ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ
ਪਿਤਾ ਜੀ ਇਹ ਦਸ ਰਹੇ ਹਨ। ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਆਪਣੇ ਇਸ ਕੁੱਤੇ ਦੇ ਉੱਤੇ ਇਹ ਕਿਰਪਾ ਕੀਤੀ, ਜਿਸ ਵਕਤ ਚਰਨ ਕਮਲ ਫੜ੍ਹੇ ਹੋਏ ਸਨ, ਜੋੜੇ ਪੁਆ ਰਿਹਾ ਹੈ, ਜਾਰੋਜਾਰ ਰੋ ਰਹੇ ਸਨ ਹੰਝੂ ਜੋੜਿਆਂ ਦੇ ਉੱਤੇ ਬਹਿ ਰਹੇ ਸਨ ਉਸ ਵਕਤ ਜਿਹੜੀ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ, ਜਿਸ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਿਆ ਹੈ ਫਿਰ ਪਿਤਾ ਜੀ ਕਹਿਣ ਲਗੇ ਅੰਮ੍ਰਿਤ ਕੀ ਹੈ?
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 352
ਅੰਮ੍ਰਿਤ ਦਾ ਰਸ ਕੀ ਹੈ ?
- ਸਤਿਗੁਰੂ ਅੰਮ੍ਰਿਤ ਦਾ ਸਾਗਰ ਹੈ।
- ਅੰਮ੍ਰਿਤ ਦਾ ਸਮੁੰਦਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦੇ ਸਮੁੰਦਰ ਹਨ।
- ਇਹ ਅੰਮ੍ਰਿਤ ਦਾ ਹੀ ਪ੍ਰਕਾਸ਼ ਹੈ, ਪ੍ਰਕਾਸ਼ ਦਾ ਰੂਪ ਹੀ ਅੰਮ੍ਰਿਤ ਹੈ ਅਤੇ ਅੰਮ੍ਰਿਤ ਦਾ ਰੂਪ ਪ੍ਰਕਾਸ਼ ਹੈ।
ਜਿਸ ਵਕਤ ਸਾਹਿਬ ਆਪਣੇ ਹੀ 'ਜਨ' ਨੂੰ ਭੇਜਦੇ ਹਨ, ਪ੍ਰਕਾਸ਼ ਨੂੰ ਭੇਜਦੇ ਹਨ ਤੇ ਆਪ ਹੀ ਉਸ ਦਾ ਇਕ ਦੂਜਾ ਵਿਸ਼ੇਸ਼ ਗੁਣ ਦਸਦੇ ਹਨ-
ਮਹਾ ਪੁਰਖਾ ਕਾ ਬੋਲਣਾ
ਹੋਵੈ ਕਿਤੈ ਪਰਥਾਇ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ
ਓਨਾ ਤਿਲੁ ਨ ਤਮਾਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 755
ਅੰਮ੍ਰਿਤ ਦੇ ਭਰੇ ਹੋਏ ਹਨ, ਅੰਮ੍ਰਿਤ ਹੀ ਅੰਮ੍ਰਿਤ ਸਨ ਮੇਰੇ ਬਾਬੇ। ਬਾਬਾ ਨੰਦ ਸਿੰਘ ਸਾਹਿਬ ਅੰਮ੍ਰਿਤ ਦੇ ਸਮੁੰਦਰ ਸਨ। ਅੰਮ੍ਰਿਤ ਉਨ੍ਹਾਂ ਦੇ ਰੋਮ-ਰੋਮ ਵਿੱਚੋਂ ਵਹਿ ਰਿਹਾ ਸੀ। ਅੰਮ੍ਰਿਤ ਹੀ ਅੰਮ੍ਰਿਤ ਵਹਿ ਰਿਹਾ ਸੀ। ਜਿਸ ਵਕਤ ਉਹ ਬਖਸ਼ਿਸ਼ ਕੀਤੀ ਹੈ ਉਸ ਵੇਲੇ ਕਹਿਣ ਲਗੇ- ਪਤਾ ਲਗਿਆ ਕਿ ਨਾਮ ਰਸ ਕੀ ਹੈ ? ਇਹ ਆਤਮ ਰਸ ਕੀ ਹੈ?
ਦਸਮੇਸ਼ ਪਿਤਾ ਫੁਰਮਾਉਂਦੇ ਹਨ-
ਆਤਮ ਰਸ ਜਿਹ ਜਾਨਹੀ
ਸੋ ਹੈ ਖ਼ਾਲਸ ਦੇਵ॥
ਪ੍ਰਭ ਮਹਿ ਮੋ ਮਹਿ ਤਾਸ ਮਹਿ
ਰੰਚਕ ਨਾਹਨ ਭੇਵ॥
"ਸੋ ਹੈ ਖ਼ਾਲਸ ਦੇਵ" ਖਾਲਸ ਦਾ ਮਤਲਬ ਹੈ ਸ਼ੁੱਧ, ਪਾਕ ਤੇ ਪਵਿੱਤਰ। ਖਾਲਸਾ ਇੰਨਾਂ ਸ਼ੁੱਧ, ਪਾਕ ਪਵਿੱਤਰ ਹੈ ਉਹ ਖਾਲਸਾ ਜਿਹੜਾ ਐਨੀ ਨਿਮਰਤਾ ਤੇ ਗਰੀਬੀ ਵਿੱਚ ਹੈ ਦਸ਼ਮੇਸ਼ ਪਿਤਾ ਆਪ ਹੀ ਉਸ ਖ਼ਾਲਸੇ ਤੇ, ਉਸ ਗੁਰਸਿੱਖ ਤੇ ਉਸ ਗੁਰਮੁਖ ਤੇ ਬਖਸ਼ਿਸ਼ ਕਰਕੇ ਫਿਰ ਆਤਮ ਰਸ ਦੀ ਬਖਸ਼ਿਸ਼ ਕਿੱਦਾਂ ਕਰਦੇ ਹਨ।
ਅੰਮ੍ਰਿਤੁ ਜਿਨੑਾ ਚਖਾਇਓਨੁ
ਰਸੁ ਆਇਆ ਸਹਜਿ ਸੁਭਾਇ॥
ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ॥
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ॥
ਸ੍ਰੀ ਗੁਰੂ ਅਮਰਦਾਸ ਜੀ
ਗੁਰੂ ਨਾਨਕ ਦਾਤਾ ਬਖ਼ਸ਼ ਲੈ।
ਬਾਬਾ ਨਾਨਕ ਬਖ਼ਸ਼ ਲੈ॥