ਨਾਨਕ ਲੀਨ ਭਇਓ ਗੋਬਿੰਦ ਸਿਉ
ਪਿਤਾ ਜੀ ਇਹ ਸਮਝਾ ਰਹੇ ਹਨ ਤੇ ਫਿਰ ਇਕ ਅਨਮੋਲ ਚੀਜ਼ ਹੋਰ ਕਹਿਣ ਲਗੇ-
ਜਿਸ ਵਕਤ ਵੀ ਉਹ ਆਪਣੇ ਜਨ ਨੂੰ ਭੇਜਦਾ ਹੈ...।
ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 749
ਬਾਬਾ ਨੰਦ ਸਿੰਘ ਸਾਹਿਬ ਤਾਂ ਪ੍ਰਕਾਸ਼ ਦੇ ਵਿੱਚ ਲਿਪਟੇ ਆਏ ਸੀ। ਸਾਹਿਬ ਨੇ ਆਪਣੇ ਹੀ ਚਰਨ ਕਮਲਾਂ ਦਾ ਪ੍ਰੇਮ ਪ੍ਰਕਾਸ਼ ਭੇਜਿਆ ਸੀ। ਪੰਜ ਸਾਲ ਦੀ ਆਯੂ ਦੇ ਵਿੱਚ ਹੀ ਉਸ ਅਖੰਡ ਪ੍ਰੇਮ ਲੀਨਤਾ ਤੇ ਨਾਮ ਲੀਨਤਾ ਦੇ ਵਿੱਚ ਸਮਾਧੀ ਲਾਈ ਬੈਠੇ ਸੀ।
ਜਿਹੜਾ ਉਸ ਦਾ ਜਨ ਹੈ ਉਹ ਜੰਮਣ-ਮਰਣ ਵਿੱਚ ਨਹੀਂ ਹੈ।
ਉਹ ਇਸ ਸੰਸਾਰ ਵਿੱਚ ਕੁੱਛ ਲੈਣ ਵਾਸਤੇ ਨਹੀਂ ਆਉਂਦਾ, ਕੁੱਛ ਲਿਜਾਉਣ ਵਾਸਤੇ ਨਹੀਂ ਆਉਂਦਾ। ਉਹ ਪ੍ਰੇਮ ਬੱਧਾ ਆਉਂਦਾ ਹੈ, ਅਸੀਂ ਸਾਰੇ ਕਰਮ ਬੱਧੇ ਆਉਂਦੇ ਹਾਂ ਅਤੇ ਆਪਣੇ ਪਾਪਾਂ ਦੇ ਵਿੱਚ ਕੈਦ ਹਾਂ। ਉਹ ਫਿਰ ਪ੍ਰੇਮ ਬੱਧਾ ਆ ਕੇ ਉਹ ਦਯਾ ਸਰੂਪ ਉਹ ਉਸ ਦਯਾ ਦੇ ਵਿੱਚ ਸਭ ਨੂੰ ਬਖਸ਼ੀ ਜਾਂਦਾ ਹੈ।
ਉਸ ਦਯਾ ਦੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਆਪਣੇ ਆਪ ਨੂੰ ਵੀ ਸਾਨੂੰ ਦੇ ਗਏ ਹਨ, ਇਹ ਸੰਸਾਰ ਨੂੰ ਦੇ ਗਏ ਹਨ, ਮੇਰੇ ਵਰਗੇ ਕੁੱਤਿਆਂ ਨੂੰ ਵੀ ਨਿਵਾਜ ਗਏ ਹਨ। ਫਿਰ ਪਿਤਾ ਜੀ ਉਹੀ ਦਰਗਾਹੀ ਗੁਣਾਂ ਦੇ ਬਾਰੇ ਗੱਲ ਕਰਦੇ ਹਨ ਕਿ ਮੇਰੇ ਸਾਹਿਬ ਤਾਂ ਹਰ ਵੇਲੇ ਬਚਪਨ ਤੋਂ ਲੈ ਕੇ ਆਖ਼ਰੀ ਦਿਨ ਤਕ ਤੱਪਸਿਆ ਦੀ ਮੁਦ੍ਰਾ ਵਿੱਚ ਸਨ। ਇਉਂ ਭਾਸਦਾ ਸੀ ਕਿ ਨਿਰੰਕਾਰ ਦੀ ਤੱਪਸਿਆ ਨੇ ਹੀ ਬਾਬਾ ਨੰਦ ਸਿੰਘ ਸਾਹਿਬ ਦਾ ਹੀ ਰੂਪ ਧਾਰਿਆ ਹੋਇਆ ਹੈ।
ਸਾਧ ਸੰਗਤ ਜੀ ਤੱਪਸਿਆ ਦਾ ਰਹਿਸ ਸਮਝਾਉਂਦੇ ਹੋਏ ਪਿਤਾ ਜੀ ਕਹਿਣ ਲਗੇ-
- ਅਜ ਤਕ ਕੋਈ ਨਾਨਕ ਤਪਾ ਦੀ ਤੱਪਸਿਆ ਦੇ ਰਹਿਸ ਨੂੰ ਸਮਝ ਸਕਿਆ ਹੈ?
- ਫਿਰ ਮੇਰੇ ਦਸਮੇਸ਼ ਪਿਤਾ ਨੇ ਜੋ ਅਧਿਕ ਤੱਪਸਿਆ ਕੀਤੀ ਹੈ ਹੇਮਕੂੰਟ ਸਾਹਿਬ, ਉਸ ਦੀ ਗੁਝੀ ਰਮਜ਼ ਨੂੰ ਕੋਈ ਸਮਝ ਸਕਿਆ ਹੈ?
- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ਼ 26 ਸਾਲ ਇਕ ਕੱਚੇ ਭੋਰੇ ਵਿੱਚ ਅਖੰਡ ਪ੍ਰੇਮ ਲੀਨਤਾ ਦੇ ਵਿੱਚ, ਅਖੰਡ ਨਾਮ ਰਸ ਦੀ ਸਮਾਧੀ ਵਿੱਚ ਬੈਠੇ ਰਹੇ ਹਨ, ਉਨ੍ਹਾਂ ਦੀ ਉਸ ਤੱਪਸਿਆ ਦੇ ਰਹਿਸ ਨੂੰ ਕੋਈ ਸਮਝ ਸਕਦਾ ਹੈ?
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਸ੍ਰੀ ਗੁਰੂ ਨਾਨਕ ਦੇਵ ਜੀ
ਬਾਬਾ ਨੰਦ ਸਿੰਘ ਸਾਹਿਬ ਜਿਡਾ ਵੱਡਾ ਕੋਈ ਹੋਵੇ ਤਾਂ ਉਨ੍ਹਾਂ ਦੀ ਤੱਪਸਿਆ ਦੇ ਰਹਿਸ ਨੂੰ ਸਮਝ ਸਕਦਾ ਹੈ।
ਉਸ ਨਿਰੰਕਾਰ ਦੇ ਗੁਣ ਬੇਅੰਤ ਹਨ।
ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਦੀ ਘੋਰ ਤੱਪਸਿਆ ਦੇ ਬਾਅਦ ਬਾਹਰ ਆਏ ਹਨ ਉਸ ਵੇਲੇ ਦੋ ਤਿੰਨ ਚੀਜ਼ਾਂ ਉਨ੍ਹਾਂ ਨੇ ਉਸੇ ਵੇਲੇ ਹੀ ਸਪਸ਼ਟ ਕਰ ਦਿੱਤੀਆਂ ਹਨ। ਪਹਿਲਾ ਜਿਸ ਲੀਨਤਾ ਵਿੱਚ ਉਹ ਬਾਹਰ ਤਸ਼ਰੀਫ਼ ਲਿਆਏ ਹਨ ਉਨ੍ਹਾਂ ਦੇ ਦਰਸ਼ਨਾਂ ਵਿੱਚ ਉਹ ਪ੍ਰਕਾਸ਼ ਸੰਗਤ ਨੂੰ ਬਖਸ਼ਿਆ ਹੈ ਕਿ ਰਹਿੰਦੀ ਦੁਨੀਆਂ ਤਕ ਆਪਣੇ ਅੰਮ੍ਰਿਤ ਸ਼ਬਦ ਜਿਹੜਾ ਪਹਿਲਾ ਉਨ੍ਹਾਂ ਨੇ ਸ਼ਬਦ ਉਚਾਰਿਆ ਹੈ, ਉਹਦੇ ਵਿੱਚ ਬਖਸ਼ਿਆ ਹੈ।
ਗੁਰ ਕਿਰਪਾ ਜਿਹ ਨਰ ਕਉ ਕੀਨੀ
ਤਿਹ ਇਹ ਜੁਗਤਿ ਪਛਾਨੀ॥
ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 633
ਜਦੋਂ ਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਦਯਾ ਕਰਦਾ ਹੈ ਉਸ ਵੇਲੇ ਇਹ ਲੀਨਤਾ, ਜਿਸ ਲੀਨਤਾ ਵਿੱਚੋਂ ਨਿਕਲ ਕੇ ਆਏ ਸੀ ਉਹ ਲੀਨਤਾ ਦੀ ਬਖਸ਼ਿਸ਼ ਕਰ ਦਿੰਦਾ ਹੈ ਆਪਣੇ ਨਰ ਦੇ ਉੱਤੇ, ਆਪਣੇ ਸਿੱਖ ਦੇ ਉੱਤੇ, ਗੁਰਮੁਖ ਦੇ ਉੱਤੇ, ਆਪਣੇ ਜਨ ਦੇ ਉੱਤੇ। ਫਿਰ ਇਸੇ ਸ਼ਬਦ ਦੇ ਵਿੱਚ ਉਸ ਸਿੱਖ ਦੀ, ਉਸ ਨਰ ਦੀ, ਉਸ ਗੁਰਮੁਖ ਦੀ ਪਛਾਣ ਦਸ ਦਿੱਤੀ ਹੈ, ਉਸ ਦੀ ਪਰਖ ਦਸ ਦਿੱਤੀ ਹੈ, ਉਸ ਦੇ ਗੁਣ ਦਸ ਦਿੱਤੇ ਹਨ ਉਹਦੇ ਕੀ ਲਕਸ਼ ਹੋਣਗੇ। ਜਿਹੜਾ ਦੂਜਾ ਸ਼ਬਦ ਉਚਾਰਿਆ ਹੈ-
ਮਾਈ ਮੈ ਧਨੁ ਪਾਇਓ ਹਰਿ ਨਾਮੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1186
ਜਿਸ ਨਾਮ ਦੀ ਲੀਨਤਾ ਵਿੱਚੋਂ ਸੱਚੇ ਪਾਤਸ਼ਾਹ 26 ਸਾਲ ਬਾਅਦ ਆਏ ਹਨ, ਉਸ ਵੇਲੇ ਫਿਰ ਨਾਮ ਦੀ ਸੰਪੱਤਿ ਤੇ ਪ੍ਰਕਾਸ਼ ਪਾਉਂਦੇ ਹਨ। ਸਾਧ ਸੰਗਤ ਜੀ ਉਸ ਵੇਲੇ ਕਮਾਲ ਕਰ ਦਿੱਤੀ ਹੈ, ਪਿਤਾ ਜੀ ਕਹਿਣ ਲਗੇ-
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ
ਸੋ ਗੋਬਿੰਦ ਗੁਨ ਗਾਵੈ॥
ਕਹੁ ਨਾਨਕ ਇਹ ਬਿਧਿ ਕੀ ਸੰਪੈ
ਕੋਊ ਗੁਰਮੁਖਿ ਪਾਵੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1186
ਇਹ ਕਿਹੜਾ ਧੰਨ ਹੈ, ਇਹ ਕਿਹੜੀ ਸੰਪੱਤਿ ਹੈ?
ਫਿਰ ਸਾਹਿਬ ਉਸ ਵੇਲੇ ਉਸ ਗੁਰਮੁਖ ਦੇ ਜਿਹੜਾ ਵਿਰਲਾ ਗੁਰਮੁਖ ਹੈ, ਕੋਈ ਵਿਰਲਾ ਗੁਰਮੁਖ ਇਸ ਨਾਮ ਦੇ ਧਨ ਨਾਲ ਨਿਵਾਜਿਆ ਜਾਂਦਾ ਹੈ, ਇਹ ਸੰਪੱਤਿ ਨਾਲ ਨਿਵਾਜਿਆ ਜਾਂਦਾ ਹੈ, ਉਸ ਵਿਰਲੇ ਗੁਰਮੁਖ ਦੇ ਲਕਸ਼ ਦਸਦੇ ਹਨ। ਇਸੇ ਸ਼ਬਦ ਦੇ ਵਿੱਚ ਉਸਦੀ ਪਛਾਣ ਦਸਦੇ ਹਨ, ਉਹਦੀ ਪਰਖ ਦਸਦੇ ਹਨ ਕਿ ਜਿਹਦੇ ਪਾਸ ਵੀ ਨਾਮ ਦੀ ਸੰਪੱਤਿ ਹੋਏਗੀ ਉਹਦੇ ਆਹ ਗੁਣ ਹੋਣਗੇ। ਸਾਧ ਸੰਗਤ ਜੀ, ਪਿਤਾ ਜੀ ਇਹ ਚੀਜ਼ਾਂ ਸਮਝਾਉਂਦੇ ਹੋਏ ਅੱਗੇ ਉਨ੍ਹਾਂ ਨੇ ਬਹੁਤ ਅਨਮੋਲ ਬਚਨ ਕੀਤੇ, ਉਹ ਆਪ ਦੇ ਨਾਲ ਜ਼ਰੂਰ ਸਾਂਝੇ ਕਰਾਂਗਾ।
ਜਿੰਦ ਵੀ ਵਾਰੀ ਸਭ ਕੁਝ ਵਾਰਿਆ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ,
ਆਪਣਾ ਜੀਵਨ ਸਾਰਾ।
ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਜੀ ਪਾ ਗਏ ਨੇ।
ਗੁਰੂ ਗ੍ਰੰਥ ਦੀ ਜੋਤ ਵਿੱਚੋਂ,
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਨੇ।
ਵਾਹ ਵਾਹ ਬਾਬਾ ਨੰਦ ਸਿੰਘ ਜੀ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ,
ਆਪਣਾ ਜੀਵਨ ਸਾਰਾ।
ਸੁਣੋ ਮੇਰੇ ਵੀਰ ਜੀਉ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥