ਸਿੱਖੀ ਰੱਸ

Humbly request you to share with all you know on the planet!

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ॥
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 650

ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ॥
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 726

ਇਹ ਪਾਵਨ ਸ਼ਬਦ ਮੇਰੇ ਸਾਹਿਬ, ਮੇਰੇ ਸਰਤਾਜ ਸ੍ਰੀ ਗੁਰੂ ਅਮਰਦਾਸ ਜੀ ਨੇ ਉਚਾਰਿਆ ਹੈ।

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ॥
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ॥

ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਅਤੇ ਉਨ੍ਹਾਂ ਦੀ ਸੰਗਤ ਦੀ ਸੇਵਾ ਕੀਤੀ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖੀ ਰਸ ਪੀਤਾ ਹੈ, ਸਾਧ ਸੰਗਤ ਜੀ ਇਸ ਅੰਮ੍ਰਿਤ ਬਾਣੀ ਵਿੱਚ ਉਹ ਉਸ ਅਵਸਥਾ ਨੂੰ ਬਿਆਨ ਕਰ ਰਹੇ ਹਨ। ਬਾਬਾ ਨੰਦ ਸਿੰਘ ਸਾਹਿਬ ਦੇ ਅੰਮ੍ਰਿਤ ਬਚਨ ਸੰੰਗਤ ਵਿੱਚ ਫੁਰਮਾਉਣਾ ਕਿ-

ਆਪਾਂ ਸਿੱਖੀ ਸੁਆਸਾਂ ਨਾਲ ਲਈ ਹੈ, ਅਰਦਾਸ ਵਿੱਚ ਕਹਿੰਦੇਂ ਹਾਂ ਕਿ ਸੱਚੇ ਪਾਤਸ਼ਾਹ ਕੇਸਾਂ ਸੁਆਸਾਂ ਨਾਲ ਸਿੱਖੀ ਬਖਸ਼ੋਂ। ਇਹ ਬਖਸ਼ਿਸ਼ ਸੁਆਸਾਂ ਨਾਲ ਲਈ ਹੈ ਅਤੇ ਆਖ਼ਰੀ ਸੁਆਸ ਤਕ ਨਿੱਭਨੀ ਚਾਹੀਦੀ ਹੈ।

ਫੁਰਮਾਇਆ- ਆਖ਼ਰੀ ਸੁਆਸ ਤਕ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ ਰਹੇ ਕਦੀ ਸਿੱਖੀ ਦਾ ਦਾਅਵਾ ਨਾ ਛੱਡੇ।

ਬਾਬਾ ਨੰਦ ਸਿੰਘ ਸਾਹਿਬ ਨੇ ਸਾਰੀ ਉਮਰ ਗੁਰੂ ਨਾਨਕ ਦੀ ਸੰਗਤ ਦੀ ਬਰਾਬਰੀ ਨਹੀਂ ਕੀਤੀ।

ਬਾਬਾ ਨੰਦ ਸਿੰਘ ਸਾਹਿਬ ਫਿਰ ਆਪਣੇ ਬਾਰੇ ਫੁਰਮਾਉਂਣ ਲੱਗੇ ਕਿ- ਬੜਾ ਜਤਨ ਕੀਤਾ ਹੈ ਸਿੱਖ ਬਨਣ ਦਾ ਪਰ ਉਹ ਵੀ ਹਾਲੇ ਤਕ ਪੂਰਾ ਨਹੀਂ ਬਣ ਸਕੇ।

ਸਾਧ ਸੰਗਤ ਜੀ ਜੋ ਗੁਰੂ ਨਾਨਕ ਦੀ ਸੰਗਤ ਦੀ, ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੀ, ਜੋ ਗੁਰਮੁਖਾਂ ਦੀ ਧੂੜ ਬਾਬਾ ਨੰਦ ਸਿੰਘ ਸਾਹਿਬ ਨੇ ਆਪਣੇ ਮਸਤਕ ਤੇ ਲਈ ਹੈ। ਸਾਰੀ ਉਮਰ, ਆਖ਼ਰੀ ਦਮ ਤਕ ਬਿਰਾਜਮਾਨ ਹੀ ਉੱਥੇ ਹੁੰਦੇ ਸਨ ਜਿੱਥੇ ਗੁਰਸਿੱਖਾਂ ਤੇ ਗੁਰਮੁਖ ਸਿੱਖਾਂ ਦੇ ਚਰਨਾਂ ਦੀ ਧੂੜ ਉੱਡ ਕੇ ਉਨ੍ਹਾਂ ਦੇ ਉੱਤੇ ਪੈਂਦੀ ਸੀ। ਸਾਧ ਸੰਗਤ ਜੀ ਨਿਮਰਤਾ ਅਤੇ ਗਰੀਬੀ ਵਿੱਚ ਬਾਬਾ ਨੰਦ ਸਿੰਘ ਸਾਹਿਬ ਉਹ ਸਿੱਖੀ ਰਸ ਪੀਂਦੇ ਰਹੇ ਹਨ, ਅੱਜ ਮੇਰੇ ਪੂਜਯ ਬਾਬਾ ਨੰਦ ਸਿੰਘ ਸਾਹਿਬ ਦਾ ਮੁਬਾਰਕ ਤੇ ਸ਼ੁਭ ਨੂਰ ਪੂਰਬ ਹੈ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ
ਬਾਬਾ ਨੰਦ ਸਿੰਘ ਜੀ,
ਜੀ ਆਇਆਂ ਨੂੰ,
ਜੀ ਆਇਆਂ ਨੂੰ।

ਨਮਸਕਾਰ, ਨਮਸਕਾਰ ਮੇਰੇ ਬਾਬਾ ਜੀ।
ਲੱਖ-ਲੱਖ ਵਾਰ, ਕੋਟਨ ਵਾਰ, ਮੇਰੇ ਬਾਬਾ ਜੀ।
ਬਾਬਾ ਨੰਦ ਸਿੰਘ ਜੀ ਆਪ ਜੀ ਦੇ
ਚਰਨ ਕਮਲਾਂ 'ਚ ਡੰਡੌਤ ਬੰਦਨਾ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥