ਤੇ ਟਿਕਾ ਲਈਏ।
ਬਾਬਾ ਨੰਦ ਸਿੰਘ ਜੀ ਦੇ ਚਰਨਾਂ ਤੇ,
ਰੱਜ ਰੱਜ ਕੇ ਸੀਸ ਨਿਵਾ ਲਈਏ।

ਅਨੰਦ ਦੀ ਵਰਖਾ ਕਰਨ ਬਾਬੇ,
ਆਓ ਅੰਮ੍ਰਿਤ ਦੇ ਵਿੱਚ ਨਹਾ ਲਈਏ।
ਆਪਣਾ ਆਪ ਮਿਟਾ ਕੇ,
ਬਾਬਿਆਂ ਦੇ ਚਰਨਾਂ ਹੇਠ ਵਿਛਾ ਦਈਏ।

ਬਾਬਿਆਂ ਦੀ ਚਰਨ ਧੂੜੀ ਨੂੰ,
ਅਸੀਂ ਮਸਤਕ ਤੇ ਟਿਕਾ ਲਈਏ।
ਬਾਬਾ ਨੰਦ ਸਿੰਘ ਜੀ ਦੇ ਚਰਨਾਂ ਤੇ,
ਅੱਜ ਰੱਜ ਰੱਜ ਸੀਸ ਨਿਵਾ ਲਈਏ।

ਨਮਸਕਾਰ, ਨਮਸਕਾਰ, ਮੇਰੇ ਬਾਬਾ ਜੀ।
ਲੱਖ-ਲੱਖ ਵਾਰ, ਕੋਟਨਵਾਰ ਮੇਰੇ ਬਾਬਾ ਜੀ।

ਬਾਬਾ ਨੰਦ ਸਿੰਘ ਜੀ,
ਤੇਰੇ ਚਰਨਾਂ 'ਚ ਡੰਡੌਤ ਬੰਦਨਾ।
ਬਾਬਾ ਨੰਦ ਸਿੰਘ ਜੀ,
ਤੇਰੇ ਚਰਨਾਂ 'ਚ ਡੰਡੌਤ ਬੰਦਨਾ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥