ਸਤਿਗੁਰੂ ਦੀ ਪ੍ਰਾਪਤੀ

Humbly request you to share with all you know on the planet!

ਪਿਤਾ ਜੀ ਕਹਿਣ ਲੱਗੇ-

ਦੇਖੋ ਪੁੱਤ ! ਇਸ ਮਾਇਆ ਦੇ ਸੰਸਾਰ ਵਿੱਚ ਕਿਸੇ ਨੂੰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੱਡੇ ਤੋਂ ਵੱਡੇ ਭਗਤ ਨੂੰ ਪ੍ਰਾਪਤੀ ਵਾਸਤੇ ਇਸ ਮਾਇਆ ਦੇ ਸੰਸਾਰ ਤੋਂ ਬਾਹਰ ਆਉਣਾ ਪੈਂਦਾ ਹੈ , ਕਿਸੇ ਨੂੰ ਅੱਜ ਤਕ ਫੁੱਲਾਂ ਦੀ ਸੇਜ ਤੇ ਪ੍ਰਾਪਤੀ ਨਹੀਂ ਹੋਈ।

ਪਿਤਾ ਜੀ ਉਦਾਹਰਣ ਦਿੰਦੇ ਹੋਏ ਫੁਰਮਾ ਰਹੇ ਹਨ ਕਿ ਭਾਈ ਮਤੀਦਾਸ ਜੀ ਆਪਣੇ ਸਤਿਗੁਰੂ ਦੇ ਪ੍ਰੇਮ ਵਿੱਚ ਚਾਂਦਨੀ ਚੌਂਕ, ਦਿੱਲੀ ਵਿੱਚ ਭਰੀ ਖਲਕਤ ਦੇ ਸਾਹਮਣੇ ਸ਼ਹਾਦਤ ਦੇ ਰਹੇ ਹਨ ਉਥੇ ਉਨ੍ਹਾਂ ਦਾ ਪਰਿਵਾਰ ਵੀ ਖੜ੍ਹਾ ਹੈ। ਸਾਧ ਸੰਗਤ ਜੀ, ਉਸ ਪ੍ਰੇਮ ਦੇ ਵਿੱਚ ਉਨ੍ਹਾਂ ਦਾ ਧਿਆਨ ਆਪਣੇ ਪਰਿਵਾਰ ਵੱਲ, ਘਰ ਬਾਰ ਵੱਲ, ਇਸ ਪੂਰੇ ਮਾਇਆ ਦੇ ਸੰਸਾਰ ਵੱਲ ਕਿਤੇ ਵੀ ਉਨ੍ਹਾਂ ਦਾ ਧਿਆਨ ਗਿਆ ਹੈ? ਉਹ ਕਿਹੜਾ ਪ੍ਰੇਮ ਹੈ ਜਿਹੜਾ ਇਸ ਮਾਇਆ ਦੇ ਸੰਸਾਰ ਤੋਂ ਬਾਹਰ ਉਹ ਸਿਰਫ਼ ਸਤਿਗੁਰੂ ਨਾਲ ਕਰ ਰਹੇ ਹਨ ਅਤੇ ਜਿਹਦੇ ਵਿੱਚ ਮਾਇਆ ਦੇ ਸੰਸਾਰ ਵਿੱਚੋਂ ਪੂਰੇ ਬਾਹਰ ਖੜ੍ਹੇ ਹਨ। ਸਾਧ ਸੰਗਤ ਜੀ, ਉਹ ਪ੍ਰਾਪਤੀ ਕਿਹਦੀ ਹੋ ਰਹੀ ਹੈ?

ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ॥

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

ਭਾਈ ਮਤੀ ਦਾਸ ਜੀ ਸਤਿਗੁਰੂ ਦੀ ਪ੍ਰਾਪਤੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਪੂਰੇ ਲੀਨ ਹੋ ਕੇ ਉਨ੍ਹਾਂ ਦੇ ਚਰਨਾਂ ਵਿੱਚ ਸਮਾ ਚੁਕੇ ਹਨ।

ਦੂਜਾ ਉਦਾਹਰਣ ਦਿੰਦੇ ਹੋਏ ਪਿਤਾ ਜੀ ਕਹਿਣ ਲੱਗੇ- ਮੇਰੇ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਇਕ ਸੀਸ ਮੰਗਦੇ ਹਨ, 80 ਹਜ਼ਾਰ ਦੀ ਸੰਗਤ ਹੈ ਉੱਠਿਆ ਕੌਣ? ਇਕ ਗਰੀਬੜਾ ਜਿਹਾ ਸਿੱਖ ਹੈ ਉਹ ਪ੍ਰੇਮ ਕਿਸ ਤਰ੍ਹਾਂ ਦਾ ਕਰ ਰਿਹਾ ਹੈ, ਸਾਹਿਬ ਵੱਲ ਤੁਰਿਆ ਜਾ ਰਿਹਾ ਹੈ ਆਪਣੇ ਪਰਮ ਲਕਸ਼ ਵੱਲ, ਆਪਣਾ ਸੀਸ ਭੇਟ ਕਰਨ ਵਾਸਤੇ ਅਤੇ ਉਹ ਕਿਹੜੇ ਮਾਇਆ ਦੇ ਸੰਸਾਰ ਵਿੱਚੋਂ ਬਾਹਰ ਨਿਕਲ ਕੇ ਇਹ ਸਭ ਕੁਝ ਕਰ ਰਿਹਾ ਹੈ ਕਿਉਂਕਿ ਉਹ ਵੀ ਸਾਡੇ ਵਰਗਾ ਗ੍ਰਹਿਸਤੀ ਸੀ। ਕੋਈ ਆਪਣੇ ਗ੍ਰਹਿਸਤ ਵੱਲ, ਆਪਣੇ ਘਰ ਬਾਹਰ ਵੱਲ, ਇਸ ਮਾਇਆ ਦੇ ਸੰਸਾਰ ਵੱਲ, ਉਹ 80 ਹਜ਼ਾਰ ਜਿਹੜਾ ਉੱਥੇ ਬੈਠਾ ਸੀ ਉਨ੍ਹਾ ਵਿੱਚੋਂ ਕਿਸੇ ਵੱਲ ਵੀ ਕੋਈ ਧਿਆਨ ਗਿਆ ਹੋਵੇ। ਉਸ ਪਿਆਰ ਦੇ ਵਿੱਚ, ਉਹ ਪ੍ਰੇਮ ਜਿਹੜਾ ਸਤਿਗੁਰੂ ਨਾਲ ਕਰ ਰਿਹਾ ਹੈ ਉਹ ਮਾਇਆ ਦੇ ਸੰਸਾਰ ਤੋਂ ਪੂਰਨ ਤੌਰ ਤੇ ਨਿਕਲ ਕੇ ਹੀ ਉਹ ਸਤਿਗੁਰੂ ਦੀ ਪ੍ਰਾਪਤੀ ਕਰ ਰਿਹਾ ਹੈ।

ਫਿਰ ਪਿਤਾ ਜੀ ਕਹਿਣ ਕੀ ਲੱਗੇ ਕਿ- ਉਹ ਪਿਆਰ ਕੀ ਹੈ?

ਪਿਆਰ ਉਹ ਹੈ ਜਿਹੜਾ ਇਸ ਮਾਇਆ ਦੇ ਸੰਸਾਰ ਦਾ ਤਿਆਗ ਕਰਵਾ ਦੇਵੇ, ਜਿਹੜਾ ਇਨ੍ਹਾਂ ਸਾਰੀਆਂ ਮੰਗਾਂ ਦਾ ਖਾਤਮਾ ਕਰਾ ਦੇਵੇ।
"ਸਤਿਗੁਰੁ ਸੇਵੇ ਤਿਲੁ ਨ ਤਮਾਇ" ਇਕ ਤਿਲ ਦੀ ਤਮਾ ਸੰਸਾਰ ਦੀ ਨਾ ਹੋਵੇ, ਉਹ ਪਿਆਰ ਹੈ।
ਉਹ ਪਿਆਰ ਹੈ ਜਿਸ ਦੇ ਵਿੱਚ 'ਹਉਂਮੈ' ਪੂਰੀ ਦੀ ਪੂਰੀ ਰੁੜ੍ਹ ਜਾਏ, ਇਹ 'ਮੈਂ' ਰੁੜ੍ਹ ਜਾਏ।
ਜਿਸ ਦੇ ਵਿੱਚ ਸਤਿਗੁਰੂ ਦੇ ਸਿਵਾ ਆਪਣੇ ਵੱਲ, ਆਪਣੀ ਕਿਸੇ ਚੀਜ਼ ਵੱਲ 'ਮੈਂ-ਮੇਰੀ' ਵੱਲ ਧਿਆਨ ਵੀ ਨਾ ਜਾਵੇ, ਉਹ ਪਿਆਰ ਹੈ।

ਬਾਬਾ ਨਰਿੰਦਰ ਸਿੰਘ ਜੀ

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥